ਘੱਗਰ 'ਚ ਪਾੜ ਪੈਣ ਨਾਲ ਡੁੱਬੀਆਂ ਫਸਲਾਂ ਡੇਰਾ ਪ੍ਰੇਮੀਆਂ ਨੇ ਪਿੰਡ ਵਾਸੀਆਂ ਦਾ ਹੱਥ ਵਟਾਇਆ
ਅਸ਼ੋਕ ਵਰਮਾ
ਸਿਰਸਾ, 6 ਸਤੰਬਰ 2025: ਸ਼ਨੀਵਾਰ ਸਵੇਰੇ ਹਿਸਾਰ ਤੋਂ ਕੁੱਝ ਦੂਰੀ ਤੇ ਘੱਗਰ ਨਦੀ ਵਿੱਚ ਪਾੜ ਪੈਣ ਨਾਲ ਮੋਡੀਆ ਖੇੜਾ ਅਤੇ ਗੁੜੀਆ ਖੇੜਾ ਦੀ ਸੈਂਕੜੇ ਏਕੜ ਫਸਲ ਪਾਣੀ ਵਿੱਚ ਡੁੱਬ ਗਈ। ਪ੍ਰਸ਼ਾਸਨ ਦੇ ਸੱਦੇ ਅਤੇ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਦੀ ਪ੍ਰੇਰਨਾ ਤਹਿਤ ਡੇਰਾ ਸੱਚਾ ਸੌਦਾ ਦੇ ਕਲਿਆਣ ਨਗਰ, ਏਲਨਾਬਾਦ, ਮਾਧੋਸਿੰਘਾਨਾ ਅਤੇ ਸ਼ਾਹ ਸਤਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਹੋਰ ਬਲਾਕਾਂ ਦੇ ਲਗਭਗ 500 ਸੇਵਾਦਾਰ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਪਾੜ ਪੂਰਨ ਦੇ ਯਤਨ ਸ਼ੁਰੂ ਕਰ ਦਿੱਤੇ। ਆਖਰੀ ਖਬਰਾਂ ਲਿਖੇ ਜਾਣ ਤੱਕ ਮਿੱਟੀ ਅਤੇ ਲੱਕੜੀ ਅਤੇ ਹੋਰ ਵੱਖ ਵੱਖ ਢੰਗਾਂ ਨਾਲ ਪਾਣੀ ਨੂੰ ਰੋਕਣ ਲਈ ਕੋਸ਼ਿਸ਼ਾਂ ਜਾਰੀ ਸਨ। ਗੁੜੀਆ ਖੇੜਾ ਦੇ ਸਰਪੰਚ ਭਰਤ ਸਿੰਘ ਅਤੇ ਮੋਡੀਆ ਖੇੜਾ ਦੇ ਸਰਪੰਚ ਭਾਰਤ ਸਿੰਘ ਨੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੇ ਇਸ ਸੇਵਾ ਕਾਰਜ ਦੀ ਪ੍ਰਸ਼ੰਸਾ ਕੀਤੀ।
ਉਨ੍ਹਾਂ ਕਿਹਾ ਕਿ ਸੇਵਾਦਾਰ ਪੂਰੀ ਸ਼ਰਧਾ ਅਤੇ ਲਗਨ ਨਾਲ ਬੰਨ੍ਹ ਬਣਾਉਣ ਵਿੱਚ ਲੱਗੇ ਹੋਏ ਹਨ, ਜਿਸ ਕਾਰਨ ਪਿੰਡ ਵਾਸੀਆਂ ਨੂੰ ਵੱਡੀ ਰਾਹਤ ਮਿਲੀ ਹੈ। ਤੁਹਾਨੂੰ ਦੱਸ ਦੇਈਏ ਕਿ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਪੰਜਾਬ, ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਕਾਰਜਾਂ ਵਿੱਚ ਸਰਗਰਮੀ ਨਾਲ ਲੱਗੇ ਹੋਏ ਹਨ। ਇਹ ਸੇਵਾਦਾਰ ਨਾ ਸਿਰਫ਼ ਰਾਹਤ ਸਮੱਗਰੀ ਵੰਡ ਰਹੇ ਹਨ, ਸਗੋਂ ਘਰ-ਘਰ ਜਾ ਕੇ ਪੀੜਤਾਂ ਦਾ ਹੌਸਲਾ ਵੀ ਵਧਾ ਰਹੇ ਹਨ। ਸੱਚੇ ਨਿਮਰ ਸੇਵਾਦਾਰ ਪਿਆਰੇ ਲਾਲ ਇੰਸਾਂ ਅਤੇ ਕਰਨੈਲ ਸਿੰਘ ਇੰਸਾਂ ਨੇ ਕਿਹਾ ਕਿ ਜਿਵੇਂ ਹੀ ਉਨ੍ਹਾਂ ਨੂੰ ਸਵੇਰੇ 5 ਵਜੇ ਕਟਾਅ ਦੀ ਜਾਣਕਾਰੀ ਮਿਲੀ ਤਾਂ ਉਹ ਸੇਵਾਦਾਰ ਲੈਕੇ ਮੌਕੇ ਤੇ ਪੁੱਜੇ ਸਨ। ਉਨ੍ਹਾਂ ਦੱਸਿਆ ਕਿ ਪਾੜ ਨੂੰ ਪੂਰਨ ਤੱਕ ਕੰਮ ਜਾਰੀ ਰੱਖਿਆ ਜਾਏਗਾ।