ਸੇਵਾ ਕੇਂਦਰਾਂ ਵਿੱਚ ਤਿੰਨ ਨਵੀਆਂ ਸੇਵਾਵਾਂ ਸ਼ੁਰੂ: ਡਿਪਟੀ ਕਮਿਸ਼ਨਰ ਮੋਹਾਲੀ
ਹਰਜਿੰਦਰ ਸਿੰਘ ਭੱਟੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 24 ਜਨਵਰੀ, 2025: ਪੰਜਾਬ ਸਰਕਾਰ ਦੇ ਪ੍ਰਸ਼ਾਸਕੀ ਸੁਧਾਰ ਵਿਭਾਗ ਵੱਲੋਂ ਸੇਵਾ ਕੇਂਦਰਾਂ ਵਿੱਚ ਤਿੰਨ ਨਵੀਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਸ ਦਾ ਫਾਇਦਾ ਸਿੱਧਾ ਆਮ ਲੋਕਾਂ ਨੂੰ ਹੋਵੇਗਾ।
ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਨਵੀਂਆਂ ਸੇਵਾਵਾਂ ਵਿੱਚ ਸਟੈਂਪ ਵੈਂਡਰ ਦਾ ਕੰਮ ਸ਼ੁਰੂ ਕਰਨ ਲਈ ਲਾਇਸੈਂਸ ਅਪਲਾਈ ਕਰਨਾ, ਕਿਸੇ ਬਿਲਡਿੰਗ ਨੂੰ ਆਰਮਜ਼ ਫਰੀ ਜ਼ੋਨ ਘੋਸ਼ਿਤ ਕਰਨ ਲਈ ਸਰਟੀਫਿਕੇਟ ਲੈਣਾ ਅਤੇ ਈ- ਸ਼੍ਰਮ ਕਾਰਡ ਲੈਣ ਦੀਆਂ ਸੇਵਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਈ-ਗਵਰਨੈਂਸ ਖੇਤਰ ਵਿੱਚ ਤੇਜ਼ੀ ਨਾਲ ਕੰਮ ਕਰਦੇ ਹੋਏ ਸੇਵਾ ਕੇਂਦਰਾਂ ਦੀਆਂ ਸੇਵਾਵਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਈ- ਸ਼੍ਰਮ ਕਾਰਡ ਦੀ ਫੀਸ ਸਿਰਫ ਦਸ ਰੁਪਏ ਹੈ। ਸਟੈਂਪ ਵੈਂਡਰ ਦਾ ਕੰਮ ਸ਼ੁਰੂ ਕਰਨ ਲਈ 710 ਰੁਪਏ ਦੀ ਫੀਸ ਭਰ ਕੇ ਲਾਇਸੈਂਸ ਅਪਲਾਈ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਕਈ ਸਕੂਲ, ਕਾਲਜਾਂ, ਸਿਨੇਮਾ ਘਰਾਂ, ਸ਼ਾਪਿੰਗ ਮਾਲ, ਹਸਪਤਾਲਾਂ, ਮੈਰਿਜ ਪੈਲੇਸਾਂ, ਸਰਕਾਰੀ ਬਿਲਡਿਗਾਂ ਆਦਿ ਨੂੰ ਆਰਮ ਫਰੀ (ਹਥਿਆਰ ਮੁਕਤ ਖੇਤਰ) ਜ਼ੋਨ ਦੇ ਨਵੇਂ ਲਾਇਸੈਂਸ ਪ੍ਰਾਪਤ ਕਰਨ ਲਈ ਸੇਵਾ ਕੇਂਦਰਾਂ ਵਿੱਚ ਅਪਲਾਈ ਕੀਤਾ ਜਾ ਸਕਦਾ ਹੈ, ਜਿਸ ਦੀ ਫੀਸ 1700 ਰੁਪਏ ਹੈ ਜੋ ਕਿ ਪੰਜ ਸਾਲ ਲਈ ਬਣਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਸੇਵਾ ਕੇਂਦਰਾਂ ਵਿੱਚ 535 ਪ੍ਰਕਾਰ ਦੀਆਂ ਸੇਵਾਵਾਂ ਮਿਲਦੀਆਂ ਹਨ। ਇਸ ਤੋਂ ਇਲਾਵਾ ਡੋਰ ਸਟੈੱਪ ਦੀ ਸਰਵਿਸ ਅਧੀਨ ਵੀ 43 ਸੇਵਾਵਾਂ ਦਿੱਤੀਆਂ ਜਾ ਰਹੀਆਂ ਜਿਨ੍ਹਾਂ ਦਾ ਫਾਇਦਾ ਲੋਕ ਘਰ ਬੈਠੇ ਟੋਲ ਫ੍ਰੀ ਨੰਬਰ 1076 ਡਾਇਲ ਕਰਕੇ ਲੈ ਸਕਦੇ ਹਨ।
ਸੇਵਾ ਕੇਂਦਰ ਦੇ ਜ਼ਿਲ੍ਹਾ ਮੈਨੇਜਰ ਮਨੀਸ਼ ਵਲੋਂ ਦੱਸਿਆ ਗਿਆ ਕਿ ਲੋਕਾਂ ਨੂੰ ਬਿਹਤਰ ਸੇਵਾਵਾਂ ਦੇਣ ਲਈ ਲਗਾਤਾਰ ਯਤਨ ਕੀਤੇ ਜਾਂਦੇ ਹਨ।
ਇਸ ਤੋਂ ਇਲਾਵਾਂ ਆਧਾਰ ਕਾਰਡ ਦੀ ਸਰਵਿਸ ਵੀ ਸੇਵਾ ਕੇਂਦਰਾਂ ਵਿੱਚ ਦਿੱਤੀ ਜਾ ਰਹੀ ਹੈ ਅਤੇ ਜਿਨਾਂ 15 ਸਾਲ ਤੱਕ ਦੇ ਬੱਚਿਆਂ ਦੀ ਬਾਇਉਮੈਟ੍ਰਿਕ ਪੈਂਡਿੰਗ ਹੈ, ਉਹ ਆਪਣੇ ਨੇੜੇ ਦੇ ਸੇਵਾ ਕੇਂਦਰ ਵਿੱਚ ਜਾ ਕੇ ਅਪਡੇਟ ਕਰਵਾ ਸਕਦੇ ਹਨ, ਕਿਉਂਕਿ ਇਹ ਇੱਕ ਜ਼ਰੂਰੀ ਪਛਾਣ ਪੱਤਰ ਬਣ ਚੁੱਕਾ ਹੈ। ਐਸ ਏ ਐਸ ਨਗਰ ਜ਼ਿਲ੍ਹੇ ਵਿੱਚ ਕੁੱਲ 15 ਸੇਵਾ ਕੇਂਦਰ ਹਨ ਜਿਨ੍ਹਾਂ ਵਿੱਚ ਇੱਕ ਜ਼ਿਲ੍ਹਾ ਪੱਧਰ ਤੇ ਟਾਇਪ-1 ਕੈਟਾਗਿਰੀ ਦਾ, ਗਿਆਰਾ ਟਾਈਪ-2 ਕੈਟਾਗਿਰੀ ਦੇ ਅਤੇ ਤਿੰਨ ਟਾਈਪ-3 ਕੈਟਾਗਿਰੀ ਦੇ ਹਨ, ਜਿਨ੍ਹਾਂ ਵਿੱਚ ਆਮ ਲੋਕ ਜਾ ਕੇ ਸਰਕਾਰੀ ਸੇਵਾਵਾਂ ਲੈ ਸਕਦੇ ਹਨ।