ਡੀ ਸੀ ਨੇ ਪੰਜਾਬ ਸੜਕ ਸਫਾਈ ਮਿਸ਼ਨ ਤਹਿਤ ਮੋਹਾਲੀ ਦੀਆਂ ਸੜਕਾਂ ਦਾ ਨਿਰੀਖਣ ਕੀਤਾ
ਹਰਜਿੰਦਰ ਸਿੰਘ ਭੱਟੀ
- ਸਫਾਈ, ਸਟਰੀਟ ਲਾਈਟਾਂ, ਸੀਵਰੇਜ, ਗਰਿੱਲਾਂ ਅਤੇ ਸਾਈਡ ਬਰਮ ਦੇ ਰੱਖ-ਰਖਾਅ 'ਤੇ ਤੁਰੰਤ ਕਾਰਵਾਈ ਦੇ ਨਿਰਦੇਸ਼ ਦਿੱਤੇ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 18 ਜੁਲਾਈ 2025 - ਜ਼ਿਲ੍ਹੇ ਵਿੱਚ ਦੋ ਦਿਨ ਪਹਿਲਾਂ ਸ਼ੁਰੂ ਕੀਤੇ ਗਏ ਪੰਜਾਬ ਸੜਕ ਸਫਾਈ ਮਿਸ਼ਨ ਦੀ ਨਿਰੰਤਰਤਾ ਵਿੱਚ, ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਬੱਸ ਸਟੈਂਡ ਲਾਈਟਾਂ ਤੋਂ ਲੈ ਕੇ ਫੇਜ਼ 11, ਮੋਹਾਲੀ ਤੱਕ ਸੜਕ ਦੇ ਹਿੱਸੇ ਦਾ ਵਿਸਤ੍ਰਿਤ ਨਿਰੀਖਣ ਕੀਤਾ। ਇਹ ਸੜਕ ਉਨ੍ਹਾਂ ਦੇ ਹਿੱਸੇ ਆਈ ਹੈ।
ਨਿਰੀਖਣ ਦੇ ਵੇਰਵੇ ਸਾਂਝੇ ਕਰਦੇ ਹੋਏ, ਡੀ ਸੀ ਕੋਮਲ ਮਿੱਤਲ ਨੇ ਕਿਹਾ ਕਿ ਫੇਜ਼ 6 ਦੇ ਲਾਈਟ ਪੁਆਇੰਟ ਤੋਂ 11 ਤੱਕ ਦੇ ਸੜਕੀ ਹਿੱਸੇ ਦੀ ਪੂਰੀ ਡੂੰਘਾਈ ਨਾਲ ਸਮੀਖਿਆ ਕੀਤੀ ਗਈ। ਅਧਿਕਾਰੀਆਂ ਨੂੰ ਸਮਾਂਬੱਧ ਢੰਗ ਨਾਲ ਸਾਰੀਆਂ ਸਮੱਸਿਆਵਾਂ ਨੂੰ ਠੀਕ ਕਰਨ ਦੇ ਨਿਰਦੇਸ਼ ਦਿੱਤੇ ਗਏ।
ਫੇਜ਼ 6 ਲਾਈਟ ਪੁਆਇੰਟ 'ਤੇ, ਉਨ੍ਹਾਂ ਨੇ ਕੰਮ ਦੀ ਭਾਲ ਵਿੱਚ ਵਾਹਨਾਂ ਨੂੰ ਰੋਕਦੇ ਮਜ਼ਦੂਰਾਂ ਦੇ ਇੱਕ ਅਸੰਗਠਿਤ ਇਕੱਠ ਨੂੰ ਦੇਖਿਆ। ਉਨ੍ਹਾਂ ਨੇ ਨਿਰਦੇਸ਼ ਦਿੱਤਾ ਕਿ ਉਹਨਾਂ ਨੂੰ ਇੱਕ ਨਿਰਧਾਰਤ ਸਥਾਨ 'ਤੇ ਤਬਦੀਲ ਕੀਤਾ ਜਾਵੇ ਜਿੱਥੇ ਆਵਾਜਾਈ ਦਾ ਪ੍ਰਵਾਹ ਬੇਰੋਕ ਰਹੇ।
ਫੇਜ਼ 1 ਪੁਲਿਸ ਸਟੇਸ਼ਨ ਦੇ ਸਾਹਮਣੇ ਤੋਂ ਲੰਘਦੇ ਸਮੇਂ, ਡੀ ਸੀ ਨੇ ਸਾਈਡ ਬਰਮ ਦੀ ਮਾੜੀ ਹਾਲਤ ਨੂੰ ਦੇਖਿਆ, ਜੋ ਕਿ ਜ਼ਬਤ ਕੀਤੇ ਵਾਹਨਾਂ ਨਾਲ ਭਰੇ ਹੋਏ ਸਨ। ਉਨ੍ਹਾਂ ਨੇ ਉਨ੍ਹਾਂ ਨੂੰ ਤੁਰੰਤ ਹਟਾਉਣ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸੜਕ ਦੇ ਨਾਲ ਲਟਕਦੀਆਂ ਬਿਜਲੀ ਦੀਆਂ ਤਾਰਾਂ ਦਾ ਵੀ ਸਖ਼ਤ ਨੋਟਿਸ ਲਿਆ ਅਤੇ ਪੀ ਐਸ ਪੀ ਸੀ ਐਲ ਨੂੰ ਉਨ੍ਹਾਂ ਨੂੰ ਸਹੀ ਢੰਗ ਨਾਲ ਸੁਰੱਖਿਅਤ ਕਰਨ ਦੇ ਨਿਰਦੇਸ਼ ਦਿੱਤੇ।
ਸਵਰਾਜ ਲਾਈਟ ਪੁਆਇੰਟ 'ਤੇ, ਉਨ੍ਹਾਂ ਨੇ ਸੜਕ 'ਤੇ ਕੂੜਾ ਖਿੰਡਿਆ ਹੋਇਆ ਪਾਇਆ ਅਤੇ ਤੁਰੰਤ ਹਟਾਉਣ ਦੇ ਆਦੇਸ਼ ਦਿੱਤੇ। ਫੇਜ਼ 5 ਵਿੱਚ, ਮੈਂਗੋ ਬੈਲਟ ਦੇ ਨੇੜੇ, ਉਨ੍ਹਾਂ ਨੇ ਪਾਣੀ ਖੜ੍ਹਨ ਤੋਂ ਰੋਕਣ ਅਤੇ ਬਾਰਿਸ਼ ਦੌਰਾਨ ਸੁਚਾਰੂ ਆਵਾਜਾਈ ਪ੍ਰਵਾਹ ਨੂੰ ਯਕੀਨੀ ਬਣਾਉਣ ਲਈ ਮੀਂਹ ਦੇ ਪਾਣੀ ਦੀ ਸੰਭਾਲ ਦਾ ਢਾਂਚਾ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।
ਫੇਜ਼ 3ਬੀ2, 7 ਅਤੇ 9 ਵਿੱਚ ਬਾਜ਼ਾਰਾਂ ਅਤੇ ਸੜਕਾਂ ਦੇ ਹਿੱਸਿਆਂ ਦਾ ਨਿਰੀਖਣ ਕਰਦੇ ਹੋਏ, ਉਨ੍ਹਾਂ ਨੇ ਹਰੀਆਂ ਪੱਟੀਆਂ, ਟੁੱਟੀਆਂ ਗਰਿੱਲਾਂ, ਬੂਟਿਆਂ ਵਿੱਚ ਜ਼ਿਆਦਾ ਅੰਤਰ ਅਤੇ ਸਾਈਡ ਬਰਮਾਂ 'ਤੇ ਕਬਜ਼ਿਆਂ ਪ੍ਰਤੀ ਅਣਗਹਿਲੀ ਵਾਲੀ ਸਥਿਤੀ 'ਤੇ ਚਿੰਤਾ ਪ੍ਰਗਟ ਕੀਤੀ।
ਡੀ ਸੀ ਨੇ ਗੁਰਦੁਆਰਾ ਸਾਚਾ ਧਨ ਸਾਹਿਬ (ਫੇਜ਼ 3ਬੀ1) ਤੋਂ ਚਾਵਲਾ ਲਾਈਟਾਂ ਤੱਕ ਪਾਣੀ ਭਰਨ ਦੇ ਹਿੱਸੇ ਦਾ ਗੰਭੀਰ ਨੋਟਿਸ ਲਿਆ ਅਤੇ ਅਧਿਕਾਰੀਆਂ ਨੂੰ ਜਲਦੀ ਤੋਂ ਜਲਦੀ ਸਟੌਰਮ ਸੀਵਰ ਲਾਈਨ ਵਿਛਾਉਣ ਦੇ ਨਿਰਦੇਸ਼ ਦਿੱਤੇ।
ਫੇਜ਼ 8 ਤੋਂ 11 ਦੇ ਆਪਣੇ ਦੌਰੇ ਦੌਰਾਨ, ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਹੀ ਸੜਕੀ ਸੰਕੇਤ ਅਤੇ ਪੂਰੀ ਤਰ੍ਹਾਂ ਕਾਰਜਸ਼ੀਲ ਸਟਰੀਟ ਲਾਈਟਾਂ ਨੂੰ ਯਕੀਨੀ ਬਣਾਉਣ, ਖਾਸ ਕਰਕੇ ਗੁਰਦੁਆਰਾ ਅੰਬ ਸਾਹਿਬ ਅਤੇ ਪੀ ਐਸ ਈ ਬੀ ਦੇ ਵਿਚਕਾਰ ਚੌਕ ਅਤੇ ਸੜਕ ਦੇ ਹਿੱਸੇ 'ਤੇ। ਉਨ੍ਹਾਂ ਨੂੰ ਫੇਜ਼ 9 ਵਿੱਚ ਚੱਲ ਰਹੇ ਸੀਵਰ ਲਾਈਨ ਦੇ ਕੰਮ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸੜਕ ਸਫਾਈ ਮਿਸ਼ਨ ਅਧੀਨ ਇਨ੍ਹਾਂ ਫੀਲਡ ਦੌਰਿਆਂ ਦਾ ਉਦੇਸ਼, ਟੋਇਆਂ ਦੀ ਸਮੇਂ ਸਿਰ ਮੁਰੰਮਤ, ਸੜਕਾਂ ਦੇ ਆਵਾਜਾਈ ਨਿਸ਼ਾਨ ਸਪੱਸ਼ਟ ਕਰਨੇ, ਸੁਰੱਖਿਅਤ ਫੁੱਟਪਾਥ, ਕੰਮ ਕਰਨ ਵਾਲੀਆਂ ਸਟਰੀਟ ਲਾਈਟਾਂ, ਨਿਯਮਤ ਰੂਪ ਵਿੱਚ ਰਹਿੰਦ-ਖੂੰਹਦ ਹਟਾਉਣਾ, ਅਤੇ ਸਮੁੱਚੀ ਨਾਗਰਿਕ ਸਫਾਈ ਅਤੇ ਬੁਨਿਆਦੀ ਢਾਂਚੇ ਦੀ ਦੇਖਭਾਲ ਨੂੰ ਯਕੀਨੀ ਬਣਾਉਣਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਅੱਜ ਦਾ ਨਿਰੀਖਣ ਐਮ ਸੀ ਮੋਹਾਲੀ ਅਤੇ ਗਮਾਡਾ ਦੀਆਂ ਇੰਜੀਨੀਅਰਿੰਗ ਅਤੇ ਸੈਨੀਟੇਸ਼ਨ ਟੀਮਾਂ ਨਾਲ ਕੀਤਾ ਗਿਆ ਸੀ, ਅਤੇ ਸਾਰੇ ਸਬੰਧਤ ਵਿਭਾਗਾਂ ਨੂੰ ਅਗਲੀ ਸਮੀਖਿਆ ਤੋਂ ਪਹਿਲਾਂ, ਪਹਿਲ ਦੇ ਆਧਾਰ 'ਤੇ ਮੁਸ਼ਕਿਲਾਂ ਨੂੰ ਹੱਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।