ਪੰਜਾਬੀ ਯੂਨੀਵਰਸਿਟੀ ਤੋਂ ਡਾ. ਇੰਦਰਪ੍ਰੀਤ ਸੰਧੂ ਨੇ ਲੇਹ ਲੱਦਾਖ ਵਿੱਚ ਤਾਇਨਾਤ ਭਾਰਤੀ ਫੌਜ ਲਈ ਕੀਤਾ ਕੌਂਸਲਿੰਗ ਸੈਸ਼ਨ
ਪਟਿਆਲਾ, 15 ਮਾਰਚ 2025 - ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਤੋਂ ਡਾ. ਇੰਦਰਪ੍ਰੀਤ ਸੰਧੂ ਨੂੰ ਭਾਰਤੀ ਫੌਜ ਵੱਲੋਂ ਲੇਹ ਲੱਦਾਖ ਵਿੱਚ ਤਾਇਨਾਤ ਆਪਣੇ ਕਰਮਚਾਰੀਆਂ ਦੇ ਕੌਂਸਲਿੰਗ ਸੈਸ਼ਨ ਲਈ ਸੱਦਾ ਦਿੱਤਾ ਗਿਆ।
ਡਾ. ਸੰਧੂ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੇਹ ਲੱਦਾਖ ਇੱਕ ਉਚਾਈ ਵਾਲਾ ਖੇਤਰ ਹੈ ਜੋ ਆਪਣੀਆਂ ਮੁਸ਼ਕਿਲ ਸਥਿਤੀਆਂ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਭਾਰਤੀ ਫੌਜ ਵੱਲੋਂ ਸੱਦਿਆ ਇਹ ਸ਼ੈਸ਼ਨ , ਦੁਨੀਆ ਦੇ ਸਭ ਤੋਂ ਚੁਣੌਤੀਪੂਰਨ ਵਾਤਾਵਰਣ ਵਾਲ਼ੇ ਸਥਾਨ ਉੱਤੇ ਤਾਇਨਾਤ ਸੈਨਿਕਾਂ ਦੀ ਮਾਨਸਿਕ ਸਿਹਤ ਅਤੇ ਤੰਦਰੁਸਤੀ ਦੇ ਮੱਦੇਨਜ਼ਰ ਆਯੋਜਿਤ ਕੀਤਾ ਗਿਆ ਸੀ।ਇਹ ਸੈਸ਼ਨ ਤਣਾਅ ਪ੍ਰਬੰਧਨ, ਭਾਵਨਾਤਮਕ ਪ੍ਰਬੰਧਨ ਅਤੇ ਲੱਦਾਖ ਦੇ ਵਰਗੇ ਉਚਾਈ ਵਾਲੇ ਖੇਤਰ ਦੀਆਂ ਵਿਲੱਖਣ ਕਿਸਮ ਦੀਆਂ ਚੁਣੌਤੀਆਂ ਨਾਲ਼ ਨਜਿੱਠਣ ਬਾਬਤ ਰਣਨੀਤੀਆਂ ਬਣਾਉਣ 'ਤੇ ਕੇਂਦ੍ਰਿਤ ਸੀ। ਉਨ੍ਹਾਂ ਦੱਸਿਆ ਕਿ ਪਿਛਲੇ ਦੋ ਦਹਾਕਿਆਂ ਤੋਂ, ਉਹ ਭਾਰਤੀ ਫੌਜ ਸਮੇਤ ਵੱਖ-ਵੱਖ ਸਰਕਾਰੀ ਸੰਗਠਨਾਂ ਵਿੱਚ ਮਾਨਸਿਕ ਸਿਹਤ ਮੁੱਦਿਆਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਲਗਾਤਾਰ ਵਰਕਸ਼ਾਪਾਂ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ 2024 ਵਿੱਚ ਵੀ ਆਰਮੀ ਵੈਸਟਰਨ ਕਮਾਂਡ, ਚੰਡੀਮੰਦਰ ਵਿਖੇ ਤਣਾਅ ਪ੍ਰਬੰਧਨ ਅਤੇ ਵਿਆਹੁਤਾ ਸਦਭਾਵਨਾ ਦੇ ਮੁੱਦੇ 'ਤੇ ਵਿਚਾਰ-ਵਟਾਂਦਰਾ ਕਰਨ ਲਈ ਉਹਨਾਂ ਨੂੰ ਇੱਕ ਅਜਿਹੇ ਪ੍ਰੋਗਰਾਮ ਵਿੱਚ ਸੱਦਾ ਦਿੱਤਾ ਗਿਆ ਸੀ ਜਿੱਥੇ ਲਗਭਗ 500 ਫੌਜੀ ਜਵਾਨ ਅਤੇ ਉਨ੍ਹਾਂ ਦੇ ਪਰਿਵਾਰ ਸ਼ਾਮਲ ਹੋਏ ਸਨ। ਇਸ ਪ੍ਰੋਗਰਾਮ ਦਾ ਮੇਰਠ ਅਤੇ ਦੇਹਰਾਦੂਨ ਵਿੱਚ ਵੀ ਸਿੱਧਾ ਪ੍ਰਸਾਰਣ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਹ ਦੇਸ ਭਰ ਵਿੱਚ ਹੋਰ ਵੀ ਬਹੁਤ ਥਾਵਾਂ ਉੱਤੇ ਮਾਨਸਿਕ ਸਿਹਤ ਨਾਲ਼ ਸਬੰਧਤ ਸੇਵਾਵਾਂ ਦੇ ਚੁੱਕੇ ਹਨ।
2 | 8 | 2 | 2 | 3 | 8 | 7 | 4 |