Babushahi Special: ਨਗਰ ਕੌਂਸਲ ਚੋਣਾਂ: ਸਿਆਸੀ ਸਫਾਈ ਕਰਨ ਤੋਂ ਖੁੰਝਿਆ ਝਾੜੂ
ਅਸ਼ੋਕ ਵਰਮਾ
ਬਠਿੰਡਾ, 26 ਦਸੰਬਰ 2024 : ਬਠਿੰਡਾ ਸੰਸਦੀ ਹਲਕੇ ’ਚ ਆਮ ਆਦਮੀ ਪਾਰਟੀ ਲੰਘੀਆਂ ਨਗਰ ਕੌਂਸਲ ਚੋਣਾਂ ਦੌਰਾਨ ਆਪਣਾ ਪੁਰਾਣਾ ਜਲਵਾ ਬਰਕਰਾਰ ਰੱਖਣ ’ਚ ਅਸਫਲ ਰਹੀ ਹੈ। ਚੋਣ ਨਤੀਜਿਆਂ ਦੀ ਪੁਣਛਾਣ ਕਰਨ ਤੋਂ ਇਹ ਸਾਹਮਣੇ ਆਇਆ ਹੈ ਕਿ ਸਾਲ 2022 ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਵੱਡੇ ਵੱਡੇ ਸਿਆਸੀ ਥੰਮ੍ਹ ਪੱਟਣ ਅਤੇ ਤੀਸਰੇ ਫਰੰਟ ਵਜੋਂ ਪੰਜਾਬ ਦੀ ਸੱਤਾ ਤੇ ਕਾਬਜ ਹੋਈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਲੋਕ ਅਧਾਰ ਇੱਕ ਤਰਾਂ ਨਾਲ ਰਸਾਤਲ ਵੱਲ ਜਾਂਦਾ ਨਜ਼ਰ ਆਉਂਦਾ ਹੈ। ਦਿਲਚਸਪੀ ਵਾਲੀ ਗੱਲ ਇਹ ਵੀ ਹੈ ਕਿ ਜੂਨ 2024 ’ਚ ਹੋਈਆਂ ਲੋਕ ਸਭਾ ਚੋਣਾਂ ਵਾਲਾ ਅੰਕੜਾ ਬਹਾਲ ਰੱਖਣ ’ਚ ਵੀ ਕਾਮਯਾਬ ਨਹੀਂ ਹੋਈ ਹੈ। ਕਈ ਇਲਾਕਿਆਂ ’ਚ ਤਾਂ ਆਮ ਆਦਮੀ ਪਾਰਟੀ ਨੂੰ ਵੋਟਾਂ ਪੈਣ ਦੀ ਦਰ ਬੁਰੀ ਤਰਾਂ ਪ੍ਰਭਾਵਿਤ ਹੋਈ ਹੈ ਜੋ ਮਿਸ਼ਨ 2027 ਲਈ ਖਤਰੇ ਦੀ ਘੰਟੀ ਹੈ।
ਆਮ ਆਦਮੀ ਪਾਰਟੀ ਦੀ ਸਭ ਤੋਂ ਜਿਆਦਾ ਕਿਰਕਿਰੀ ਰਾਮਪੁਰਾ ਫੂਲ ਨਗਰ ਕੌਂਸਲ ਚੋਣਾਂ ਦੌਰਾਨ ਹੋਈ ਹੈ ਜੋ ਵਿਧਾਇਕ ਬਲਕਾਰ ਸਿੱਧੂ ਦੇ ਹਲਕੇ ਵਿੱਚ ਹੈ। ਰਾਮਪੁਰਾ ਫੂਲ ਨਗਰ ਕੌਂਸਲ ਦੇ 21 ਵਾਰਡ ਹਨ ਜਿੰਨ੍ਹਾਂ ਚੋਂ 12 ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਇੱਕ ਉਮੀਦਵਾਰ ਦੀ ਤਾਂ ਜਮਾਨਤ ਹੀ ਜਬਤ ਹੋ ਗਈ ਹੈ। ਰਾਮਪੁਰਾ ਫੂਲ ’ਚ 11 ਅਜ਼ਾਦ ਉਮੀਦਵਾਰਾਂ ਨੇ ਬੰਪਰ ਜਿੱਤ ਪ੍ਰਾਪਤ ਕੀਤੀ ਹੈ ਜਦੋਂਕਿ 9 ਵਾਰਡਾਂ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤੇ ਹਨ ਅਤੇ ਇੱਕ ਵਾਰਡ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਜਿੱਤਿਆ ਹੈ। ਅਮ ਆਦਮੀ ਪਾਰਟੀ ਨੂੰ ਰਾਮਪੁਰਾ ਨਗਰ ਕੌਂਸਲ ’ਚ ਆਪਣਾ ਪ੍ਰਧਾਨ ਬਨਾਉਣ ਲਈ ਜੋੜ ਤੋੜ ਦਾ ਸਹਾਰਾ ਲੈਣਾ ਪਵੇਗਾ ਜਿਸ ਲਈ ਫਿਲਹਾਲ ਕਈ ਅਜਾਦ ਉਮੀਦਵਾਰ ਤਿਆਰ ਦਿਖਾਈ ਨਹੀਂ ਦਿੰਦੇ ਹਨ।
ਆਮ ਆਦਮੀ ਪਾਰਟੀ ਦਾ ਦੂਸਰਾ ਮੰਦਾ ਹਾਲ ਮਾਨਸਾ ਜਿਲ੍ਹੇ ਦੇ ਕਸਬਾ ਭੀਖੀ ਦੀ ਨਗਰ ਪੰਚਾਇਤ ਦੀ ਚੋਣ ਦੌਰਾਨ ਹੋਇਆ ਹੈ। ਭੀਖੀ ਆਮ ਆਦਮੀ ਪਾਰਟੀ ਦੇ ਵਿਧਾਇਕ ਵਿਜੇ ਸਿੰਗਲਾ ਦੇ ਹਲਕੇ ’ਚ ਪੈਂਦਾ ਹੈ ਜੋ ਸਿਹਤ ਮੰਤਰੀ ਹੁੰਦਿਆਂ ਹੋਇਆ ਸਭ ਤੋਂ ਪਹਿਲਾਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤੇ ਗਏ ਸਨ। ਭੀਖੀ ਨਗਰ ਪੰਚਾਇਤ ਦੇ 13 ਵਾਰਡ ਹਨ ਅਤੇ ਪ੍ਰਧਾਨ ਬਨਾਉਣ ਲਈ 7 ਕੌਂਸਲਰ ਚਾਹੀਦੇ ਹਨ ਜਦੋਂਕਿ ਇੱਥੇ ਆਮ ਆਦਮੀ ਪਾਰਟੀ 5 ਵਾਰਡਾਂ ’ਚ ਹੀ ਜਿੱਤ ਸਕੀ ਹੈ। ਇੱਕ ਵਾਰਡ ’ਚ ਭਾਜਪਾ ਦਾ ਉਮੀਦਵਾਰ ਚੋਣ ਜਿੱਤਿਆ ਹੈ। ਭੀਖੀ ਵਿੱਚ ਵੀ ਪ੍ਰਧਾਨ ਬਨਾਉਣ ਲਈ ਆਮ ਆਦਮੀ ਪਾਰਟੀ ਨੂੰ ਭੰਨ ਤੋੜ ਦਾ ਸਹਾਰਾ ਲੈਣਾ ਪੈ ਰਿਹਾ ਹੈ। ਨਗਰ ਪੰਚਾਇਤ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ 30.68 ਫੀਸਦੀ ਵੋਟਾਂ ਪਈਆਂ ਹਨ ਜਦੋਂਕਿ ਲੋਕ ਸਭਾ ਚੋਣਾਂ ਮੌਕੇ ਇਹ ਅੰਕੜਾ 32.47 ਪ੍ਰਤੀਸ਼ਤ ਰਿਹਾ ਸੀ।
ਵਿਧਾਇਕਾ ਬਲਜਿੰਦਰ ਕੌਰ ਤੇ ਹਲਕਾ ਤਲਵੰਡੀ ਸਾਬੋ ’ਚ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਕਿਸੇ ਹੱਦ ਤੱਕ ਸੰਤੋਸ਼ਜਨਕ ਮੰਨੀ ਜਾ ਸਕਦੀ ਹੈ। ਤਲਵੰਡੀ ਸਾਬੋ ’ਚ ਆਮ ਆਦਮੀ ਪਾਰਟੀ ਪੰਜ ਉਮੀਦਵਾਰ ਬਿਨਾਂ ਮੁਕਾਬਲਾ ਜਿਤਾਉਣ ’ਚ ਸਫਲ ਰਹੀ ਹੈ। ਇਹ ਵੱਖਰਾ ਹੈ ਕਿ ਇਸ ਜਿੱਤ ਨੂੰ ਲੈਕੇ ਕਈ ਤਰਾਂ ਦੀ ਚੁੰਝ ਚਰਚਾ ਚੱਲਦੀ ਆ ਰਹੀ ਹੈ। ਤਲਵੰਡੀ ਸਾਬੋ ਨਗਰ ਕੌਂਸਲ ਦਾ ਪ੍ਰਧਾਨ ਬਨਾਉਣ ਲਈ ਆਮ ਆਦਮੀ ਪਾਰਟੀ ਨੂੰ 8 ਕੌਂਸਲਰਾਂ ਦੀ ਜਰੂਰਤ ਹੈ ਜਦੋਂਕਿ ਉਸ ਕੋਲ ਬਿਨਾਂ ਮੁਕਾਬਲਿਆਂ ਤੋਂ ਜਿੱਤੇ 5 ਕੌਂਸਲਰਾਂ ਅਤੇ ਬਾਕੀ 10 ਵਾਰਡਾਂ ਚੋਂ ਜਿੱਤੇ 4 ਕੌਂਸਲਰਾਂ ਸਮੇਤ ਕੁੱਲ 9 ਕੌਂਸਲਰ ਹਨ। ਉਂਜ ਇੱਕ ਵੋਟ ਵਿਧਾਇਕ ਬਲਜਿੰਦਰ ਕੌਰ ਦੀ ਵੀ ਹੈ ਜੋ ਲੋੜ ਪੈਣ ਤੇ ਕੰਮ ਆ ਸਕਦੀ ਹੈ। ਤਲਵੰਡੀ ਸਾਬੋ ’ਚ ਤਿੰਨ ਅਜ਼ਾਦ , ਦੋ ਕਾਂਗਰਸੀ ਅਤੇ ਇੱਕ ਵਾਰਡ ’ਚ ਸ਼੍ਰੋਮਣੀ ਅਕਾਲੀ ਦਲ ਚੋਣ ਜਿੱਤਿਆ ਹੈ।
ਬਠਿੰਡਾ ਵੋਟਾਂ ਵਧੀਆਂ ਵਿਧਾਇਕ ਨਕਾਰਿਆ
ਨਗਰ ਨਿਗਮ ਬਠਿੰਡਾ ਦੇ ਵਾਰਡ ਨੰਬਰ 48 ਦੀ ਤਸਵੀਰ ਵੱਖਰੀ ਰਹੀ ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਮੁਕਾਬਲਾ ਉਸ ਅਜ਼ਾਦ ਉਮੀਦਵਾਰ ਨਾਲ ਸੀ ਜਿਸ ਦੀ ਹਮਾਇਤ ‘ਆਮ ਆਦਮੀ ਪਾਰਟੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ’ ਵੱਲੋਂ ਕੀਤੀ ਗਈ ਸੀ। ਆਮ ਆਦਮੀ ਪਾਰਟੀ ਦਾ ਉਮੀਦਵਾਰ ਪਦਮਜੀਤ ਮਹਿਤਾ ਇਸ ਵਾਰਡ ਤੋਂ 9 ਸੌ ਤੋਂ ਵੱਧ ਵੋਟਾਂ ਨਾਲ ਹਰਾਉਣ ’ਚ ਸਫਲ ਰਿਹਾ । ਸਾਲ 2021 ਦੀਆਂ ਨਗਰ ਨਿਗਮ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ ਸਿਰਫ 123 ਵੋਟਾਂ ਪਈਆਂ ਸਨ ਅਤੇ ਜਗਰੂਪ ਗਿੱਲ 1452 ਵੋਟਾਂ ਹਾਸਲ ਕਰਕੇ ਜੇਤੂ ਰਹੇ ਸਨ। ਵਾਰਡ ਨੰਬਰ 48 ’ਚ ਲੋਕ ਸਭਾ ਚੋੋਣਾਂ ਦੇ ਮੁਕਾਬਲੇ ਆਮ ਆਦਮੀ ਪਾਰਟੀ ਦੀਆਂ ਵੋਟਾਂ ਵਧੀਆਂ ਹਨ ਪਰ ਵਿਧਾਇਕ ਜਗਰੂਪ ਗਿੱਲ ਨੂੰ ਉਸਦੇ ਆਪਣੇ ਵਾਰਡ ਵਾਸੀਆਂ ਨੇ ਨਕਾਰ ਦਿੱਤਾ ਹੈ।
ਬਣਾਂਵਾਲੀ ਦਾ ਗੜ੍ਹ ਬਣਿਆ ਸਰਦੂਲਗੜ੍ਹ
ਨਗਰ ਪੰਚਾਇਤ ਦੀਆਂ ਚੋਣਾਂ ਦੌਰਾਨ ਸਰਦੂਲਗੜ੍ਹ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਦਾ ਗੜ੍ਹ ਬਣਦਾ ਦਿਖਾਈ ਦੇ ਰਿਹਾ ਹੈ ਜਿੱਥੇ ਲੋਕ ਸਭਾ ਚੋਣਾਂ ਦੇ ਮੁਕਾਬਲੇ ਆਮ ਆਦਮੀ ਪਾਰਟੀ ਦੀਆਂ 14 ਫੀਸਦੀ ਵੋਟਾਂ ਵਧੀਆਂ ਹਨ। ਸਰਦੂਲਗੜ੍ਹ ਦੇ 15 ਵਾਰਡਾਂ ਦੀ ਚੋਣ ਦੌਰਾਨ ਆਮ ਆਦਮੀ ਪਾਰਟੀ ਨੂੰ 42.97 ਪ੍ਰਤੀਸ਼ਤ ਵੋਟਾਂ ਪਈਆਂ ਹਨ ਜਦੋਂਕਿ ਲੋਕ ਸਭਾ ’ਚ ਇਹ ਅੰਕੜਾ 27.85 ਫੀਸਦੀ ਸੀ। ਸਰਦੂਲਗੜ੍ਹ ਦੇ 15 ਵਾਰਡਾਂ ਚੋਂ 10 ਵਿੱਚ ਆਮ ਆਦਮੀ ਪਾਰਟੀ ਆਪਣੇ ਕੌਂਸਲਰ ਜਿਤਾਉਣ ’ਚ ਸਫਲ ਰਹੀ ਹੈ। ਇੱਥੇ ਪ੍ਰਧਾਨ ਬਨਾਉਣ ਲਈ 8 ਕੌਂਸਲਰਾਂ ਦੀ ਜਰੂਰਤ ਸੀ ਪਰ ਜਿੱਤੇ 10 ਹਨ ਇਸ ਲਈ ਪ੍ਰਧਾਨਗੀ ਵਾਸਤੇ ਕੋਈ ਦਿੱਕਤ ਨਹੀਂ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਚੋਣ ਵਿਧਾਨ ਸਭਾ ਚੋਣਾਂ ਦਾ ਮੁਹਾਂਦਰਾ ਹੁੰਦੀ ਹੈ ਜਿਸ ਕਰਕੇ ਆਮ ਆਦਮੀ ਪਾਰਟੀ ਲਈ ਨਤੀਜੇ ਚੰਗਾ ਸੰਕੇਤ ਨਹੀਂ ਹਨ।