ਪੰਜਾਬ 'ਚ ਹੜ੍ਹਾਂ ਦੀ ਮਾਰ: ਸਸਰਾਲੀ ਕਲੋਨੀ ਵਿੱਚ ਸਥਿਤੀ ਕਾਬੂ ਹੇਠ: ਡੀ.ਸੀ
ਸੁਖਮਿੰਦਰ ਭੰਗੂ
ਲੁਧਿਆਣਾ, 6 ਸਤੰਬਰ 2025- ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਸ਼ਨੀਵਾਰ ਨੂੰ ਪੁਸ਼ਟੀ ਕੀਤੀ ਕਿ ਸਸਰਾਲੀ ਕਲੋਨੀ ਵਿੱਚ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਧੁੱਸੀ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਜ਼ੋਰਦਾਰ ਯਤਨ ਜਾਰੀ ਹਨ ਜਿਸ ਵਿੱਚ ਜ਼ਿਲ੍ਹਾ ਪ੍ਰਸ਼ਾਸਨ, ਭਾਰਤੀ ਫੌਜ, ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ (ਐਨ.ਡੀ.ਆਰ.ਐਫ) ਅਤੇ ਸੈਂਕੜੇ ਸਥਾਨਕ ਵਲੰਟੀਅਰ ਸ਼ਾਮਲ ਹਨ।
ਇੱਕ ਵੀਡੀਓ ਸੰਦੇਸ਼ ਵਿੱਚ ਹਿਮਾਂਸ਼ੂ ਜੈਨ ਨੇ ਲੋਕਾਂ ਨੂੰ ਕਿਹਾ ਕਿ ਜੇ ਪ੍ਰਸ਼ਾਸਨ ਦੀ ਸਹਾਇਤਾ ਕਰਨਾ ਚਾਹੁੰਦੇ ਹਨ ਤਾਂ ਸਿੱਧੇ ਤੌਰ 'ਤੇ ਸਾਈਟ 'ਤੇ ਮਜ਼ਦੂਰ, ਮਿੱਟੀ ਜਾਂ ਪਲਾਸਟਿਕ ਦੇ ਬੋਰੇ ਪ੍ਰਦਾਨ ਕਰਕੇ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਬੰਨ੍ਹ ਨੂੰ ਤੇਜ਼ੀ ਨਾਲ ਮਜ਼ਬੂਤ ਕਰਨ ਲਈ ਸਮੂਹਿਕ ਯਤਨਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ।
ਡਿਪਟੀ ਕਮਿਸ਼ਨਰ ਨੇ ਵਸਨੀਕਾਂ ਨੂੰ ਸ਼ਾਂਤ ਰਹਿਣ, ਗੈਰ-ਪ੍ਰਮਾਣਿਤ ਜਾਣਕਾਰੀ ਫੈਲਾਉਣ ਤੋਂ ਬਚਣ ਅਤੇ ਸਹੀ ਜਾਣਕਾਰੀ ਲਈ ਜ਼ਿਲ੍ਹਾ ਲੋਕ ਸੰਪਰਕ ਅਫਸਰ (ਡੀ.ਪੀ.ਆਰ.ਓ) ਲੁਧਿਆਣਾ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲਾਂ ਰਾਹੀਂ ਪ੍ਰਸਾਰਿਤ ਕੀਤੀ ਗਈ ਪ੍ਰਮਾਣਿਤ ਜਾਣਕਾਰੀ 'ਤੇ ਹੀ ਭਰੋਸਾ ਕਰਨ ਦੀ ਅਪੀਲ ਕੀਤੀ।