ਮੋਗੇ ਦੇ ਵਕੀਲ ਅਤੇ PSU ਦੇ ਨੇਤਾ ਰਹੇ ਨਰਿੰਦਰ ਚਾਹਿਲ ਦਾ ਕਬੂਲਨਾਮਾ - ਕਿਹਾ ਕੋਈ ਝੋਰਾ ਨਹੀਂ ਮੁਲਕ ਛਡ ਕੇ
ਮੋਗਾ, 22 ਅਪ੍ਰੈਲ 2025: ਅਮਰੀਕਾ ਮੇਰੇ ਲਈ ਵਰਦਾਨ ਸਾਬਤ ਹੋਇਆ!
ਆਪਣੀ ਜਨਮ ਭੂਮੀ ਨੂੰ ਛੱਡ, ਬਾਹਰਲੇ ਮੁਲਕ ਜਾਕੇ ਵੱਸਣਾ ਕੋਈ ਸੌਖਾ ਨਹੀਂ ਹੁੰਦਾ,ਮੇਰੇ ਲਈ ਵੀ ਅਮਰੀਕਾ ਆ ਆਪਣੇ ਬੇਟੇ ਕੋਲ ਰਹਿਣਾ ਬਹੁਤ ਮਾਨਸਿਕ ਕਠਨਾਈਆਂ ਭਰਿਆ ਸੀ, ਇੱਕ ਵਾਰ ਤਾਂ ਮੈਂ ਬਿਲਕੁਲ ਹੀ ਡੋਲ ਗਿਆ ਸਾਂ, ਪਰ ਫਸੀ ਨੂੰ ਫਟਕਣ ਕੀ!ਰੋਦਿਆਂ ਕੁਰਲਾਦਿਆਂ, ਚਿੱਤ ਨੂੰ ਸਮਝਾਦਿਆਂ, ਦੰਦਾਂ ਚ ਜੀਭ ਲੈ,ਕਿਵੇਂ ਨਾ ਕਿਵੇਂ ਇੱਕ ਇੱਕ ਦਿਨ ਗਿਣ ਕਿ ਮੈਂ ਇਹ ਸਮਾਂ ਕੱਢਦਾ ਗਿਆ, ਲੱਗਦਾ ਨਹੀਂ ਸੀ ਇੰਜ ਜ਼ਿੰਦਗੀ ਕੱਟ ਸਕੇਗੀ, ਪਰ ਕਹਿੰਦੇ ਸਮਾਂ ਬੜਾ ਬਲਵਾਨ ਹੈ, ਤੇ ਮਨੁੱਖ ਵਿੱਚ ਹਰ ਬਦਲਦੀ ਸਥਿਤੀ ਵਿੱਚ ਆਪਣੇ ਆਪ ਨੂੰ ਸੰਭਾਲਣ ਤੇ ਮੁੜ ਉੱਠਣ ਦੀ ਬੇਹੱਦ ਕੁਦਰਤੀ ਸ਼ਕਤੀ ਹੈ,ਤੇ ਬੱਸ ਅਜਿਹਾ ਹੀ ਕੁੱਝ ਮੇਰੇ ਨਾਲ ਸਾਕਾਰ ਵਾਪਰਿਆ ਹੈ
ਅੱਜ ਜਦੋਂ ਮੈਨੂੰ ਇੱਥੇ ਆਇਆਂ ਲੱਗਭਗ 5 ਸਾਲ ਹੋ ਚੱਲੇ ਹਨ ਤਾਂ ਮੈਂ ਆਪਣੇ ਅੰਦਰ ਚੱਲਦੇ ਉਸ ਮਾਨਸਿਕ ਘਮਸਾਨ ਤੇ ਤੂਫ਼ਾਨ ਚੋਂ ਪੂਰੀ ਤਰ੍ਹਾਂ ਬਾਹਰ ਨਿਕਲ ਚੁੱਕਾ ਹਾਂ, ਅੱਜ ਮੈਂ ਪੂਰੀ ਚੜ੍ਹਦੀ ਕਲਾ ਵਿੱਚ ਹਾਂ, ਆਪਣੀ ਜਨਮ ਭੂਮੀ ਤੇ ਉਥੋਂ ਦੇ ਆਪਣੇ ਯਾਰਾਂ ਦੋਸਤਾਂ ਨੂੰ ਮੈਂ ਅੱਜ ਵੀ ਉਵੇਂ ਪਿਆਰ, ਯਾਦ ਤੇ ਮਿਸ ਕਰਦਾਂ ਹਾਂ, ਪਰ ਹੁਣ ਮੇਰਾ ਇਥੋਂ ਦੀ ਧਰਤੀ ਤੇ ਇਥੋਂ ਦੇ ਲੋਕਾਂ ਨਾਲ ਵੀ ਪਿਆਰ ਤੇ ਨਾਤਾ ਜੁੜ ਗਿਆ ਹੈ, ਹੁਣ ਇਹ ਲੋਕ ਵੀ ਮੈਨੂੰ ਓਪਰੇ ਤੇ ਬੇਗਾਨੇ ਨਹੀਂ ਲੱਗਦੇ, ਆਪਣੇ ਆਪਣੇ ਲੱਗਦੇ ਹਨ, ਇਹ ਦੇਸ਼ ਵੀ ਮੈਨੂੰ ਹੁਣ ਕਿਸੇ ਵੀ ਤਰ੍ਹਾਂ ਓਪਰਾ ਨਹੀਂ ਲੱਗਦਾ ਹੈ, ਆਪਣਾ ਆਪਣਾ ਲੱਗਣ ਲੱਗ ਪਿਆ ਹੈ, ਇੰਜ ਲੱਗਦਾ ਹੈ ਮੈਂ 5 ਸਾਲ ਤੋਂ ਹੀ ਨਹੀਂ, ਮੁੱਢ ਤੋਂ ਹੀ ਇਥੇ ਰਹਿ ਰਿਹਾ ਹਾਂ,
ਇਥੋਂ ਦੇ ਆਪਣੇ ਘਰ ਲਾਗਲੇ grey stone ਪਾਰਕ ਵਿੱਚ ਜਾਕੇ ਮੈਨੂੰ ਇੰਜ ਲੱਗਦਾ ਹੈ ਮੈਂ ਮੋਗਾ ਦੇ ਨੇਚਰ ਪਾਰਕ ਵਿੱਚ ਫਿਰਦਾ ਹੋਵਾਂ, ਇਥੋਂ ਦੇ ਗੋਰੇ, ਕਾਲੇ, ਚੀਨੀ, ਲੈਟਨ ਅਮਰੀਕੀ, ਮਕਸੀਕੇ ਤੇ ਹੋਰ ਵੱਖ ਮੂਲ ਦੇ ਅਮਰੀਕੀ ਲੋਕ ਮੈਨੂੰ ਆਪਣੇ ਹੀ ਲੋਕ ਤੇ ਪਰਿਵਾਰ ਜਾਪਦੇ ਹਨ, ਉਹਨਾਂ ਦੀ ਮੁਸਕਾਨ, ਗੁਡ ਮੋਰਨਿੰਗ ਵਿੱਚ ਅੰਤਾਂ ਦੀ ਸਾਂਝ ਤੇ ਮੁਹੱਬਤ ਹੈ,
ਸਟੋਰਾਂ,ਬੈਂਕਾਂ ਜਾਂ ਹੋਰਨਾਂ ਥਾਵਾਂ ਤੇ ਮਿਲਦੇ ਵਿਚਰਦੇ ਲੋਕ ਮੈਨੂੰ ਕਦੇ ਵੀ ਇਹ ਮਹਿਸੂਸ ਨਹੀਂ ਹੋਣ ਦਿੰਦੇ ਕਿ ਮੈਂ ਇਥੋਂ ਦਾ ਨਹੀਂ, ਕੋਈ ਬਦੇਸ਼ੀ ਤੇ ਓਪਰਾ ਹਾਂ, ਅਸਲ ਚ ਤਾਂ ਅਮਰੀਕਾ ਮੁੱਖ ਤੌਰ ਤੇ ਹੈ ਹੀ ਦੁਨੀਆ ਦੇ ਹਰ ਹਿੱਸੇ ਚੋਂ ਆਏ ਲੋਕਾਂ ਦਾ ਦੇਸ਼, ਫ਼ਰਕ ਇੰਨਾ ਹੈ ਕੋਈ ਇੱਥੇ ਥੋੜੇ ਸਾਲਾਂ ਦਾ ਆਇਆ, ਕੋਈ ਬਹੁਤ ਪਹਿਲਾਂ ਦਾ, ਕਿਸੇ ਦੇ ਪਹਿਲਾਂ ਮਾਪੇ ਆਏ ਸੀ, ਕਿਸੇ ਦੇ ਦਾਦੇ ਪੜਦਾਦੇ, ਇਸੇ ਕਰਕੇ ਅਮਰੀਕਾ ਇੱਕ ਮੁਲਕ ਹੀ ਨਹੀਂ, ਇੱਕ ਪੂਰਾ ਸੰਸਾਰ ਹੈ, ਸ਼ਾਇਦ ਹੀ ਕੋਈ ਐਸਾ ਦੇਸ਼ ਹੋਵੇ, ਜਿਸ ਦੇ ਲੋਕ ਇੱਥੇ ਨਾ ਸੈੱਟ ਹੋਏ ਹੋਣ,ਮੇਰੀ ਨਜ਼ਰ ਵਿੱਚ ਤਾਂ ਇਹ ਤਰ੍ਹਾਂ ਤਰ੍ਹਾਂ ਦੀਆਂ ਨਸਲਾਂ, ਰੰਗਾਂ, ਬੋਲੀਆਂ, ਸੱਭਿਆਚਾਰਾਂ ਦਾ ਇੱਕ ਸੁੰਦਰ ਗੁਲਦਸਤਾ ਜਾਂ ਮੁਜਸਮਾ ਹੈ, ਇੰਨੀ ਵੱਖ ਵੱਖ ਤਰ੍ਹਾਂ ਦੇ ਲੋਕਾਂ ਵਿੱਚ ਰਹਿਣਾ ਵਿਚਰਨਾ ਇੱਕ ਬਹੁਤ ਵੱਡਾ ਤਜਰਬਾ ਤੇ ਮੌਕਾ ਹੈ
ਇਸ ਤੋਂ ਬਿਨਾਂ ਇਥੋਂ ਦੇ ਲੋਕਾਂ ਵੱਲੋਂ ਕੀਤੀ ਜਾਂਦੀ ਸਖ਼ਤ ਮਿਹਨਤ ਤੁਹਾਡਾ ਮੱਲੋ ਮੱਲੀ ਦਿਲ ਜਿੱਤਦੀ ਹੈ, ਤੁਹਾਡਾ ਵੀ ਕੁੱਝ ਕਰਨ ਨੂੰ ਜੀ ਕਰਦਾ ਹੈ, ਇੱਥੇ ਕਿਸੇ ਵੀ ਤਰ੍ਹਾਂ ਦੀ ਮਿਹਨਤ ਕਰਨ ਨੂੰ ਮਾੜਾ ਨਹੀਂ ਸਮਝਿਆ ਜਾਂਦਾ, ਸਗੋਂ ਹਰ ਤਰ੍ਹਾਂ ਦੇ ਕੰਮ ਤੇ ਕਿਰਤ ਕਰਨ ਵਾਲੇ ਨੂੰ ਬੇਹੱਦ ਸਤਿਕਾਰ ਦਿੱਤਾ ਜਾਂਦਾ ਹੈ
ਇਥੋਂ ਦੀ ਔਰਤਾਂ ਵਿੱਚ ਝਲਕਦੇ ਸਵੈ ਵਿਸ਼ਵਾਸ ਨੂੰ ਦੇਖ ਲੱਗਦਾ ਹੀ ਨਹੀਂ ਇਹ ਉਹ ਔਰਤਾਂ ਹਨ ਜਿਨ੍ਹਾਂ ਬਾਰੇ ਸਾਨੂੰ ਇਹੀ ਸਿਖਾਇਆ ਗਿਆ ਹੈ, ਉਹ ਅਬਲਾ ਹਨ ਕਮਜ਼ੋਰ ਹਨ, ਇਥੋਂ ਦੀਆਂ ਔਰਤਾਂ ਨੇ ਅਜਿਹੇ ਥੋਥੇ ਵਿਚਾਰਾਂ ਨੂੰ ਪੈਰਾਂ ਹੇਠ ਦਰੜ ਦਿਤਾ ਹੈ ਤੇ ਨਿਤ ਦਿਨ ਸਾਬਤ ਕਰ ਰਹੀਆਂ ਹਨ ਕਿ ਜਿੱਥੇ ਔਰਤਾਂ ਨੂੰ ਬਰਾਬਰ ਦੇ ਮੌਕੇ ਮਿਲਦੇ ਹਨ ਉਹ ਕਿਸੇ ਤਰ੍ਹਾਂ ਵੀ ਮਰਦਾਂ ਤੋਂ ਘੱਟ ਜਾਂ ਪਿੱਛੇ ਨਹੀਂ
ਇੱਥੇ ਸਾਡੇ ਦੇਸ਼ ਵਾਂਗ ਮੰਤਰੀਆਂ ਸੰਤਰੀਆਂ ਦੇ ਕਾਫ਼ਲਿਆਂ ਕਾਰਨ ਘੰਟਿਆਂ ਬੱਧੀ ਜਾਮ ਨਹੀਂ ਲੱਗਦੇ, ਪਰ ਸਕੂਲਾਂ ਵਾਲੇ ਬੱਚਿਆਂ ਦੀਆਂ ਬੱਸਾਂ ਦੀ ਲਾਲ ਬੱਤੀ ਤੇ ਸਟਾਪ ਸਾਈਨ ਦੇਖ, ਐਮਬੂਲੈਂਸ, ਫਾਇਰ ਬਰਗੇਡ ਤੇ ਪੁਲਿਸ ਦੀ ਗੱਡੀ ਦਾ ਸਾਇਰਨ ਸੁਣ ਕਾਰਾਂ ਵਾਲੇ ਖੁੱਦ ਵ ਖੁੱਦ ਰਾਹ ਛੱਡ ਦਿੰਦੇ ਹਨ
ਇਥੋਂ ਦੀ ਪੁਲਿਸ ਲਈ ਰਿਸ਼ਵਤ ਲੈਣਾ ਤੇ ਸਿਫਾਰਸ਼ ਮੰਨਣਾ ਹਰਾਮ ਹੀ ਨਹੀਂ, ਸੋਚਣ ਤੋਂ ਵੀ ਪਾਰ ਦੀ ਗੱਲ ਹੈ, ਇੱਥੇ ਨਾ ਬਾਡੀਗਾਰਡਾਂ ਨਾਲ ਧੌਸ ਦਿਖਾਉਂਦੇ ਸਿਆਸੀ ਲੀਡਰ ਹਨ ਤੇ ਨਾ ਹੀ ਉਹਨਾਂ ਦਾ ਇਥੋਂ ਦੇ ਲੋਕਲ ਸਿਸਟਮ ਵਿੱਚ ਕੋਈ ਦਖਿਲ ਜਾਂ ਰੁਕਾਵਟ ਹੈ
ਇਥੋਂ ਦੀਆਂ ਸੜਕਾਂ ਖੁੱਦ ਬੋਲਦੀਆਂ ਤੇ ਦੱਸਦੀਆਂ ਹਨ ਤੁਸੀਂ ਕੀ ਕਰਨਾ, ਕੀ ਨਹੀਂ ਕਰਨਾ, ਕਿਸੇ ਤੋਂ ਪੁੱਛਣ ਦੀ ਲੋੜ ਨਹੀਂ, ਰਾਤ ਨੂੰ ਉਹ ਇੰਜ ਜੱਗ ਮਗ ਜੱਗ ਮਗ ਕਰਦੀਆਂ ਹਨ ਜਿਵੇਂ ਇੱਥੇ ਨਿੱਤ ਹੀ ਦੀਵਾਲ਼ੀ ਹੋਵੇ
ਇੱਥੇ ਨਾ ਕੰਧਾਂ ਤੇ ਪੇਸ਼ਾਬ ਕਰਨ ਵਾਲੇ ਲੋਕ ਹਨ, ਨਾ ਗੰਦ ਪਾਉਣ ਵਾਲੇ, ਇਥੇ ਆਪਣੇ ਡਾਗੀ ਦੀ ਟੱਟੀ ਵੀ ਪਾਰਕਾਂ ਰਾਹਾਂ ਚੋਂ ਉਹਨਾਂ ਦੇ ਮਾਲਕ ਆਪ ਚੱਕਦੇ ਹਨ, ਇੱਥੇ ਖਾਲੀ ਪਲਾਟਾਂ ਜਾਂ ਹੋਰ ਪਬਲਿਕ ਖਾਲੀ ਥਾਵਾਂ ਵਿੱਚ ਜਾਂ ਸੜਕਾਂ ਕਿਨਾਰੇ ਕੂੜੇ ਦੇ ਢੇਰ ਲਾਉਣ ਵਾਲੇ ਵੀ ਗਾਇਬ ਹਨ, ਸਭ ਕੁੱਝ ਸਾਫ਼ ਸਾਫ਼ ਹੈ, ਘਰੋਂ ਚ ਕੂੜੇ ਚੱਕੇ ਜਾਂਦੇ ਹਨ, ਹਰ ਥਾਂ ਟਰੈਸ਼ ਬਿਨ ਹਨ
ਇੱਥੇ ਸਭ ਲਾਈਨ ਚ ਉਡੀਕ ਕਰਦੇ ਹਨ, ਲਾਈਨ ਤੋੜ ਕਿ ਕੋਈ ਆਪਣਾ ਜ਼ੋਰ ਨਹੀਂ ਦਿਖਾਉਂਦਾ, ਵੈਸੇ ਇੱਥੋਂ ਦੇ ਲੋਕ ਕਿਸੇ ਦੀ ਧੋਂਸ ਜਾਂ ਰੋਅਬ ਝੱਲਦੇ ਵੀ ਨਹੀਂ, ਉਹ ਆਪਣੀਆਂ ਜੁੰਮੇਵਾਰੀਆਂ ਪ੍ਰਤੀ ਹੀ ਨਹੀਂ, ਆਪਣੇ ਹੱਕਾਂ ਜਾਂ ਅਧਿਕਾਰਾਂ ਪ੍ਰਤੀ ਵੀ ਬੇਹੱਦ ਚੇਤੰਨ ਹਨ
ਇਹ ਲੋਕ ਆਪਣੇ ਦੇਸ਼ ਤੇ ਆਪਣੇ ਝੰਡੇ ਨੂੰ ਬੇਹੱਦ ਪਿਆਰ ਕਰਦੇ ਹਨ, ਇਸਤੇ ਬੇਹੱਦ ਮਾਣ ਕਰਦੇ ਹਨ ਇਥੋਂ ਦੇ ਲੋਕਾਂ ਨੂੰ ਜਾਨਵਰਾਂ, ਡਾਗੀਆਂ ਬਿਲੀਆਂ ਨਾਲ ਬਹੁਤ ਪਿਆਰ ਹੈ, ਉਹਨਾਂ ਦੀ ਬੱਚਿਆਂ ਵਾਂਗ ਦੇਖ ਭਾਲ ਕਰਦੇ ਹਨ, ਇਹ ਲੋਕ ਆਪਣੇ ਬੱਚਿਆਂ ਵੱਲ ਵੀ ਬਹੁਤ ਧਿਆਨ ਦਿੰਦੇ ਹਨ, ਉਹਨਾਂ ਨੂੰ ਗੇਮਾਂ ਸਿਖਾਉਣ ਲਈ ਸਪੈਸ਼ਲ ਕੋਚਿੰਗ ਦਾ ਪਰਬੰਧ ਕਰਦੇ ਹਨ, ਉਹਨਾਂ ਦੇ ਡਿਗਣ ਡੁਗਣ ਦੀ ਬਹੁਤੀ ਪਰਵਾਹ ਨਹੀਂ ਕਰਦੇ, that's OK ਕਹਿਕੇ ਸਾਰ ਲੈਂਦੇ ਹਨ
ਅਮਰੀਕੀ ਲੋਕਾਂ ਦੇ ਅਜਿਹੇ ਪਿਆਰ, ਮੁਸਕਾਨ, ਸੁਭਾਅ ਆਦਤਾਂ, ਰਹਿਣ ਸਹਿਣ, ਅਸੂਲਾਂ ਤੇ ਕੀਮਤਾਂ ਨੂੰ ਦੇਖ ਮੈਨੂੰ ਹੁਣ ਇਹ ਪਛਤਾਵਾ ਜਾਂ ਅਫ਼ਸੋਸ ਨਹੀਂ ਰਿਹਾ ਕਿ ਮੈਂ ਆਪਣਾ ਮੁਲਕ ਛੱਡ ਇਥੇ ਕਿਉਂ ਆ ਗਿਆਂ ਹਾਂ, ਸਗੋਂ ਮੈਨੂੰ ਤਾਂ ਇਹ ਲੱਗ ਰਿਹਾ ਕਿ ਚੰਗਾ ਹੋਇਆ ਮੈਂ ਆਪਣੇ ਬੱਚਿਆਂ ਦੀ ਵਜ੍ਹਾ ਕਰਕੇ ਇੱਥੇ ਆਣ ਪਹੁੰਚਿਆ ਤੇ ਇਹ ਸਭ ਕੁੱਝ ਦੇਖ ਸਕਿਆ, ਪਰ ਅਮਰੀਕਾ ਵਿੱਚ ਇਹ ਸਭ ਕੁੱਝ ਦੇਖ ਕਿ ਮੈਨੂੰ ਆਪਣੇ ਮੁਲਕ ਦਾ ਪਿਆਰ ਤੇ ਖਿੱਚ ਘੱਟ ਨਹੀਂ ਗਈ, ਸਗੋਂ ਮੈਂ ਤਾਂ ਹਰ ਪਲ ਇਹੀ ਸੋਚਦਾ ਤੇ ਵਿਚਾਰਦਾ ਰਹਿਣਾਂ, ਅਸੀਂ ਇਹ ਸਭ ਕੁੱਝ ਆਪਣੇ ਦੇਸ਼ ਵਿੱਚ ਕਿਉਂ ਨਹੀਂ ਕਰ ਸਕਦੇ, ਇਥੋਂ ਦੀਆਂ ਚੰਗੀਆਂ ਗੱਲਾਂ ਨੂੰ ਆਪਣੇ ਦੇਸ਼ ਵਿੱਚ ਸਹਿਜੇ ਸਹਿਜੇ ਲਾਗੂ ਕਿਉਂ ਨੀ ਕਰ ਸਕਦੇ, ਅਸੀਂ ਵੀ ਇਥੋਂ ਦੇ ਲੋਕਾਂ ਵਾਂਗ ਆਪਣਾ ਇਖ਼ਲਾਕ ਤੇ ਕਿਰਦਾਰ ਬੁਲੰਦ ਕਿਉਂ ਨੀ ਕਰ ਸਕਦੇ!ਸਾਡੇ ਲੀਡਰ ਇਨ੍ਹਾਂ ਦੇਸ਼ਾਂ ਵਿੱਚ ਆਪਣੇ ਇਲਾਜ ਜਾਂ ਸੈਰਾਂ ਲਈ ਤਾਂ ਆ ਧਮਕਦੇ ਹਨ ਪਰ ਜੋ ਕੁੱਝ ਇੱਥੇ ਚੰਗਾ ਹੈ ਉਸ ਨੂੰ ਆਪਣੇ ਦੇਸ਼ ਵਿੱਚ ਲਾਗੂ ਕਰਨ ਦਾ ਕੋਈ ਸਾਰਥਕ ਉਪਰਾਲਾ ਕਿਉਂ ਨੀ ਕਰਦੇ?
ਲੀਡਰਾਂ ਦੀਆਂ ਉਹ ਜਾਨਣ ਪਰ ਮੈਂ ਤਾਂ ਇਹ ਮਹਿਸੂਸ ਕਰਦਾਂ ਹਾਂ ਕਿ ਅਮਰੀਕਾ ਆਉਣਾ ਮੇਰੇ ਲਈ ਤਾਂ ਬਹੁਤ ਸ਼ੁਭ ਤੇ ਵਰਦਾਨ ਰਿਹਾ ਹੈ, ਇਥੇ ਆਉਣ ਨਾਲ ਮੈਨੂੰ ਬਹੁਤ ਕੁੱਝ ਨਵਾਂ ਸਿੱਖਣ ਤੇ ਦੇਖਣ ਦਾ ਮੌਕਾ ਮਿਲਿਆ ਹੈ, ਜਿਸ ਨਾਲ ਮੇਰੀ ਜ਼ਿੰਦਗੀ ਵਿੱਚ ਇੱਕ ਨਵਾਂਪਣ ਤੇ ਰਵਾਨੀ ਆਈ ਹੈ, ਬਹੁਤੀ ਨਹੀਂ ਤਾਂ ਮੇਰੀ ਉਮਰ ਪਹਿਲਾਂ ਨਾਲੋਂ ਜਰੂਰ ਕੁੱਝ ਵੱਧ ਗਈ ਹੈ,