ਪੰਥ ਦੀ ਪਾਰਟੀ ਨੂੰ ਇਸ ਜੁੰਡਲੀ ਨੇ ਪ੍ਰਾਈਵੇਟ ਲਿਮਿਟਡ ਕੰਪਨੀ ਬਣਾ ਦਿੱਤਾ : ਰਣਜੀਤ ਸਿੰਘ ਗਿੱਲ
ਚੰਡੀਗੜ੍ਹ, 18 ਜੁਲਾਈ 2025
ਸੀਨੀਅਰ ਅਕਾਲੀ ਲੀਡਰ ਰਣਜੀਤ ਸਿੰਘ ਗਿੱਲ ਨੇ ਅੱਜ ਅਕਾਲੀ ਦੱਲ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਹੁਣ ਦੱਸਿਆ ਕਿ ਉਨ੍ਹਾਂ ਅਸਤੀਫ਼ਾ ਕਿਉਂ ਦਿੱਤਾ ?। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ , ਪੰਜਾਬ ਅਤੇ ਸਿੱਖ ਕੌਮ ਦੇ ਹੱਕਾਂ, ਬੇਹਤਰੀ ਅਤੇ ਤਰੱਕੀ ਲਈ ਸਿਰਮੌਰ ਅਤੇ ਮੋਢੀ ਰਾਜਨੀਤਿਕ ਪਾਰਟੀ ਹੈ। ਦੱਲ ਦਾ ਕੁਰਬਾਨੀਆਂ ਭਰਿਆ ਸੁਨਿਹਰੀ ਇਤਿਹਾਸ ਹੈ ਅਤੇ ਇਸਨੇ ਪੰਜਾਬ ਨੂੰ ਇਕ ਯੋਗ ਅਤੇ ਇਮਾਨਦਾਰੀ ਭਰੀ ਅਗੁਵਾਈ ਦਿੱਤੀ ਹੈ।
ਪ੍ਰੰਤੂ ਪਿਛਲੇ ਕੁਛ ਸਮੇਂ ਤੋਂ ਅਕਾਲੀ ਦਲ ਵਿੱਚ ਸਭ ਕੁਛ ਅੱਛਾ ਨਹੀਂ ਚੱਲ ਰਿਹਾ। ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਦੇ ਇਰਦ ਗਿਰਦ ਕੁਛ ਮੌਕਾਪ੍ਰਸਤ
ਕਾਬਜ਼ ਜੁੰਡਲੀ ਵਲੋਂ ਕੁਛ ਅਜਿਹਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਅਤੇ ਕੁਛ ਅਜਿਹੀਆਂ ਗੱਲਾਂ ਹੋਈਆਂ ਜਿਹਨਾਂ ਕਰਕੇ ਅਕਾਲੀ ਦਲ ਨਾਲ ਭਾਵੁਕ ਤੌਰ ਤੇ ਜੁੜੇ ਹੋਏ ਵਰਕਰਾਂ ਵਿਚ ਨਿਰਾਸ਼ਾ ਪੈਦਾ ਹੋ ਚੁੱਕੀ ਹੈ। ਪੰਜਾਬ ਅਤੇ ਪੰਥ ਨੂੰ ਸਮਰਪਿਤ ਆਮ ਘਰਾਂ ਦੇ ਵਰਕਰਾਂ ਨੂੰ ਲੀਡਰਸ਼ਿਪ ਦੇ ਇਰਦ-ਗਿਰਦ ਕਾਬਿਜ ਲੋਕਾਂ ਵੱਲੋਂ ਨਜ਼ਰਅੰਦਾਜ਼ ਕਰਕੇ ਉਹਨਾਂ ਲੋਕਾਂ ਦੀ ਚੌਧਰ ਪੈਦਾ ਕੀਤੀ ਗਈ ਜਿਹਨਾਂ ਦਾ ਅਕਾਲੀ ਦਲ ਦੀ ideology ਅਤੇ ਸੋਚ ਨਾਲ ਦੂਰ ਦਾ ਵਾਸਤਾ ਵੀ ਨਹੀਂ।
ਪੰਥ ਦੀ ਪਾਰਟੀ ਨੂੰ ਇਸ ਜੁੰਡਲੀ ਨੇ ਆਪਣੀ ਹੀ ਇਕ ਪ੍ਰਾਈਵੇਟ ਲਿਮਿਟਡ ਕੰਪਨੀ ਬਣਾ ਦਿੱਤਾ। "ਪੰਥ ਜੀਵੇ" ਦੀ ਭਾਵਨਾ ਦੀ ਜਗ੍ਹਾ ਇਹ ਜੁੰਡਲੀ ਹੀ ਜੀਵੇ ਦੀ ਸੋਚ ਪਾਰਟੀ ਵਿਚ ਭਾਰੂ ਹੋ ਗਈ।
ਪੰਥ ਦੇ ਮੁੱਖ ਮਸਲੇ, ਡੇਰਾ ਸੱਚੇ ਸੌਦੇ ਦੇ ਮੁਖੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਮਾਫ਼ੀ ਦਵਾਉਣੀ, ਬਰਗਾੜੀ ਦੇ ਮਸਲੇ, ਬੇਅਦਬੀ ਦੇ ਮਸਲੇ ਨੂੰ ਸਰਕਾਰ ਹੁੰਦਿਆਂ ਵੀ ਹਲ ਨਾ ਕਰਨਾ ਦਲ ਨੂੰ ਬਹੁਤ ਭਾਰੂ ਪਿਆ ਹੈ।
ਮਨੁੱਖ ਗੁਨਾਹਗਾਰ ਹੋ ਸਕਦਾ ਹੈ ਪਰ ਗੁਰੂ ਫੇਰ ਵੀ ਬਖਸ਼ਣਹਾਰ ਹੈ
ਅਕਾਲ ਤਖ਼ਤ ਸਾਹਿਬ ਨੇ ਤਨਖਾਹ ਲਾ ਕੇ ਮੁਆਫੀ ਦੇ ਦਿੱਤੀ ਫੇਰ ਵੀ ਇਸ ਜੁੰਡਲੀ ਨੇ ਆਪਣੇ ਨਿੱਜੀ ਮੁਫਾਦਾਂ ਲਈ ਲੀਡਰਸ਼ਿਪ ਨੂੰ ਗੁੰਮਰਾਹ ਕਰਕੇ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਮੰਗਣ ਤੋਂ ਮੁਨਕਰ ਕਰਾ ਦਿੱਤਾ ਅਤੇ ਸੰਗਤ ਤੋਂ ਭਗੌੜੇ ਕਹਿਲਾਏ। ਇਸ ਜੁੰਡਲੀ ਨੇ ਹੰਕਾਰ ਵਿਚ ਆ ਕੇ ਪੰਥ ਦੀਆਂ ਸਨਮਾਨਿਤ ਸ਼ਖ਼ਸੀਅਤਾਂ ਤਖਤਾਂ ਦੇ ਜਥੇਦਾਰ ਸਾਹਿਬਾਨ ਦੀ ਕਿਰਦਾਰ ਖੁਸ਼ੀ, ਨਿੱਜੀ ਗੰਦੇ ਹਮਲੇ ਕੀਤੇ, ਉਹਨਾਂ ਨੂੰ ਬੇਇੱਜ਼ਤੀ ਕਰਕੇ ਅਹੁਦਿਆਂ ਤੋਂ ਹਟਾਇਆ। ਕੱਟੜ ਕਾਂਗਰਸੀ ਚਮਚੇ ਅਤੇ ਗਾਂਧੀ ਖਾਨਦਾਨ ਦੇ ਖਾਸ ਦਿੱਲੀ ਵਾਲਿਆਂ ਹੱਥ ਅਕਾਲ ਤਖ਼ਤ ਸਾਹਿਬ ਦੀਆਂ ਕੁੰਜੀਆਂ ਫੜਾ ਦਿੱਤੀਆਂ।
ਕਾਫੀ ਸਮੇਂ ਤੋਂ ਮੈ ਨਿੱਜੀ ਤੌਰ ਤੇ ਇਹਨਾ ਘਟਨਾਵਾਂ ਤੋਂ ਪ੍ਰਭਾਵਿਤ ਹੋਇਆ ਅਤੇ ਪੰਥਕ ਹਿਤੈਸ਼ੀ ਹੋਣ ਦੇ ਨਾਤੇ ਸਾਰੇ ਪੰਥ ਦਾ ਦਰਦ ਮਹਿਸੂਸ ਕੀਤਾ।
ਆਪਣੇ ਜਮੀਰ ਦੀ ਅਵਾਜ ਤੇ ਅਤੇ ਹਲਕੇ ਦੇ ਲੋਕਾਂ ਦੀ ਭਾਵਨਾ ਮੁਤਾਬਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਅਕਾਲੀ ਲੀਡਰਸ਼ਿਪ ਨੂੰ ਲਾਈ ਤਨਖਾਹ ਕਰਕੇ ਬਦਲਣ ਦਾ ਵਿਰੋਧ ਕੀਤਾ ਤਾਂ ਮੈਨੂੰ ਵੀ ਏਸੇ ਜੁੰਡਲੀ ਦੀ ਨਰਾਜਗੀ ਝੱਲਣੀ ਪਈ।
ਜਦ ਤੋਂ ਮੈ ਸ਼੍ਰੋਮਣੀ ਅਕਾਲੀ ਦੇ ਵਰਕਰ ਬਣਿਆ, ਦਲ ਦਾ ਹਰ ਹੁਕਮ ਸਿਰ ਮੱਥੇ ਮੰਨਿਆ, ਹਰ ਸੇਵਾ ਪੂਰੀ ਤਨਦੇਹੀ, ਇਮਾਨਦਾਰੀ ਨਾਲ ਅਤੇ ਤਨ ਮਨ ਧਨ ਨਾਲ ਨਿਭਾਈ। ਹਮੇਸ਼ਾ ਦਲ ਦੇ ਭਰੋਸੇਯੋਗ ਅਤੇ ਨਿਮਾਣੇ ਅਤੇ ਅਨੁਸ਼ਾਸਿਤ ਸੇਵਕ ਵਜੋਂ ਕੰਮ ਕੀਤਾ।
ਪ੍ਰੰਤੂ ਦਲ ਵਿੱਚ ਹੋ ਰਹੀਆਂ ਘਟਨਾਵਾਂ ਕਰਕੇ ਹਿਰਦਾ ਵਲੂੰਧਰਿਆ ਗਿਆ ਹੈ।
ਬਦਲਾਅ ਕੁਦਰਤ ਦਾ ਇਕ ਨਿਯਮ ਹੈ। ਹਰ ਪਾਣੀ ਔਖੇ ਮੋੜ ਤੇ ਆਕੇ ਆਪਣਾ ਰਸਤਾ ਬਦਲਦਾ ਹੈ। ਸ਼ਾਇਦ ਮੇਰੇ ਲਈ ਵੀ ਹੁਣ ਰਸਤਾ ਬਦਲਣ ਦਾ ਸਮਾਂ ਆ ਗਿਆ ਹੈ ਅਤੇ ਭਰੇ ਮੰਨ ਨਾਲ ਸ਼੍ਰੋਮਣੀ ਅਕਾਲੀ ਦੱਲ ਤੋਂ ਅਸਤੀਫਾ ਦੇਣਾ ਪੈ ਰਿਹਾ ਹੈ।
ਅਸਤੀਫਾ ਸਿਰਫ ਸ਼ਿਰੋਮਣੀ ਅਕਾਲੀ ਦੱਲ ਤੋਂ ਦਿੱਤਾ ਹੈ, ਸਮਾਜ ਭਲਾਈ ਅਤੇ ਹਲਕਾ ਖਰੜ ਦੇ ਭੈਣਾਂ ਭਰਾਵਾਂ ਦੀ ਸੇਵਾ ਦਾ ਸਫ਼ਰ ਨਿਰੰਤਰ ਜਾਰੀ ਰਹੇਗਾ।