ADC ਵੱਲੋਂ ਪਿੰਡ ਮਾਨ ਚੋਪੜਾ ਵਿਖੇ ਪੁਰਾਣੀ ਡੰਪ ਸਾਈਟ ਦਾ ਨਿਰੀਖਣ
- ਨਗਰ ਕੌਂਸਲ ਗੁਰਦਾਸਪੁਰ ਦੇ ਅਧਿਕਾਰੀਆਂ ਨੂੰ ਮਾਨ ਚੋਪੜਾ ਵਿਖੇ ਕੂੜੇ ਦਾ ਢੇਰ ਖਤਮ ਕਰਨ ਦੀਆਂ ਹਦਾਇਤਾਂ ਦਿੱਤੀਆਂ
ਰੋਹਿਤ ਗੁਪਤਾ
ਗੁਰਦਾਸਪੁਰ, 06 ਫਰਵਰੀ 2025 - ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ ਹਰਜਿੰਦਰ ਸਿੰਘ ਬੇਦੀ ਵੱਲੋਂ ਅੱਜ ਪਿੰਡ ਮਾਨ ਚੋਪੜਾ ਵਿਖੇ ਨਗਰ ਕੌਂਸਲ ਗੁਰਦਾਸਪੁਰ ਦੀ ਪੁਰਾਣੀ ਡੰਪ ਸਾਈਟ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਨਗਰ ਕੌਂਸਲ ਗੁਰਦਾਸਪੁਰ ਦੇ ਐੱਸ.ਡੀ.ਓ. ਗੁਰਿੰਦਰ ਸਿੰਘ, ਜੇ.ਈ. ਰਾਜੇਸ਼ ਰੈਣੀ ਅਤੇ ਸੈਂਨਟਰੀ ਇੰਸਪੈਕਟਰ ਰਿੰਕੂ ਭੱਟੀ ਵੀ ਮੌਜੂਦ ਸਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਪਿੰਡ ਮਾਨ ਚੋਪੜਾ ਵਿਖੇ ਪੁਰਾਣੀ ਡੰਪ ਸਾਈਟ ਦਾ ਨਿਰੀਖਣ ਕਰਦਿਆਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਕੂੜੇ ਦੇ ਢੇਰ ਨੂੰ ਵਿਗਿਆਨਿਕ ਢੰਗ ਨਾਲ ਏਥੋਂ ਖਤਮ ਕੀਤਾ ਜਾਵੇ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਰਜਿੰਦਰ ਸਿੰਘ ਬੇਦੀ ਨੇ ਕਿਹਾ ਕਿ ਨਗਰ ਕੌਂਸਲ ਗੁਰਦਾਸਪੁਰ ਵੱਲੋਂ ਪਿੰਡ ਮਾਨ ਚੋਪੜਾ ਦੇ ਬਾਹਰਵਾਰ ਅਬਾਦੀ ਤੋਂ ਦੂਰ ਕੂੜਾ ਸੁੱਟਿਆ ਜਾਂਦਾ ਸੀ, ਜਿਸਦਾ ਪਿੰਡ ਦੇ ਲੋਕਾਂ ਨੇ ਇਤਰਾਜ਼ ਜਤਾਇਆ ਸੀ। ਉਨ੍ਹਾਂ ਕਿਹਾ ਕਿ ਲੋਕਾਂ ਦੇ ਇਤਰਾਜ਼ ਤੋਂ ਬਾਅਦ ਨਗਰ ਕੌਂਸਲ ਵੱਲੋਂ ਓਥੇ ਕੂੜਾ ਸੁੱਟਣਾ ਪੱਕੇ ਤੌਰ `ਤੇ ਬੰਦ ਕਰ ਦਿੱਤਾ ਸੀ। ਇਸਦੇ ਨਾਲ ਹੀ ਪਿੰਡ ਦੇ ਵਸਨੀਕਾਂ ਨੇ ਇਹ ਮੰਗ ਕੀਤੀ ਸੀ ਕਿ ਕੂੜੇ ਦੇ ਢੇਰ ਨੂੰ ਏਥੋਂ ਖਤਮ ਕੀਤਾ ਜਾਵੇ। ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਰਜਿੰਦਰ ਸਿੰਘ ਬੇਦੀ ਨੇ ਕਿਹਾ ਕਿ ਉਨ੍ਹਾਂ ਨੇ ਅੱਜ ਮੌਕਾ ਦੇਖਿਆ ਹੈ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਪਿੰਡ ਮਾਨ ਚੋਪੜਾ ਦੇ ਡੰਪ ਵਿਖੇ ਮਸ਼ੀਨਾਂ ਰਾਹੀਂ ਕੂੜੇ ਨੂੰ ਸੈਗਰੀਗੇਟ ਕੀਤਾ ਜਾਵੇ ਅਤੇ ਜੋ ਕੂੜੇ ਦੀ ਖਾਦ ਬਣੀ ਹੈ ਉਸ ਨੂੰ ਵੱਖ ਕੀਤਾ ਜਾਵੇ ਅਤੇ ਨਾਲ ਹੀ ਕੂੜੇ ਵਿਚੋਂ ਜੋ ਪਲਾਸਟਿਕ ਅਤੇ ਹੋਰ ਠੋਸ ਕੂੜਾ ਨਿਕਲਦਾ ਹੈ ਉਸਨੂੰ ਰੀ-ਸਾਈਕਲ ਕੀਤਾ ਜਾਵੇ।
ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਰਜਿੰਦਰ ਸਿੰਘ ਬੇਦੀ ਨੇ ਪਿੰਡ ਮਾਨ ਚੋਪੜਾ ਦੇ ਵਸਨੀਕਾਂ ਨੂੰ ਭਰੋਸਾ ਦਿੱਤਾ ਕਿ ਮਾਨ ਚੋਪੜਾ ਦੇ ਡੰਪ ਨੂੰ ਵਿਗਿਆਨਿਕ ਵਿਧੀ ਨਾਲ ਖਤਮ ਕਰ ਦਿੱਤਾ ਜਾਵੇਗਾ।