ਹਰਜੋਤ ਸਿੰਘ ਬੈਂਸ ਨੇ ਕੇਂਦਰੀ ਮੰਤਰੀ ਨੂੰ ਨਹਿਰਾਂ ਉੱਤੇ 5 ਨਵੇਂ ਪੁੱਲ ਬਣਾਉਣ ਲਈ ਲਿਖਿਆ ਪੱਤਰ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ 24 ਦਸੰਬਰ,2024
ਸ਼੍ਰੀ ਅਨੰਦਪੁਰ ਸਾਹਿਬ ਤੋਂ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਸ.ਹਰਜੋਤ ਸਿੰਘ ਬੈਂਸ ਵੱਲੋਂ ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਟੜ ਨੂੰ ਹਲਕੇ ਵਿੱਚ ਬੀ.ਬੀ.ਐਮ.ਬੀ ਨਾਲ ਸੰਬੰਧਿਤ ਨਹਿਰਾਂ ਤੇ 5 ਨਵੇਂ ਪੁੱਲ ਬਣਾਉਣ ਲਈ ਪੱਤਰ ਲਿਖਿਆ ਗਿਆ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਅਧੀਨ ਆਉਂਦੇ ਪਿੰਡ ਸਰਸਾ ਨੰਗਲ ਲਈ ਨਵੇਂ ਪੁੱਲ, 60 ਸਾਲ ਪੁਰਾਣੇ ਪਿੰਡ ਬ੍ਰਹਮਪੁਰ ਅਤੇ ਪਿੰਡ ਦੜੌਲੀ ਦੇ ਪੁੱਲ ਦੀ ਮੁੜ ਉਸਾਰੀ ਦਾ ਕੰਮ, ਪਿੰਡ ਅਟਾਰੀ ਅਤੇ ਨਾਲ ਲੱਗਦੇ ਦਰਜਨਾਂ ਪਿੰਡਾਂ ਦੇ ਲੋਕਾਂ ਦੀ ਸਹੂਲਤ ਲਈ ਨਵੇਂ ਪੁੱਲ ਅਤੇ ਪਿੰਡ ਭਾਓਵਾਲ ਵਿਖੇ ਨਵੇਂ ਪੁੱਲ ਬਣਾਉਣ ਲਈ ਉਨਾਂ ਵੱਲੋਂ ਕੇਂਦਰੀ ਬਿਜਲੀ ਮੰਤਰੀ ਨੂੰ ਪੱਤਰ ਲਿਖਿਆ ਗਿਆ ਹੈ। ਉਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਅਤੇ ਅਣਦੇਖੀ ਦੇ ਸ਼ਿਕਾਰ ਹੋਏ ਪੁੱਲਾਂ ਦੀ ਕਦੇ ਵੀ ਸਾਰ ਨਹੀਂ ਲਈ ਗਈ। ਉਨਾਂ ਕਿਹਾ ਕਿ ਦਰਿਆ ਅਤੇ ਨਹਿਰਾਂ ਕਿਨਾਰੇ ਵਸਦੇ ਸੈਂਕੜੇ ਲੋਕ ਰੋਜ਼ਾਨਾ ਮੁੱਖ ਮਾਰਗ ਤੱਕ ਆਉਣ ਲਈ ਪੁੱਲਾਂ ਦੀ ਵਰਤੋਂ ਕਰਦੇ ਹਨ, ਪ੍ਰੰਤੂ ਕਿਸੇ ਵੱਲੋਂ ਕਦੇ ਵੀ ਇਨਾਂ ਪੁੱਲਾਂ ਦੀ ਰੱਖ ਰਖਾਓ ਜਾਂ ਮੁਰੰਮਤ ਬਾਰੇ ਨਹੀਂ ਸੋਚਿਆ ਗਿਆ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਹੁਣ ਕਈ ਪੁੱਲਾਂ ਦੀ ਹਾਲਤ ਇਨੀਂ ਖਸਤਾ ਹੋ ਚੁੱਕੀ ਹੈ ਕਿ ਉਹ ਆਵਜਾਈ ਲਈ ਨਹੀਂ ਵਰਤੇ ਜਾ ਸਕਦੇ। ਉਨਾਂ ਕਿਹਾ ਕਿ ਇਨਾਂ 5 ਪੁੱਲਾਂ ਦੇ ਬਣਨ ਨਾਲ ਲੋਕਾਂ ਦੀ ਵੱਡੀ ਮੰਗ ਪੂਰੀ ਹੋਵੇਗੀ ਅਤੇ ਆਵਜਾਈ ਆਉਂਦੀ ਸਮੱਸਿਆ ਹੱਲ ਹੋਵੇਗੀ, ਉਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੋਰਾਨ ਨੰਗਲ ਦੇ ਫਲਾਈਓਵਰ ਦਾ ਕੰਮ ਤਾਂ ਸ਼ੁਰੂ ਕਰ ਦਿੱਤਾ ਗਿਆ ਪ੍ਰੰਤੂ ਗ਼ਲਤ ਨੀਤੀਆਂ ਕਾਰਨ ਉਸਦਾ ਕੰਮ ਵਿੱਚ ਹੀ ਲਟਕਾ ਦਿੱਤਾ ਗਿਆ ਜਿਸ ਦਾ ਖਮਿਆਜ਼ਾ ਨੰਗਲ ਅਤੇ ਆਸ ਪਾਸ ਦੇ ਵਸਨੀਕਾਂ ਨੂੰ ਭੁਗਤਣਾ ਪਿਆ। ਉਨਾਂ ਕਿਹਾ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਸਾਰ ਹੀ ਉਨਾਂ ਵੱਲੋਂ ਨੰਗਲ ਦੇ ਫਲਾਈਓਵਰ ਸਬੰਧੀ ਅਫਸਰਾਂ ਨਾਲ ਮੀਟਿੰਗਾਂ ਸ਼ੁਰੂ ਕੀਤੀਆਂ ਗਈਆਂ ਤੇ ਹਫਤਾਵਾਰੀ ਰੀਵਿਊ ਮੀਟਿੰਗ ਕਰਨੀ ਸ਼ੁਰੂ ਕੀਤੀ ਗਈ। ਜਿਸ ਤੋਂ ਬਾਅਦ ਦਿਨ ਰਾਤ ਇੱਕ ਕਰਕੇ ਉਕਤ ਫਲਾਈਓਵਰ ਨੂੰ ਤਿਆਰ ਕਰਵਾ ਕੇ ਲੋਕਾਂ ਲਈ ਖੋਲ ਦਿੱਤਾ ਗਿਆ।
ਸ.ਬੈਂਸ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੀਆਂ ਸਰਕਾਰਾਂ ਦੋਰਾਨ ਐਲਗਰਾਂ ਪੁੱਲ ਨਜਦੀਕ ਨਜ਼ਾਇਜ ਮਾਈਨਿੰਗ ਹੋਣ ਕਾਰਨ ਅੱਜ ਉਸ ਪੁੱਲ ਨੂੰ ਆਵਾਜਾਈ ਲਈ ਬੰਦ ਕਰਨਾ ਪਿਆ। ਉਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਗ਼ਲਤੀਆਂ ਦਾ ਨਤੀਜਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨਾਂ ਕਿਹਾ ਕਿ ਜਲਦ ਹੀ ਐਲਗਰਾਂ ਪੁੱਲ ਦੀ ਮੁਰੰਮਤ ਦਾ ਕੰਮ ਕਰੀਬ 17 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਨਾਲ ਮੁੜ ਇਸ ਪੁੱਲ ਰਾਹੀਂ ਸਿੱਧੀ ਆਵਜਾਈ ਸ਼ੁਰੂ ਹੋ ਜਾਵੇਗੀ। ਕੈਬਨਿਟ ਮੰਤਰੀ ਨੇ ਕਿਹਾ ਕਿ ਹਲਕੇ ਅਧੀਨ ਆਉਂਦੇ ਕਈ ਪੁੱਲਾਂ ਨੂੰ ਲੋਕ ਅਰਪਣ ਕਰ ਦਿੱਤਾ ਜਾ ਚੁੱਕਾ ਹੈ ਤੇ ਜਲਦ ਹੋਰ ਕਈ ਪੁੱਲਾਂ ਨੂੰ ਵੀ ਆਮ ਲੋਕਾਂ ਲਈ ਖੋਲ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਹਲਕੇ ਦੇ ਸਰਬਪੱਖੀ ਵਿਕਾਸ ਲਈ ਦਿਨ ਰਾਤ ਇੱਕ ਕਰਕੇ ਮਿਹਨਤ ਕਰ ਰਹੇ ਹਾਂ ਤੇ ਹਮੇਸ਼ਾ ਕਰਦੇ ਰਹਾਂਗੇ, ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਕਾਰਜਕਾਲ ਦੌਰਾਨ ਪਿੰਡ ਸਵਾਮੀਪੁਰ ਦੇ ਪੁੱਲ ਦਾ ਕੰਮ ਮੁਕੰਮਲ ਕਰਵਾਇਆ ਗਿਆ, ਉੱਥੇ ਹੀ ਪਿੰਡ ਜਾਂਦਲਾ ਦੇ ਪੁੱਲ ਦਾ ਕੰਮ ਵੀ ਪੂਰਾ ਕਰਵਾ ਕੇ ਲੋਕ ਅਰਪਣ ਕੀਤਾ ਗਿਆ। ਇਸ ਤੋਂ ਇਲਾਵਾ ਪਿੰਡ ਥਲੂਹ ਅਤੇ ਕੀਰਤਪੁਰ ਸਾਹਿਬ ਵਿਖੇ ਬਣ ਰਹੇ ਪੁੱਲਾਂ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ ਤੇ ਜਲਦ ਇਨਾਂ ਪੁੱਲਾਂ ਨੂੰ ਵੀ ਲੋਕ ਅਰਪਣ ਕਰ ਦਿੱਤਾ ਜਾਵੇਗਾ। ਉੱਥੇ ਹੀ ਪੰਜਾਬ ਵਿਧਾਨ ਸਭਾ ਵਿੱਚ ਪਹਿਲੀ ਵਾਰ ਬੇਲਿਆਂ ਦੇ ਪਿੰਡਾਂ ਦਾ ਨਾਮ ਗੂੰਜਿਆ ਅਤੇ ਇਨਾਂ ਪਿੰਡਾਂ ਦੇ ਲੋਕਾਂ ਲਈ ਸਿੱਧੀ ਆਵਜਾਈ ਸੰਪਰਕ ਲਈ ਸ਼ੁਰੂਆਤੀ ਤੌਰ ਤੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ 100 ਕਰੋੜ ਰੁਪਏ ਦੀ ਤਜ਼ਵੀਜ਼ ਰੱਖੀ ਗਈ ਹੈ, ਜਿਸ ਦੇ ਸਬੰਧ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦ ਇਨਾਂ ਪੁੱਲਾਂ ਦਾ ਕੰਮ ਸ਼ੁਰੂ ਹੋ ਜਾਵੇਗਾ। ਇਹ ਪੁੱਲ ਬੇਲਿਆਂ ਦੇ ਇਲਾਕੇ ਲਈ ਵਰਦਾਨ ਸਾਬਤ ਹੋਣਗੇ ਅਤੇ ਹੜ੍ਹਾਂ ਦੋਰਾਨ ਇਨਾਂ ਪਿੰਡਾਂ ਨੂੰ ਆਵਾਜਾਈ ਸਬੰਧੀ ਆਉਂਦੀਆਂ ਮੁਸ਼ਕਿਲਾਂ ਹੱਲ ਹੋਣਗੀਆਂ।