ਪਤਨੀ ਲਈ ਦਵਾਈ ਲੈਣ ਗਏ ਵਿਅਕਤੀ ਦੀ ਹੜ੍ਹ ਦੇ ਪਾਣੀ 'ਚ ਡੁੱਬ ਕੇ ਮੌਤ
ਫ਼ਿਰੋਜ਼ਪੁਰ, 6 ਸਤੰਬਰ 2025: ਪੰਜਾਬ ਵਿੱਚ ਹੜ੍ਹਾਂ ਨੇ ਕਹਿਰ ਢਾਹਿਆ ਹੋਇਆ ਹੈ। ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਟੱਲੀ ਗੁਲਾਮ ਵਿੱਚ ਇੱਕ ਦੁਖਦਾਈ ਘਟਨਾ ਵਾਪਰੀ ਹੈ, ਜਿੱਥੇ ਆਪਣੀ ਪਤਨੀ ਲਈ ਦਵਾਈ ਲੈਣ ਗਏ 50 ਸਾਲਾ ਗੁਰਮੀਤ ਸਿੰਘ ਦੀ ਹੜ੍ਹ ਦੇ ਪਾਣੀ ਵਿੱਚ ਡੁੱਬਣ ਨਾਲ ਮੌਤ ਹੋ ਗਈ।
ਇਹ ਮੰਦਭਾਗੀ ਘਟਨਾ ਸ਼ਨੀਵਾਰ ਦੁਪਹਿਰ ਨੂੰ ਵਾਪਰੀ। ਗੁਰਮੀਤ ਸਿੰਘ ਆਪਣੇ ਪਿੰਡ ਟੱਲੀ ਗੁਲਾਮ ਤੋਂ ਆਪਣੀ ਪਤਨੀ ਲਈ ਦਵਾਈ ਲੈਣ ਲਈ ਹੜ੍ਹ ਦੇ ਪਾਣੀ ਵਿੱਚੋਂ ਲੰਘ ਰਿਹਾ ਸੀ। ਪਾਣੀ ਵਿੱਚੋਂ ਲੰਘਦੇ ਸਮੇਂ ਉਸਦਾ ਪੈਰ ਤਿਲਕ ਗਿਆ ਅਤੇ ਉਹ ਡੂੰਘੇ ਪਾਣੀ ਵਿੱਚ ਜਾ ਡੁੱਬਿਆ।
ਬਚਾਅ ਟੀਮ ਦੀ ਕੋਸ਼ਿਸ਼
ਜਦੋਂ ਗੁਰਮੀਤ ਸਿੰਘ ਪਾਣੀ ਵਿੱਚ ਡੁੱਬ ਰਿਹਾ ਸੀ, ਤਾਂ ਖਾਲਸਾ ਏਡ ਅਤੇ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਦੀ ਟੀਮ ਰਾਹਤ ਸਮੱਗਰੀ ਪਹੁੰਚਾ ਕੇ ਵਾਪਸ ਆ ਰਹੀ ਸੀ। ਪੰਜਾਬੀ ਕਲਾਕਾਰ ਗੁਰਨਾਮ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਨੇ ਪਾਣੀ ਵਿੱਚ ਇੱਕ ਵਿਅਕਤੀ ਨੂੰ ਤੜਫਦੇ ਵੇਖਿਆ ਅਤੇ ਤੁਰੰਤ ਬੋਟ ਲੈ ਕੇ ਉਸ ਵੱਲ ਵਧੇ। ਟੀਮ ਨੇ ਬਹੁਤ ਜੱਦੋ-ਜਹਿਦ ਕਰਕੇ ਗੁਰਮੀਤ ਸਿੰਘ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ, ਪਰ ਉਦੋਂ ਤੱਕ ਉਹ ਬੇਹੋਸ਼ ਹੋ ਚੁੱਕਾ ਸੀ।
ਟੀਮ ਨੇ ਮੌਕੇ 'ਤੇ ਹੀ ਉਸਨੂੰ CPR ਦਿੱਤਾ ਅਤੇ ਐਂਬੂਲੈਂਸ ਨੂੰ ਬੁਲਾਇਆ। ਪਹਿਲਾਂ ਟਰੈਕਟਰ ਅਤੇ ਫਿਰ ਐਂਬੂਲੈਂਸ ਦੀ ਮਦਦ ਨਾਲ ਉਸਨੂੰ ਆਰਿਫ਼ਕੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।