ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁਣ ਵਾਲਿਆਂ ਤੋਂ ਸੁਚੇਤ ਰਹਿਣ ਪੰਜਾਬੀ - ਡਾ. ਬਲਬੀਰ ਸਿੰਘ
- ਸਿਹਤ ਮੰਤਰੀ ਨੇ ਅਲਿਮਕੋ' ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਦਿਵਿਆਂਗ 231 ਲਾਭਪਾਤਰੀਆਂ ਨੂੰ ਸਹਾਇਕ ਉਪਕਰਣ ਵੰਡੇ
- ਕਿਹਾ, ਬੇਸਹਾਰਾ ਮਹਿਸੂਸ ਨਾ ਕਰਨ ਦਿਵਿਆਂਗਜਨ, ਪਹੁੰਚਾਏ ਜਾਣਗੇ ਸਰਕਾਰੀ ਸਕੀਮਾਂ ਦੇ ਲਾਭ
ਪਟਿਆਲਾ, 18 ਜੁਲਾਈ 2025 - ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਪੰਜਾਬ ਵਾਸੀਆਂ ਨੂੰ ਸੁਚੇਤ ਕਰਦਿਆਂ ਆਖਿਆ ਹੈ ਕਿ ਕੁੱਝ ਲੋਕ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ ਜਿਸ ਲਈ ਪੰਜਾਬੀਆਂ ਨੂੰ ਅਜਿਹੇ ਲੋਕਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਡਾ. ਬਲਬੀਰ ਸਿੰਘ ਨੇ ਅੱਜ ਇੱਥੇ ਪੰਚਾਇਤ ਭਵਨ ਵਿਖੇ 'ਅਲਿਮਕੋ' (ਆਰਟੀਫਿਸ਼ੀਅਲ ਲਿੰਬਸ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਫ ਇੰਡੀਆ) ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਦੀ 25.51 ਲੱਖ ਰੁਪਏ ਦੀ ਲਾਗਤ ਨਾਲ 231 ਦਿਵਿਆਂਗ ਲਾਭਪਾਤਰੀਆਂ ਲਈ ਸਹਾਇਕ ਉਪਕਰਣ ਵੰਡ ਪ੍ਰੋਗਰਾਮ ਦੌਰਾਨ ਕਿਹਾ ਕਿ ਜਿਹੜੀਆਂ ਪਾਰਟੀਆਂ ਦੇ ਆਗੂਆਂ ਨੇ ਪਹਿਲਾਂ ਪੰਜਾਬ ਦਾ ਮਾਹੌਲ ਖਰਾਬ ਕੀਤਾ ਸੀ, ਹੁਣ ਓਹੋ ਦੂਜਿਆਂ ਨੂੰ ਨਸੀਹਤਾਂ ਦੇ ਰਹੇ ਹਨ।
ਸਿਹਤ ਮੰਤਰੀ ਨੇ ਲਾਭਪਾਤਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਦਿਵਿਆਂਗ ਵਿਅਕਤੀਆਂ ਨੂੰ ਸਰਕਾਰੀ ਸਹੂਲਤਾਂ ਤੇ ਸਕੀਮਾਂ ਦਾ ਲਾਭ ਪਹੁੰਚਾਉਣ ਲਈ ਵਚਨਬੱਧ ਹੈ ਜਿਸ ਲਈ ਉਹ ਆਪਣੇ ਆਪ ਨੂੰ ਬੇਸਹਾਰਾ ਮਹਿਸੂਸ ਨਾ ਕਰਨ। ਡਾ ਬਲਬੀਰ ਸਿੰਘ ਨੇ ਕਿਹਾ ਕਿ ਬੱਚਿਆਂ ਤੋਂ ਭੀਖ ਮੰਗਵਾਉਣ ਦੀ ਬੁਰਾਈ ਨੂੰ ਰੋਕਣ ਲਈ ਜਿਹੜੇ ਭਿਖਾਰੀ ਬੱਚਿਆਂ ਤੋਂ ਭੀਖ ਮੰਗਵਾਉਂਦੇ ਹਨ, ਉਹਨਾਂ ਦਾ ਡੀ.ਐੱਨ.ਏ. ਟੈਸਟ ਵੀ ਪਟਿਆਲਾ ਵਿਖੇ ਬਹੁਤ ਜਲਦ ਸ਼ੁਰੂ ਹੋਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਦਿਵਿਆਂਗ ਵਿਅਕਤੀਆਂ ਦੇ ਰੋਜ਼ਾਨਾ ਜੀਵਨ ਅਤੇ ਗਤੀਸ਼ੀਲਤਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਜ਼ਰੂਰੀ ਉਪਕਰਣ ਜਿਵੇਂ ਇਲੈਕਟਰਿਕ ਟ੍ਰਾਈਸਾਈਕਲ ਜੋ ਕਿ ਇੱਕ ਵਾਰ ਚਾਰਜ ਕਰਨ ਨਾਲ 50 ਕਿੱਲੋਮੀਟਰ ਦੀ ਦੂਰੀ ਤੈਅ ਕਰਦੀ ਹੈ ਸਮੇਤ ਲੋੜਵੰਦਾਂ ਨੂੰ ਵ੍ਹੀਲਚੇਅਰ, ਕੰਨਾਂ ਦੀਆਂ ਮਸ਼ੀਨਾਂ, ਟ੍ਰਾਈਸਾਈਕਲਾਂ ਅਤੇ ਸਟਿੱਕਾਂ ਦੀ ਵੰਡ ਕੀਤੀ ਗਈ ਹੈ। ਇਹ ਸਾਰੇ ਉਪਕਰਣ ਏ.ਡੀ.ਆਈ.ਪੀ. ਸਕੀਮ ਦੇ ਅਧੀਨ ਅਲਿਮਕੋ ਵੱਲੋਂ ਲਾਭਾਰਥੀਆਂ ਨੂੰ ਵੰਡੇ ਗਏ ਹਨ।
ਉਹਨਾਂ ਕਿਹਾ ਕਿ ਦਿਵਿਆਂਗ ਵਿਅਕਤੀਆਂ ਵਲੋਂ ਇਸ ਗੱਲ ਦੀ ਮੰਗ ਕੀਤੀ ਜਾ ਰਹੀ ਸੀ ਕਿ ਉਹਨਾਂ ਵੱਲੋਂ ਰੋਜ਼ਾਨਾ ਜੀਵਨ ਵਿੱਚ ਆਉਣ-ਜਾਣ ਵਿੱਚ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਉਹ ਆਪਣੇ ਆਪ ਨੂੰ ਬਹੁਤ ਬੇਸਹਾਰਾ ਮਹਿਸੂਸ ਕਰ ਰਹੇ ਸਨ, ਜਿਸ ਕਰਕੇ ਇਹਨਾਂ ਉਪਕਰਣਾਂ ਦੀ ਵੰਡ ਕੀਤੀ ਗਈ ਹੈ ਅਤੇ ਖਾਸ ਕਰਕੇ ਬਿਜਲਈ ਟ੍ਰਾਈਸਾਇਕਲ ਇਨ੍ਹਾਂ ਦੇ ਬਹੁਤ ਕੰਮ ਆਵੇਗੀ। ਉਹਨਾਂ ਕਿਹਾ ਕਿ ਅਸੀਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਸਰਕਾਰੀ ਸਕੀਮਾਂ ਦਾ ਹਰੇਕ ਲਾਭਪਾਤਰੀ ਨੂੰ ਪੂਰਾ ਲਾਭ ਮਿਲਣਾ ਚਾਹੀਦਾ ਹੈ।
ਡਾ. ਬਲਬੀਰ ਸਿੰਘ ਨੇ ਵਲੰਟੀਅਰਾਂ ਦੀ ਸ਼ਲਾਘਾ ਕਰਦਿਆਂ ਉਹਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਰਕਾਰ ਹਰੇਕ ਲੋੜਵੰਦ ਵਿਅਕਤੀ ਦੀ ਬਾਂਹ ਫੜੇਗੀ ਅਤੇ ਹਰ ਤਰ੍ਹਾਂ ਦੀ ਮਦਦ ਕਰ ਰਹੀ ਹੈ।ਉਹਨਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਦਸਵੰਧ ਕੱਢ ਕੇ ਲੋੜਵੰਦਾਂ ਦੀ ਸਹਾਇਤਾ ਜ਼ਰੂਰ ਕਰਨੀ ਚਾਹੀਦੀ ਹੈ ਅਤੇ ਉਹ ਖੁਦ ਵੀ ਆਪਣੀ ਦਸਾਂ ਨਹੁੰਆਂ ਦੀ ਕਿਰਤ ਵਿੱਚੋਂ ਵੱਧ ਤੋਂ ਵੱਧ ਗਰੀਬ ਲੋੜਵੰਦ ਲੋਕਾਂ ਦੀ ਘਰਾਂ ਦੀ ਮੁਰੰਮਤ ਵੀ ਕਰਵਾਉਣਗੇ। ਉਹਨਾਂ ਨੇ ਇਸ ਮੌਕੇ ਸਰਕਾਰ ਦੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ', 'ਡੇਂਗੂ ਉੱਤੇ ਵਾਰ' ਆਦਿ ਦਾ ਜਿਕਰ ਕਰਦਿਆਂ ਦੱਸਿਆ ਕਿ ਉਹ ਹੜ੍ਹਾਂ ਤੋਂ ਬਚਾਅ ਸਬੰਧੀ ਯੋਜਨਾਵਾਂ ਦਾ ਵੀ ਆਪ ਨਿਰੀਖਣ ਕਰ ਰਹੇ ਹਨ।
ਇਸ ਮੌਕੇ ਏਡੀਸੀ ਨਵਰੀਤ ਕੌਰ ਸੇਖੋਂ, ਅਲਿਮਕੋ ਵਲੋਂ ਅਲੋਕ ਸ਼ਾਹੂ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਜੋਬਨਦੀਪ ਕੌਰ ਚੀਮਾ, ਜਸਬੀਰ ਸਿੰਘ ਗਾਂਧੀ, ਜੈ ਸ਼ੰਕਰ, ਸੁਰੇਸ਼ ਰਾਏ, ਗੱਜਣ ਸਿੰਘ, ਮੋਹਿਤ ਕੁਮਾਰ, ਮੁਕਤਾ ਗੁਪਤਾ, ਦਵਿੰਦਰ ਕੌਰ, ਡੀਸੀ ਖਰੌੜ, ਹਰਪਾਲ ਪਾਲੀ, ਰੁਪਾਣਾ, ਮਨਵੀਰ ਸਿੰਘ ਵਿਰਕ, ਗੁਰਮੇਲ ਸਿੰਘ ਸਮੇਤ ਹੋਰ ਵੀ ਪਤਵੰਤੇ ਹਾਜ਼ਰ ਸਨ।