ਨਿਤ ਦਿਨ ਹੁਣ ਘਰਾਂ ਦੇ ਬਾਹਰੋਂ ਵੀ ਵਹੀਕਲ ਚੋਰੀ ਹੋਣ ਦਾ ਸਿਲਸਿਲਾ ਜਾਰੀ
ਦਿਨੇ ਦੁਪਹਿਰੇ ਘਰ ਦੇ ਬਾਹਰ ਖੜਾ ਸਪਲੈਂਡਰ ਮੋਟਰਸਾਈਕਲ ਹੋਇਆ ਚੋਰੀ
ਰੋਹਿਤ ਗੁਪਤਾ
ਗੁਰਦਾਸਪੁਰ, 24 ਜਨਵਰੀ 2025- ਗੁਰਦਾਸਪੁਰ ਸ਼ਹਿਰ ਵਿੱਚ ਨਿਤ ਦਿਨ ਮੋਟਰਸਾਈਕਲ ਚੋਰੀ ਹੋਣ ਦਾ ਸਿਲਸਿਲਾ ਜਾਰੀ ਹੈ ਹੁਣ ਤਾਂ ਨੌਬਤ ਇਹ ਆ ਗਈ ਹੈ ਕਿ ਲੋਕਾਂ ਦੇ ਘਰਾਂ ਦੇ ਬਾਹਰੋਂ ਹੀ ਮੋਟਰਸਾਈਕਲ ਚੋਰੀ ਹੋਣੇ ਸ਼ੁਰੂ ਹੋ ਗਏ ਹਨ। ਹੁਣ ਸ਼ਹਿਰ ਦੇ ਬਹਿਰਾਮਪੁਰ ਰੋਡ ਤੇ ਘੁਮਿਆਰਾ ਮੁਹਲਾ ਵਿੱਚ ਨੌਜਵਾਨ ਦੇ ਘਰ ਦੇ ਬਾਹਰੋਂ ਹੀ ਦਿਨ ਦਿਹਾੜੇ ਸਪਲੈਂਡਰ ਮੋਟਰਸਾਈਕਲ ਚੋਰੀ ਹੋ ਗਿਆ ਜਿੱਥੇ ਪੀੜਤ ਨੌਜਵਾਨ ਨੇ ਪੁਲਿਸ ਪ੍ਰਸ਼ਾਸਨ ਤੋਂ ਮੋਟਰਸਾਈਕਲ ਲੱਭਣ ਦੀ ਗੁਹਾਰ ਲਗਾਈ ਹੈ। ਪੀੜਤ ਨੌਜਵਾਨ ਰਕੇਸ਼ ਕੁਮਾਰ ਪੁੱਤਰ ਤਰਸੇਮ ਲਾਲ ਨਿਵਾਸੀ ਘੁਮਿਆਰਾ ਮੁਹਲਾ ਗੁਰਦਾਸਪੁਰ ਨੇ ਦੱਸਿਆ ਕਿ ਉਹ ਪ੍ਰਾਈਵੇਟ ਕੰਮ ਕਰਦਾ ਹੈ ਅਤੇ ਉਸ ਦੀ ਪਤਨੀ ਆਪਣਾ ਬੁਟੀਕ ਚਲਾਉਂਦੀ ਹੈ।
ਸਵੇਰੇ 10.30 ਵਜੇ ਸਪਲੈਂਡਰ ਮੋਟਰਸਾਈਕਲ ਲਾੱਕ ਕਰਕੇ ਘਰ ਦੇ ਗੇਟ ਦੇ ਬਾਹਰ ਖੜਾ ਕਰਕੇ ਦੂਸਰੇ ਕੰਮ ਤੇ ਚਲਾ ਗਿਆ ਕਿਉਂਕਿ ਉਸ ਦੀ ਪਤਨੀ ਘਰ ਨੂੰ ਤਾਲਾ ਲਗਾ ਕੇ ਆਪਣੇ ਬੁਟੀਕ ਤੇ ਚਲੀ ਗਈ ਸੀ ਜਿਸ ਕਾਰਨ ਕਰਕੇ ਉਹ ਮੋਟਰਸਾਈਕਲ ਅੰਦਰ ਨਹੀਂ ਲਾ ਸਕਿਆ ਅਤੇ ਗਲੀ ਵਿੱਚ ਹੀ ਖੜਾ ਕਰਕੇ ਚਲਾ ਗਿਆ ਸੀ ਪਰ ਜਦ ਆ ਕੇ ਦੇਖਿਆ ਤਾਂ ਮੋਟਰਸਾਈਕਲ ਉਥੇ ਨਹੀਂ ਸੀ। ਉਸਨੇ ਗਵਾਂਡੀਆਂ ਨੂੰ ਪੁੱਛਿਆ ਤੇ ਉਹਨਾਂ ਨੇ ਦੱਸਿਆ ਕਿ ਇਕ ਵਜੇ ਤੱਕ ਮੋਟਰਸਾਈਕਲ ਇਥੇ ਸੀ ਪਰ ਉਸ ਤੋਂ ਬਾਅਦ ਨਹੀਂ ਦਿਖਾਈ ਦਿੱਤਾ। ਜਿਸ ਤੋਂ ਬਾਅਦ ਕਾਫੀ ਭਾਲ ਕੀਤੀ ਅਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਕੰਪਲੇਂਟ ਕੀਤੀ ਪਰ ਅਜੇ ਤੱਕ ਮੇਰਾ ਮੋਟਰਸਾਈਕਲ ਨਹੀਂ ਮਿਲਿਆ ਹੈ। ਜਿਸ ਤੋਂ ਬਾਅਦ ਪੀੜਿਤ ਨੌਜਵਾਨ ਨੇ ਪੁਲਿਸ ਪ੍ਰਸ਼ਾਸਨ ਤੋਂ ਮੋਟਰਸਾਈਕਲ ਲੱਭਣ ਦੀ ਗੁਹਾਰ ਲਗਾਈ ਹੈ।