ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਕੌਮੀ ਗਣਿਤ ਦਿਵਸ ਮਨਾਇਆ
ਅਸ਼ੋਕ ਵਰਮਾ
ਬਠਿੰਡਾ, 6 ਫਰਵਰੀ 2025:ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਗਣਿਤ ਵਿਭਾਗ ਵੱਲੋਂ ਅੱਜ ਰਾਸ਼ਟਰੀ ਗਣਿਤ ਦਿਵਸ ਮਨਾਇਆ ਗਿਆ, ਜੋ ਕਿ ਪ੍ਰਸਿੱਧ ਗਣਿਤ ਸ਼ਾਸਤਰੀ ਸ਼੍ਰੀਨਿਵਾਸ ਰਾਮਾਨੁਜਨ ਦੀ ਵਿਰਾਸਤ ਨੂੰ ਸਮਰਪਿਤ ਸੀ । ਸ਼੍ਰੀ ਰਾਮਾਨੁਜਨ ਨੰਬਰ ਥਿਊਰੀ ਅਤੇ ਅਨੰਤ ਲੜੀ ਵਿੱਚ ਆਪਣੇ ਅਸਾਧਾਰਨ ਯੋਗਦਾਨ ਲਈ ਜਾਣੇ ਜਾਂਦੇ ਹਨ।ਇਸ ਸਮਾਗਮ ਵਿੱਚ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਅਤੇ ਗਣਿਤ ਦੀ ਮਹੱਤਤਾ 'ਤੇ ਜ਼ੋਰ ਦੇਣ ਲਈ ਇੱਕ ਮਾਹਿਰ ਭਾਸ਼ਣ ਦਾ ਆਯੋਜਨ ਕੀਤਾ ਗਿਆ। ਪੰਜਾਬ ਦੀ ਕੇਂਦਰੀ ਯੂਨੀਵਰਸਿਟੀ, ਬਠਿੰਡਾ ਦੇ ਗਣਿਤ ਅਤੇ ਅੰਕੜਾ ਵਿਭਾਗ ਵਿੱਚ ਐਸੋਸੀਏਟ ਪ੍ਰੋਫੈਸਰ ਡਾ. ਦੀਪ ਸਿੰਘ ਨੇ ਮੁੱਖ ਭਾਸ਼ਣ ਦਿੱਤਾ।
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨੰਬਰ ਥਿਊਰੀ ਦੇ ਬੁਨਿਆਦੀ ਸਿਧਾਂਤਾਂ ਅਤੇ ਕ੍ਰਿਪਟੋਗ੍ਰਾਫਿਕ ਪ੍ਰੋਟੋਕੋਲ ਵਿੱਚ ਇਸਦੀ ਵਰਤੋਂ ਨਾਲ ਜਾਣੂ ਕਰਵਾਇਆ। ਉਨ੍ਹਾਂ ਰਾਮਾਨੁਜਨ ਦੇ ਸ਼ਾਨਦਾਰ ਯੋਗਦਾਨਾਂ 'ਤੇ ਚਾਨਣਾ ਪਾਉਦਿਆਂ ਹੋਇਆ ਇਹ ਦਰਸਾਇਆ ਕਿ ਉਨ੍ਹਾਂ ਦਾ ਕੰਮ ਆਧੁਨਿਕ ਗਣਿਤ ਨੂੰ ਕਿਵੇਂ ਪ੍ਰਭਾਵਿਤ ਕਰਦਾ ਰਹਿੰਦਾ ਹੈ। ਡਾ. ਸਿੰਘ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਕਿਵੇਂ ਰਾਮਾਨੁਜਨ ਨੇ ਕਈ ਚੁਣੌਤੀਆਂ ਦੇ ਬਾਵਜੂਦ, ਛੋਟੀ ਉਮਰ ਵਿੱਚ ਹੀ ਸ਼ਾਨਦਾਰ ਗਣਿਤਿਕ ਖੋਜਾਂ ਕੀਤੀਆਂ।ਐਮ.ਆਰ.ਐਸ.ਪੀ.ਟੀ.ਯੂ. ਦੇ ਵਾਈਸ-ਚਾਂਸਲਰ, ਪ੍ਰੋ. (ਡਾ.) ਸੰਦੀਪ ਕਾਂਸਲ ਨੇ ਵਿਭਾਗ ਨੂੰ ਰਾਸ਼ਟਰੀ ਗਣਿਤ ਦਿਵਸ ਦੇ ਜਸ਼ਨ ਨੂੰ ਸਫਲਤਾਪੂਰਵਕ ਕਰਵਾਉਣ ਲਈ ਵਧਾਈ ਦਿੱਤੀ। ਇਹ ਸਮਾਗਮ ਕੋਆਰਡੀਨੇਟਰ ਡਾ. ਮੁਕੇਸ਼ ਦੇ ਧੰਨਵਾਦ ਨਾਲ ਸਮਾਪਤ ਹੋਇਆ ।