ਮੁਲਜ਼ਮ ਦੀ ਸਾਥਣ ਨੇ ਡਿਊਟੀ 'ਤੇ ਮੌਜੂਦ ਇੱਕ ਲੇਡੀ ਪੁਲਿਸ ਮੁਲਾਜ਼ਮ 'ਤੇ ਕੀਤਾ ਹਮਲਾ
- ਸੋਨੇ ਦੀ ਚੇਨ ਖੋਹੀ
ਮੁੰਬਈ, 16 ਜੁਲਾਈ 2025 - ਮੁੰਬਈ ਦੇ ਛਤਰਪਤੀ ਸੰਭਾਜੀਨਗਰ ਜ਼ਿਲ੍ਹੇ ਦੇ ਬਿਡਕਿਨ ਪੁਲਿਸ ਸਟੇਸ਼ਨ ਵਿੱਚ ਡਿਊਟੀ 'ਤੇ ਤਾਇਨਾਤ ਇੱਕ ਮਹਿਲਾ ਪੁਲਿਸ ਕਰਮਚਾਰੀ 'ਤੇ ਇੱਕ ਹੋਰ ਔਰਤ ਨੇ ਹਮਲਾ ਕਰ ਦਿੱਤਾ। ਇਹ ਘਟਨਾ ਉਦੋਂ ਵਾਪਰੀ ਜਦੋਂ ਰਜ਼ੀਆ ਰਿਆਜ਼ ਸ਼ੇਖ ਨਾਮ ਦੀ ਇੱਕ ਔਰਤ ਇੱਕ ਸ਼ੱਕੀ ਦੋਸ਼ੀ ਨੂੰ ਲੈ ਕੇ ਪੁਲਿਸ ਸਟੇਸ਼ਨ ਪਹੁੰਚੀ, ਜਿਸਨੂੰ ਪੁੱਛਗਿੱਛ ਲਈ ਲਿਆਂਦਾ ਗਿਆ ਸੀ।
ਘਟਨਾ ਦੌਰਾਨ, ਦੋਸ਼ੀ ਔਰਤ ਰਜ਼ੀਆ, ਥਾਣੇ ਦੇ ਪੀਐਸਓ ਕਮਰੇ ਵਿੱਚ ਦਾਖਲ ਹੋਈ ਅਤੇ ਡਿਊਟੀ 'ਤੇ ਮੌਜੂਦ ਮਹਿਲਾ ਪੁਲਿਸ ਅਧਿਕਾਰੀ, ਸਮੀਨਾ ਅਹਿਮਦ ਸ਼ੇਖ ਨਾਲ ਬਹਿਸ ਕਰਨ ਲੱਗ ਪਈ। ਉਸਨੇ ਮੁਲਾਜ਼ਮ ਨਾਲ ਬਦਸਲੂਕੀ ਕੀਤੀ, ਕੱਪੜੇ ਖਿੱਚੇ ਅਤੇ ਥੱਪੜ ਮਾਰ ਦਿੱਤਾ।
ਇਸ ਤੋਂ ਬਾਅਦ ਰਜ਼ੀਆ ਨੇ ਸਮੀਨਾ ਸ਼ੇਖ ਦੇ ਗਲੇ ਵਿੱਚੋਂ ਦੋ ਗ੍ਰਾਮ ਵਜ਼ਨ ਦੀ ਸੋਨੇ ਦੀ ਚੇਨ ਜ਼ਬਰਦਸਤੀ ਖੋਹ ਲਈ। ਇੰਨਾ ਹੀ ਨਹੀਂ, ਉਸਨੇ ਲੇਡੀ ਮੁਲਾਜ਼ਮ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਇਸ ਪੂਰੀ ਘਟਨਾ ਦੀ ਵੀਡੀਓ ਇੱਕ ਵਿਅਕਤੀ ਨੇ ਰਿਕਾਰਡ ਕੀਤੀ। ਜੋ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਘਟਨਾ ਤੋਂ ਬਾਅਦ, ਦੋਸ਼ੀ ਰਜ਼ੀਆ ਰਿਆਜ਼ ਸ਼ੇਖ ਵਿਰੁੱਧ ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ, ਹਮਲਾ ਕਰਨ, ਚੋਰੀ ਅਤੇ ਧਮਕੀ ਦੇਣ ਵਰਗੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਸੁਰੱਖਿਆ ਬਾਰੇ ਉੱਠੇ ਸਵਾਲ
ਥਾਣੇ ਵਿੱਚ ਮਹਿਲਾ ਪੁਲਿਸ ਮੁਲਾਜ਼ਮਾਂ 'ਤੇ ਹੋਏ ਹਮਲੇ ਦੀ ਵੀਡੀਓ ਉੱਥੇ ਮੌਜੂਦ ਇੱਕ ਵਿਅਕਤੀ ਨੇ ਮੋਬਾਈਲ 'ਤੇ ਕੈਦ ਕਰ ਲਈ। ਅਤੇ ਇਸਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ। ਮੁੰਬਈ ਸਮੇਤ ਮਹਾਰਾਸ਼ਟਰ ਵਿੱਚ ਹਰ ਰੋਜ਼ ਪੁਲਿਸ ਮੁਲਾਜ਼ਮਾਂ ਵਿਰੁੱਧ ਹਿੰਸਾ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸ ਘਟਨਾ ਨੇ ਪੁਲਿਸ ਸਟੇਸ਼ਨ ਵਿੱਚ ਸੁਰੱਖਿਆ ਪ੍ਰਬੰਧਾਂ ਅਤੇ ਮਹਿਲਾ ਪੁਲਿਸ ਕਰਮਚਾਰੀਆਂ ਦੀ ਉਨ੍ਹਾਂ ਦੇ ਕੰਮ ਵਾਲੀ ਥਾਂ 'ਤੇ ਸੁਰੱਖਿਆ ਨੂੰ ਲੈ ਕੇ ਕਈ ਸਵਾਲ ਖੜ੍ਹੇ ਕੀਤੇ ਹਨ।