ਰਾਏਕੋਟ : ਬਹੁਜਨ ਭੀਮ ਆਰਮੀ ਪੰਜਾਬ ਨੇ ਫੁੱਟਬਾਲ ਕਲੱਬ ਬੱਸੀਆਂ ਨੂੰ ਕੀਤਾ ਸਨਮਾਨਤ
ਖੇਡਾਂ ਸਾਨੂੰ ਨਿਰੋਗ ਰੱਖਦੀਆਂ ਨੇ/ਅਨੁਸ਼ਾਸਨ 'ਚ ਰਹਿਣਾ ਸਿਖਾਉਂਦੀਆਂ ਨੇ/ਨਸ਼ਿਆਂ ਤੋਂ ਬਚਾਉਂਦੀਆਂ ਨੇ- ਜਗਜੀਤ ਸਿੰਘ ਫੁੱਟਬਾਲ ਕੋਚ
ਨਿਰਮਲ ਦੋਸਤ
ਭਵਿੱਖ'ਚ ਵੀ ਸਨਮਾਨ ਸਮਾਰੋਹ ਕਰਨ ਦੀ ਕੋਸ਼ਿਸ਼ ਰਹੇਗੀ-ਸਤਪਾਲ ਬੱਸੀਆਂ/ਗੁਰਜੰਟ ਸਿੰਘ
ਰਾਏਕੋਟ/ਲੁਧਿਆਣਾ,5 ਫਰਵਰੀ 2025 : ਬਹੁਜਨ ਭੀਮ ਆਰਮੀ ਪੰਜਾਬ ਵੱਲੋਂ, ਪੰਜਾਬ ਦੇ ਵੱਖ-ਵੱਖ ਖੇਤਰਾਂ 'ਚ ਮੱਲਾਂ ਮਾਰਨ ਵਾਲੇ ਵਿਅਕਤੀਆਂ/ਸ਼ਖ਼ਸੀਅਤਾਂ/ਸੰਸਥਾਵਾਂ/ਕਲੱਬਾਂ ਨੂੰ ਸਮੇ-ਸਮੇਂ 'ਤੇ ਸਨਮਾਨਿਤ ਕਰ ਕੇ ਉਨ੍ਹਾਂ ਦੀ ਭਰਪੂਰ ਹੌਂਸਲਾ ਅਫਜ਼ਾਈ ਕੀਤੀ ਜਾ ਰਹੀ ਹੈ।
ਪ੍ਰੈੱਸ ਨੂੰ ਇਹ ਜਾਣਕਾਰੀ ਦਿੰਦਿਆਂ ਬਹੁਜਨ ਭੀਮ ਆਰਮੀ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ(ਦਿਹਾਤੀ) ਦੇ ਮੀਤ ਪ੍ਰਧਾਨ ਸੱਤਪਾਲ ਸਿੰਘ ਬੱਸੀਆਂ ਨੇ ਦੱਸਿਆ ਕਿ ਸੰਗਠਨ ਦੇ ਸੰਸਥਾਪਕ ਸ੍ਰੀ ਜਸਬੀਰ ਸਿੰਘ ਕੋਟੜਾ ਅਤੇ ਚੇਅਰਪਰਸਨ ਸ੍ਰੀਮਤੀ ਸੰਤੋਸ਼ ਕੁਮਾਰੀ ਜੀ ਦੀ ਉਸਾਰੂ/ਦੂਰ-ਅੰਦੇਸ਼ੀ ਸੋਚ ਨੂੰ ਅੱਗੇ ਵਧਾਉਣ ਦੀ ਮਨਸ਼ਾ ਤਹਿਤ ਹੀ ਸਨਮਾਨ ਸਮਾਗਮ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਰਾਏਕੋਟ ਤਹਿਸੀਲ ਦੇ ਇਤਿਹਾਸਕ ਪਿਛੋਕੜ ਵਾਲੇ ਪਿੰਡ ਬੱਸੀਆਂ ਵਿਖੇ ਵੀ ਇੱਕ ਸਾਦਾ ਪਰ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਸੰਗਠਨ ਵੱਲੋਂ ਕੀਤਾ ਗਿਆ।
ਸੱਤਪਾਲ ਸਿੰਘ ਬੱਸੀਆਂ ਨੇ ਦੱਸਿਆ ਕਿ ਬਾਬੇ ਸ਼ਹੀਦ ਸਪੋਰਟਸ ਫੁੱਟਬਾਲ ਕਲੱਬ, ਬੱਸੀਆਂ ਨੂੰ ਖੇਡਾਂ ਦੇ ਖੇਤਰ 'ਚ ਮਾਣ-ਮੱਤੀਆਂ ਪ੍ਰਾਪਤੀਆਂ ਕਰਨ ਬਦਲੇ ਸਨਮਾਨਿਤ ਕੀਤਾ ਗਿਆ।
ਇਸ ਸਨਮਾਨ ਸਮਾਰੋਹ ਮੌਕੇ ਜਗਜੀਤ ਸਿੰਘ ਫੁੱਟਬਾਲ ਕੋਚ ਨੇ ਕਿਹਾ ਕਿ ਖੇਡਾਂ ਸਾਨੂੰ ਜਿੱਥੇ ਨਿਰੋਗ ਰੱਖਣ 'ਚ ਸਹਾਈ ਹੁੰਦੀਆਂ ਹਨ, ਉੱਥੇ ਖੇਡਾਂ ਸਾਨੂੰ ਅਨੁਸ਼ਾਸਨ 'ਚ ਰਹਿਣਾ ਵੀ ਸਿਖਾਉਂਦੀਆਂ ਹਨ। ਜਗਜੀਤ ਸਿੰਘ ਫੁੱਟਬਾਲ ਕੋਚ ਨੇ ਬਾਬੇ ਸ਼ਹੀਦ ਸਪੋਰਟਸ ਫੁੱਟਬਾਲ ਕਲੱਬ, ਬੱਸੀਆਂ ਨੂੰ ਸਨਮਾਨਤ ਕਰਨ ਦੇ ਮਾਮਲੇ 'ਚ ਬਹੁਜਨ ਭੀਮ ਆਰਮੀ ਪੰਜਾਬ ਦੇ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸੰਗਠਨ ਵੱਲੋਂ ਕੀਤੇ ਜਾਂਦੇ ਸਨਮਾਨਾਂ ਲਈ ਇਹ ਵਧਾਈ ਦੇ ਪਾਤਰ ਹਨ।
ਬਹੁਜਨ ਭੀਮ ਆਰਮੀ ਪੰਜਾਬ ਦੇ ਜ਼ਿਲ੍ਹਾ ਮੀਤ ਪ੍ਰਧਾਨ ਸਤਪਾਲ ਸਿੰਘ ਬੱਸੀਆਂ ਅਤੇ ਗੁਰਜੰਟ ਸਿੰਘ ਮੁੱਖ ਸਲਾਹਕਾਰ ਨੇ ਕਿਹਾ ਕਿ ਸਾਡੇ ਸੰਗਠਨ ਦੀ ਹਮੇਸ਼ਾ ਇਹੀ ਕੋਸ਼ਿਸ਼ ਹੋਵੇਗੀ ਕਿ ਬੱਚਿਆਂ ਦੀ ਇਸੇ ਤਰ੍ਹਾਂ ਹੌਸਲਾ ਅਫ਼ਜ਼ਾਈ ਕਰਦੇ ਰਹੀਏ ਤਾਂ ਕਿ ਬੱਚੇ ਖੇਡਾਂ ਨਾਲ ਜੁੜੇ ਰਹਿਣ। ਨੌਜਵਾਨ ਪੀੜ੍ਹੀ ਨਸ਼ਿਆਂ ਵਰਗੀਆਂ ਭੈੜੀਆਂ ਆਦਤਾਂ ਤੋਂ ਬਚ ਸਕਣ।
ਇਸ ਮੌਕੇ ਜ਼ਿਲ੍ਹਾ ਉਪ ਪ੍ਰਧਾਨ ਸੱਤਪਾਲ ਸਿੰਘ ਬੱਸੀਆਂ, ਮੁੱਖ ਸਲਾਹਕਾਰ ਗੁਰਜੰਟ ਸਿੰਘ , ਕਰਮਜੀਤ ਕੌਰ ਪ੍ਰਧਾਨ ਮਹਿਲਾ ਵਿੰਗ, ਰਮਨਦੀਪ ਕੌਰ ਉਪ ਪ੍ਰਧਾਨ, ਤਰਸੇਮ ਸਿੰਘ ਪ੍ਰਧਾਨ ਬੱਸੀਆਂ, ਚਰਨਜੀਤ ਸਿੰਘ, ਕਰਤਾਰ ਸਿੰਘ , ਜਗਜੀਤ ਸਿੰਘ ਫੁੱਟਬਾਲ ਕੋਚ ਆਦਿ ਆਗੂ ਹਾਜ਼ਰ ਸਨ।