ਪੰਜਾਬ ਵਿੱਚੋਂ ਨਸ਼ਿਆਂ ਦਾ ਹੋਵੇਗਾ ਮੁਕੰਮਲ ਖਾਤਮਾ : ਖੁੱਡੀਆਂ
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪਿੰਡ ਖੁੱਡੀਆਂ ਗੁਲਾਬ ਸਿੰਘ, ਖੁੱਡੀਆਂ ਮਹਾ ਸਿੰਘ ਅਤੇ ਥਰਾਜਵਾਲਾ ਵਿੱਚ ਜਾਗਰੂਕਤਾ ਸਮਾਗਮ
ਸ੍ਰੀ ਮੁਕਤਸਰ ਸਾਹਿਬ, 18 ਜੁਲਾਈ:
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪੰਜਾਬ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਦਾ ਸੱਦਾ ਦਿੰਦੇ ਹੋਏ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਕੈਬਨਿਟ ਮੰਤਰੀ ਪੰਜਾਬ ਸ੍ਰੀ ਗੁਰਮੀਤ ਸਿੰਘ ਖੁੱਡੀਆਂ ਨੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਲੰਬੀ ਦੇ ਪਿੰਡ ਖੁੱਡੀਆਂ ਗੁਲਾਬ ਸਿੰਘ, ਖੁੱਡੀਆਂ ਮਹਾ ਸਿੰਘ ਅਤੇ ਥਰਾਜਵਾਲਾ ਵਿੱਚ ਨਸ਼ਾ ਮੁਕਤੀ ਯਾਤਰਾ ਦੌਰਾਨ ਜਾਗਰੂਕਤਾ ਪ੍ਰੋਗਰਾਮਾਂ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਬੋਲਦਿਆਂ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਅਧੀਨ ਵਿੱਢੀ ਗਈ ਲੜਾਈ ਤਹਿਤ ਸੂਬੇ ਵਿੱਚੋਂ ਨਸ਼ਿਆਂ ਨੂੰ ਹਰ ਹੀਲੇ ਖਤਮ ਕੀਤਾ ਜਾਵੇਗਾ ਅਤੇ ਇਸੇ ਅਹਿਦ ਤਹਿਤ ਨਸ਼ਾ ਤਸਕਰਾਂ ਵਿਰੁੱਧ ਸਖਤ ਕਾਰਵਾਈ ਲਗਾਤਾਰ ਜਾਰੀ ਹੈ।
ਇਸ ਮੌਕੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਪਿੰਡ ਥਰਾਜਵਾਲਾ ਵਿਖੇ ਸਾਫ ਪੀਣਯੋਗ ਪਾਣੀ ਦੀ ਸੁਖਾਲੀ ਉਪਲਬਧਤਾ ਲਈ ਨਵੇਂ ਆਰ.ਓ. ਪਲਾਂਟ ਦਾ ਵੀ ਉਦਘਾਟਨ ਕੀਤਾ ਗਿਆ।
ਨਸ਼ਾ ਮੁਕਤੀ ਯਾਤਰਾ ਦਾ ਮੰਤਵ ਸਾਂਝਾ ਕਰਦਿਆਂ ਕੈਬਨਿਟ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ, ਵਾਰਡਾਂ, ਗਲੀ, ਮੁਹੱਲਿਆਂ ਵਿੱਚ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਅਤੇ ਨਸ਼ਾ ਤਸਕਰਾਂ ਸਬੰਧੀ ਸੂਚਨਾ ਪੁਲਿਸ ਨੂੰ ਦੇਣ ਤਾਂ ਜੋ ਉਨ੍ਹਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਸਕੇ।
ਕੈਬਨਿਟ ਮੰਤਰੀ ਸ. ਖੁੱਡੀਆਂ ਪੇਂਡੂ ਸੁਰੱਖਿਆ ਕਮੇਟੀਆਂ, ਪੰਚਾਇਤਾਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਉਹ ਪਿੰਡਾਂ ਦੇ ਪਹਿਰੇਦਾਰ ਵਜੋਂ ਕੰਮ ਕਰਕੇ ਨਸ਼ਿਆਂ ‘ਚ ਗ੍ਰਸਤ ਲੋਕਾਂ ਦੇ ਇਲਾਜ ਤੇ ਪੁਨਰਵਾਸ ਲਈ ਸਰਕਾਰ ਦਾ ਸਹਿਯੋਗ ਕਰਨ ਤਾਂ ਜੋ ਅਜਿਹੇ ਲੋਕਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਿਲ ਕਰਕੇ ਉਨ੍ਹਾਂ ਨੂੰ ਨਵਾਂ ਜੀਵਨ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅੱਜ ਪਿੰਡ-ਪਿੰਡ ਜਾ ਕੇ ਸਾਡੀ ਨੌਜਵਾਨੀ ਨੂੰ ਬਚਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ਨਿਰਣਾਇਕ ਲੜਾਈ ਵਿੱਢੀ ਗਈ ਹੈ, ਜਿਸ ਵਿੱਚ ਲੋਕਾਂ ਦਾ ਸਾਥ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਅਸੀਂ ਨਸ਼ਿਆਂ ਦੀ ਇਸ ਭੈੜੀ ਅਲਾਮਤ ਤੋਂ ਛੁਟਕਾਰਾ ਪਾ ਸਕਦੇ ਹਾਂ।
ਇਸ ਮੌਕੇ ਯੂਥ ਆਗੂ ਅਮੀਤ ਸਿੰਘ ਖੁੱਡੀਆਂ, ਡਾ: ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫ਼ਸਰ, ਡਾ. ਗੁਰਦਿੱਤ ਸਿੰਘ ਡਿਪਟੀ ਡਾਇਰੈਕਟਰ, ਗੁਰਦੀਪ ਸਿੰਘ ਨਾਇਬ ਤਹਿਸੀਲਦਾਰ, ਰਾਕੇਸ਼ ਬਿਸ਼ਨੋਈ ਬੀਡੀਪੀਓ, ਨਸ਼ਾ ਮੁਕਤੀ ਮੋਰਚੇ ਦੇ ਜ਼ਿਲ੍ਹਾ ਇੰਚਾਰਜ ਮਨਵੀਰ ਸਿੰਘ ਖੁੱਡੀਆਂ ਤੋਂ ਇਲਾਵਾ ਹਲਕਾ ਲੰਬੀ ਮੋਰਚੇ ਦੇ ਇੰਚਾਰਜ ਪਰਮਪਾਲ ਸਿੰਘ, ਕੈਬਨਿਟ ਮੰਤਰੀ ਦੇ ਨਿੱਜੀ ਸਹਾਇਕ ਗੁਰਬਾਜ ਸਿੰਘ ਖੁੱਡੀਆਂ, ਰੁਪਿੰਦਰ ਸਿੰਘ ਸਿੱਧੂ ਸਰਪੰਚ ਗੁਲਾਬ ਸਿੰਘ ਵਾਲਾ, ਹਰਮੇਲ ਸਿੰਘ ਸਰਪੰਚ ਮਹਾਂ ਸਿੰਘ ਵਾਲਾ, ਗੁਰਬਾਜ ਸਿੰਘ ਵਣਵਾਲਾ, ਰਛਪਾਲ ਸਿੰਘ ਚੇਅਰਮੈਨ, ਜਗਦੀਸ਼ ਰਾਮ, ਵਿਪਨਜੀਤ ਸਿੰਘ ਮਾਨ, ਬੱਬੀ ਖੁੱਡੀਆਂ, ਡਾ. ਸ਼ਕਤੀਪਾਲ, ਗੁਰਵਿੰਦਰ ਸਿੰਘ ਇੰਸਪੈਕਟਰ ਲੰਬੀ, ਹਰਜਿੰਦਰ ਸਿੰਘ ਭੌਲ, ਖੁਸ਼ਵੀਰ ਸਿੰਘ ਸ਼ਹਿਣਾ ਖੇੜਾ, ਪਰਗਟ ਸਿੰਘ, ਰਣਜੀਤ ਕੌਰ ਸਰਪੰਚ ਥਰਾਜਵਾਲਾ, ਜਗਦੇਵ ਸਿੰਘ ਸਰਪੰਚ ਧੌਲਾ, ਰਾਜਦੀਪ ਥਰਾਜਵਾਲਾ, ਬੌਬੀ ਲਾਲਬਾਈ, ਕੁਲਵਿੰਦਰ ਸਿੰਘ ਸਾਬਕਾ ਮੈਂਬਰ, ਦਰਸ਼ਨ ਸਿੰਘ ਰਾਜਾ, ਮਨਪ੍ਰੀਤ ਸਿੰਘ ਪੋਪੀ, ਰਾਜਾ ਮਹੂਆਣਾ, ਰਾਜਾ ਭੀਟੀਵਾਲਾ ਅਤੇ ਹੋਰਨਾਂ ਪਿੰਡਾਂ ਦੀਆਂ ਪੰਚਾਇਤਾਂ ਹਾਜ਼ਰ ਸਨ।