ਪ੍ਰੈਸ ਕਲੱਬ ਭਗਤਾ ਭਾਈ ਵੱਲੋਂ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਦਾ ਫੈਸਲਾ
ਅਸ਼ੋਕ ਵਰਮਾ
ਭਗਤਾ ਭਾਈ, 18 ਜੁਲਾਈ 2025:ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਪੰਜਾਬ ਨਾਲ ਸਬੰਧਿਤ ਪ੍ਰੈੱਸ ਕਲੱਬ ਭਗਤਾ ਭਾਈ ਦੀ ਇੱਕ ਮੀਟਿੰਗ ਪ੍ਰੈੱਸ ਕਲੱਬ ਦੇ ਪ੍ਰਧਾਨ ਸੁਖਪਾਲ ਸਿੰਘ ਸੋਨੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਬਲਾਕ ਭਗਤਾ ਭਾਈ ਨਾਲ ਸਬੰਧਿਤ ਸਰਕਾਰੀ ਸਕੂਲਾਂ ਦੇ ਅੱਠਵੀਂ, ਦਸਵੀਂ ਤੇ ਬਾਰਵੀਂ ਕਲਾਸ ਵਿਚੋਂ 90 ਫੀਸ਼ਦੀ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ, ਚੰਗੇ ਨਤੀਜੇ ਵਾਲੇ ਸਕੂਲਾਂ ਅਤੇ ਝੁੱਗੀ-ਝੌਂਪੜੀ ਤੇ ਗੱਡੀਆਂ ਵਾਲੇ ਦੇ ਅੱਠਵੀਂ, ਦਸਵੀਂ ਅਤੇ ਬਾਰਵੀਂ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੈੱਸ ਕਲੱਬ ਦੇ ਪ੍ਰਧਾਨ ਸੁਖਪਾਲ ਸਿੰਘ ਸੋਨੀ, ਜਨਰਲ ਸਕੱਤਰ ਪਰਮਜੀਤ ਸਿੰਘ ਢਿੱਲੋਂ ਅਤੇ ਸੀਨੀਅਰ ਮੀਤ ਪ੍ਰਧਾਨ ਬਿੰਦਰ ਜਲਾਲ ਨੇ ਦੱਸਿਆ ਕਿ ਪ੍ਰੈਸ ਕਲੱਬ ਵਲੋਂ ਹਰੇਕ ਸਾਲ ਬਲਾਕ ਭਗਤਾ ਭਾਈ ਨਾਲ ਸਬੰਧਿਤ ਸਰਕਾਰੀ ਸਕੂਲਾਂ ਦੇ ਬੋਰਡ ਦੀਆਂ ਪ੍ਰੀਖਿਆਵਾਂ ਵਿਚੋਂ ਚੰਗੇ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆ ਨੂੰ ਸਨਮਾਨਿਤ ਕੀਤਾ ਜਾਂਦਾ ਹੈ।
ਉਹਨਾਂ ਨੇ ਦੱਸਿਆ ਕਿ ਇਸ ਸਾਲ ਵੀ ਅੱਠਵੀਂ, ਦਸਵੀ ਅਤੇ ਬਾਰ੍ਹਵੀਂ ਜਮਾਤ ਵਿੱਚੋਂ 90 ਪ੍ਰਤੀਸ਼ਤ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ ਜਮਾਤ ਦੇ ਐਲਾਨੇ ਗਏ ਨਤੀਜੇ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੈਂਡਰੀ ਸਮਾਰਟ ਸਕੂਲ ਭਗਤਾ ਭਾਈ ਦੀ ਵਿਦਿਆਰਥਣ ਜੈਸਲੀਨ ਕੌਰ ਜਿਸ ਨੇ ਅੱਠਵੀਂ ਜਮਾਤ ਵਿੱਚੋਂ ਪੂਰੇ ਪੰਜਾਬ ਵਿੱਚੋਂ ਛੇਵਾਂ ਰੈਂਕ ਅਤੇ ਜ਼ਿਲ੍ਹੇ ਦੇ ਓਵਰ ਆਲ ਸਕੂਲਾਂ ਚੋਂ ਦੂਜਾ ਅਤੇ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚੋਂ ਪਹਿਲਾਂ ਸਥਾਨ ਹਾਸਲ ਕਰਨ ਵਾਲੀ ਵਿਦਿਆਰਥਣ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।
ਇਸ ਮੌਕੇ ਕਲੱਬ ਦੇ ਚੇਅਰਮੈਨ ਪਰਵੀਨ ਗਰਗ, ਵਾਇਸ ਚੇਅਰਮੈਨ ਵੀਰਪਾਲ ਭਗਤਾ ਅਤੇ ਸੀਨੀਅਰ ਮੀਤ ਪ੍ਰਧਾਨ ਸਵਰਨ ਸਿੰਘ ਭਗਤਾ ਨੇ ਕਿਹਾ ਕਿ ਇਲਾਕੇ ਵਿਚ ਇੱਕ ਚੰਗੀ ਤੇ ਉਸਾਰੂ ਪੱਤਰਕਾਰੀ ਦੇ ਨਾਲ ਨਾਲ ਪ੍ਰੈਸ ਕਲੱਬ ਵਲੋਂ ਪਿਛਲੇ ਦਸ ਸਾਲਾਂ ਤੋਂ ਸਮਾਜ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ, ਜਿਹੜੇ ਨਿਰੰਤਰ ਜਾਰੀ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਸਰਕਾਰੀ ਸਕੂਲਾਂ ਦੇ ਹੁਸ਼ਿਆਰ ਵਿਦਿਆਰਥੀਆਂ ਅਤੇ ਚੰਗੇ ਨਤੀਜੇ ਵਾਲੇ ਅਧਿਆਪਕਾਂ ਤੇ ਸਕੂਲਾਂ ਦਾ ਹੌਸਲਾ ਵਧਾਉਣ ਲਈ ਯਤਨ ਜਾਰੀ ਰਹਿਣਗੇ।
ਇਸ ਸਮੇਂ ਕਲੱਬ ਦੇ ਮੀਤ ਪ੍ਰਧਾਨ ਰਾਜਿੰਦਰਪਾਲ ਸ਼ਰਮਾ, ਸਕੱਤਰ ਹਰਜੀਤ ਸਿੰਘ ਗਿੱਲ, ਖਜ਼ਾਨਚੀ ਸਿਕੰਦਰ ਸਿੰਘ ਜੰਡੂ ਹਾਜ਼ਰ ਸਨ।