ਹਲਕੇ ਦੇ ਸਰਪੰਚ ਅਤੇ ਮੋਹਤਬਰ, ਨਸ਼ਿਆਂ ਨੂੰ ਖਤਮ ਕਰਨ ਲਈ ਅੱਗੇ ਹੋ ਕੇ ਕੰਮ ਕਰਨ : ਬਲਬੀਰ ਸਿੰਘ ਪਨੂੰ
ਬਲਬੀਰ ਸਿੰਘ ਪਨੂੰ ਵਲੋਂ ਹਲਕੇ ਦੇ ਸਰਪੰਚਾਂ ਅਤੇ ਮੋਹਤਬਰਾਂ ਨਾਲ ਮੀਟਿੰਗ
ਰੋਹਿਤ ਗੁਪਤਾ
ਫ਼ਤਹਿਗੜ੍ਹ ਚੂੜੀਆਂ, 5 ਅਗਸਤ 2025 : ਹਲਕਾ ਇੰਚਾਰਜ ਬਲਬੀਰ ਸਿੰਘ ਪਨੂੰ ਵਲੋਂ ਬੀ.ਡੀ.ਪੀ.ਓ ਦਫ਼ਤਰ ਫ਼ਤਹਿਗੜ੍ਹ ਚੂੜੀਆਂ ਵਿਖੇ ਹਲਕੇ ਦੇ ਸਰਪੰਚਾਂ ਅਤੇ ਮੋਹਤਬਰਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਹਲਕੇ ਨਾਲ ਸਬੰਧਤ ਮੁਸ਼ਕਿਲਾਂ ਸੁਣੀਆਂ ਗਈਆਂ ਤੇ ਸਬੰਧਤ ਅਧਿਕਾਰੀਆਂ ਨੂੰ ਹੱਲ ਕਰਨ ਲਈ ਕਿਹਾ। ਇਸ ਮੌਕੇ ਨਸ਼ਿਆਂ ਦੇ ਖਿਲਾਫ ਪੰਜਾਬ ਸਰਕਾਰ ਵਲੋਂ ਵਿੱਢੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਸਬੰਧੀ ਮੋਹਤਬਰਾਂ ਨੂੰ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਨਸ਼ਿਆਂ ਨੂੰ ਖਤਮ ਕਰਨ ਲਈ ਅੱਗੇ ਆਉਣ। ਇਸ ਮੌਕੇ ਡੀ.ਐਸ.ਪੀ ਵਿਪਨ ਕੁਮਾਰ ਅਤੇ ਐਸ.ਐੱਚ.ਓ ਪ੍ਰਭਜੋਤ ਸਿੰਘ ਵੀ ਹਾਜਰ ਸਨ।
ਮੀਟਿੰਗ ਦੌਰਾਨ ਉਨਾਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਪਿੰਡਾਂ ਦੇ ਵਿਕਾਸ ਲਈ ਕਰਵਾਏ ਜਾ ਰਹੇ ਕੰਮਾਂ, ਲਿੰਕ ਸੜਕਾਂ ਦਾ ਨਿਰਮਾਣ ਤੇ ਮੁਰੰਮਤ, ਸੈਨੀਟੇਸ਼ਨ ਤੇ ਜਲ ਸਪਲਾਈ ਵਿਭਾਗ ਦੀਆਂ ਸਕੀਮਾਂ ਅਤੇ ਮਗਨਰੇਗਾ ਆਦਿ ਅਧੀਨ ਕਰਵਾਏ ਜਾ ਰਹੇ ਕਾਰਜਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਲਈ। ਉਨਾਂ ਨੇ ਸਬੰਧਿਤ ਵਿਭਾਗਾਂ ਨੂੰ ਕਿਹਾ ਕਿ ਵਿਕਾਸ ਕੰਮ ਗੁਣਵੱਤਾ ਭਰਪੂਰ ਕਰਨ ਨੂੰ ਯਕੀਨੀ ਬਣਾਇਆ ਜਾਵੇ।
ਇਸ ਮੌਕੇ ਉਨਾਂ ਹਲਕੇ ਦੇ ਸਰਪੰਚ ਅਤੇ ਮੋਹਤਬਰ ਨਾਲ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਸ਼ਿਆਂ ਨੂੰ ਖਤਮ ਕਰਨ ਦਾ ਤਹੱਈਆ ਕੀਤਾ ਗਿਆ ਹੈ ਅਤੇ ਇਸ ਲਈ ਸਰਪੰਚ , ਮੋਹਤਬਾਰ ਵਿਅਕਤੀ ਅਤੇ ਲੋਕਾਂ ਦਾ ਸਹਿਯੋਗ ਬਹੁਤ ਜਰੂਰੀ ਹੈ। ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਪਿੰਡਾਂ ਜਾਂ ਆਲੇ-ਦੁਆਲੇ ਨਸ਼ੇ ਵੇਚਣ ਵਾਲਿਆਂ ਦੀ ਇਤਲਾਹ ਪੁਲਿਸ ਨੂੰ ਜਾਂ ਵਟਸਐਪ ਨੰਬਰ 97791-00200 ਉੱਪਰ ਦੇਣ। ਜਾਣਕਾਰੀ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ।
ਇਸ ਮੌਕੇ ਬਲਾਕ ਪ੍ਰਧਾਨ ਸ਼ਮਸ਼ੇਰ ਸਿੰਘ, ਬਲਾਕ ਪ੍ਰਧਾਨ ਮਲਜਿੰਦਰ ਸਿੰਘ, ਬਲਾਕ ਪ੍ਰਧਾਨ ਹਰਦੀਪ ਸਿੰਘ, ਬਲਾਕ ਪ੍ਰਧਾਨ ਜਗਜੀਤ ਸਿੰਘ, ਸਰਪੰਚ ਹਰਦੀਪ ਸਿੰਘ, ਸਰਪੰਚ ਕਰਮਜੀਤ ਸਿੰਘ, ਗਗਨਦੀਪ ਸਿੰਘ ਕੋਟਲਾ ਬਾਮਾ, ਰਘਬੀਰ ਸਿੰਘ ਅਠਵਾਲ, ਸਰਪੰਚ ਗੁਰਬਿੰਦਰ ਸਿੰਘ ਕਾਦੀਆਂ ਸਰਪੰਚ ਕਰਨ ਬਾਠ ਅਤੇ ਵਾਈਸ ਕੁਆਰਡੀਨੇਟਰ ਗੁਰਪ੍ਰਤਾਪ ਸਿੰਘ ਆਦਿ ਹਾਜ਼ਰ ਸਨ।