ਮਾਣ ਮੱਤਾ ਪੱਤਰਕਾਰ ਪੁਰਸਕਾਰ ਇਸ ਵਰ੍ਹੇ ਡਾ.ਘੁੰਮਣ ਅਤੇ ਚਨਾਰਥਲ ਨੂੰ
ਫਗਵਾੜਾ, 05 ਫਰਵਰੀ 2025 : ਪੰਜਾਬੀ ਵਿਰਸਾ ਟਰੱਸਟ(ਰਜਿ:) ਵੱਲੋਂ ਨੌਵਾਂ-2024 ਮਾਣ ਮੱਤਾ ਪੱਤਰਕਾਰ ਪੁਰਸਕਾਰ ਇਸ ਵਰ੍ਹੇ ਪ੍ਰਸਿੱਧ ਅਰਥ ਸ਼ਾਸ਼ਤਰੀ ਅਤੇ ਕਾਲਮਨਵੀਸ ਡਾ.ਰਣਜੀਤ ਸਿੰਘ ਘੁੰਮਣ ਅਤੇ ਪ੍ਰਸਿੱਧ ਫੀਲਡ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਨੂੰ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਫ਼ੈਸਲਾ ਪੰਜਾਬੀ ਵਿਰਸਾ ਟਰੱਸਟ ਵੱਲੋਂ ਬਣਾਈ ਚੋਣ ਕਮੇਟੀ, ਜਿਸ ਵਿੱਚ ਪ੍ਰਸਿੱਧ ਪੱਤਰਕਾਰ ਸਤਨਾਮ ਸਿੰਘ ਮਾਣਕ, ਲੇਖਕ ਡਾ.ਲਖਵਿੰਦਰ ਸਿੰਘ ਜੌਹਲ, ਲੇਖਕ ਪ੍ਰੋ. ਜਸਵੰਤ ਸਿੰਘ ਗੰਡਮ, ਕਾਲਮਨਵੀਸ ਪ੍ਰਿੰ. ਗੁਰਮੀਤ ਸਿੰਘ ਪਲਾਹੀ ਸ਼ਾਮਲ ਸਨ, ਵੱਲੋਂ ਕੀਤਾ ਗਿਆ। ਇਸ ਸੰਬੰਧੀ ਸਮਾਗਮ 23 ਫਰਵਰੀ 2025 ਨੂੰ ਫਗਵਾੜਾ ਵਿਖੇ ਆਯੋਜਿਤ ਕੀਤਾ ਜਾਵੇਗਾ।
ਇਸ ਪੁਰਸਕਾਰ ਵਿੱਚ ਮਾਣ ਪੱਤਰ, ਮੰਮੰਟੋ, ਦੁਸ਼ਾਲਾ ਤੇ ਨਕਦ ਰਾਸ਼ੀ ਦਿੱਤੀ ਜਾਵੇਗੀ। ਸਮਾਗਮ ਪੰਜਾਬ ਚੇਤਨਾ ਮੰਚ ਦੇ ਸਹਿਯੋਗ ਨਾਲ ਹੋਏਗਾ ਅਤੇ ਡਾ.ਰਣਜੀਤ ਸਿੰਘ ਘੁੰਮਣ "ਪੰਜਾਬ ਦੀਆਂ ਚਣੌਤੀਆਂ ਅਤੇ ਸੰਭਾਵਨਾਵਾਂ" ਵਿਸ਼ੇ 'ਤੇ ਇਸ ਸਮੇਂ ਵਿਚਾਰ ਪੇਸ਼ ਕਰਨਗੇ। ਪ੍ਰਿੰ. ਗੁਰਮੀਤ ਸਿੰਘ ਪਲਾਹੀ ਜਨਰਲ ਸਕੱਤਰ ਨੇ ਦੱਸਿਆ ਕਿ ਪਹਿਲਾ 2016 ਵਿੱਚ ਸ.ਨਰਪਾਲ ਸਿੰਘ ਸ਼ੇਰਗਿੱਲ ਅਤੇ ਪ੍ਰੋ. ਜਸਵੰਤ ਸਿੰਘ ਗੰਡਮ ਨੂੰ, ਦੂਜਾ 2017 ਵਿੱਚ ਪ੍ਰੋ. ਪਿਆਰਾ ਸਿੰਘ ਭੋਗਲ ਅਤੇ ਸ਼੍ਰੀ ਠਾਕਰ ਦਾਸ ਚਾਵਲਾ ਨੂੰ, ਤੀਜਾ 2018 ਵਿੱਚ ਡਾ. ਸਵਰਾਜ ਸਿੰਘ ਅਤੇ ਸ. ਆਈ.ਪੀ. ਸਿੰਘ ਨੂੰ, ਚੌਥਾ 2019 ਵਿਚ ਡਾ. ਗਿਆਨ ਸਿੰਘ ਅਤੇ ਸ.ਅਵਤਾਰ ਸਿੰਘ ਸ਼ੇਰਗਿੱਲ ਨੂੰ, ਪੰਜਵਾਂ 2020 ਵਿੱਚ ਡਾ.ਐਸ.ਐਸ.ਛੀਨਾ ਅਤੇ ਸ੍ਰ:ਗੁਰਚਰਨ ਸਿੰਘ ਨੂਰਪੁਰ ਨੂੰ, ਛੇਵਾਂ 2021 ਵਿੱਚ ਸ੍ਰ: ਸਤਨਾਮ ਸਿੰਘ ਮਾਣਕ ਅਤੇ ਸ੍ਰ: ਚਰਨਜੀਤ ਸਿੰਘ ਭੁੱਲਰ ਨੂੰ, ਸੱਤਵਾਂ 2022 ਵਿੱਚ ਉਜਾਗਰ ਸਿੰਘ ਸਾਬਕਾ ਡੀ.ਪੀ.ਆਰ.ਓ. ਅਤੇ ਡਾ. ਸ਼ਿਆਮ ਸੁੰਦਰ ਦੀਪਤੀ ਨੂੰ, ਅੱਠਵਾਂ 2023 ਵਿੱਚ ਸ: ਕੁਲਦੀਪ ਸਿੰਘ ਬੇਦੀ ਅਤੇ ਸ਼੍ਰੀਮਤੀ ਰਚਨਾ ਖਹਿਰਾ ਨੂੰ ਇਹ ਮਾਣ ਮੱਤਾ ਪੱਤਰਕਾਰ ਪੁਰਸਕਾਰ ਪ੍ਰਦਾਨ ਕੀਤਾ ਜਾ ਚੁੱਕਾ ਹੈ।