ਨਿੰਦਰ ਘੁਗਿਆਣਵੀ ਦਾ ਕਾਲਮ: ਮੇਰਾ ਕੋਨਾ
ਮੇਰਾ ਕੋਨਾ/ ਨਿੰਦਰ ਘੁਗਿਆਣਵੀ
ਭਾਣੇ ਵਾਲੇ ਫੌਜੀ ਦੀ ਹੂਕ---
***
ਪਿਛਲੇ ਦਿਨੀਂ ਇੰਸਟਾਗਰਾਮ ਉਤੇ ਇਕ ਵੀਡੀਓ ਦੇਖੀ, ਤੇ ਦੇਖਦਾ ਈ ਰਿਹਾ। ਇਕ ਮਹਿਫ਼ਲ ਸਜੀ ਹੋਈ ਹੈ। ਸ਼ਾਇਦ ਬਦੇਸ਼ ਤੋਂ ਆਏ ਦੋਸਤ ਇਕੱਠੇ ਬੈਠੇ ਦੁੱਖ-ਸੁਖ ਫੋਲ ਰਹੇ ਨੇ। ਇਕ ਮੁੰਡਾ ਸਤਨਾਮ ਫਰੀਦਕੋਟ ਨੇੜੇ ਪਿੰਡ ਭਾਣੇ ਤੋਂ ਆਪਣੀ ਰਚਨਾ ਸੁਣਾ ਰਿਹਾ ਹੈ, ਸੁਣ ਕੇ ਮੈਂ ਭਾਵੁਕ ਹੋ ਗਿਆ। ਉਸ ਕਾਵਿ ਰਚਨਾ ਦਾ ਪੂਰਾ ਨਹੀ, ਕੁਝ ਕੁ ਹਿੱਸਾ ਤੁਸੀਂ ਵੀ ਪੜੋ, ਜੋ ਇੰਝ ਹੈ:
ਜੇ ਹੋਗੀਆਂ ਕੁਝ ਕਮਾਈਆਂ ਯਾਰੋ,
ਆਓ ਵਤਨੀਂ ਫੇਰਾ ਪਾ ਲਈਏ
ਹਾਲੇ ਕੁਝ ਨੀ ਵਿਗੜਿਆ ਯਾਰੋ,
ਡੁਬਦਾ ਪੰਜਾਬ ਬਚਾ ਲਈਏ
ਬੈਠਾ ਬਾਬਾ ਜਾਗਰ ਸਿੰਓ, ਨਾਜਰ ਸਿੰਓ ਨੂੰ ਕਹਿੰਦਾ ਏ
ਨਾਜਰਾ, ਆਪਣਾ ਪਿੰਡ ਲਗਦਾ ਹੁਣ ਮੁੰਡਾ ਕੋਈ ਨੀ ਰਹਿੰਦਾ ਏ
ਦਲੀਪੋ ਬੇਬੇ ਬੈਠੀ ਕੱਲੀ ਲੋਕ ਗੀਤ ਕੋਈ ਗਾਈ ਜਾਂਦੀ
ਪਿੰਡ 'ਚ ਨਾ ਕੋਈ ਮੁਟਿਆਰ ਹੈ ਰਹਿਗੀ
ਬੇਬੇ ਦੁੱਖ ਸੁਣਾਈ ਜਾਂਦੀ
ਜਾਂਦਾ -ਜਾਂਦਾ ਤਾਇਆ ਬਲਕਾਰਾ,
ਕਿੱਸਾ ਇਕ ਸਾਂਝਾ ਕਰ ਗਿਆ ਸੀ
ਰਹਿੰਦੀ ਸੀ ਇਕ ਕੁੜੀ ਕੈਨੇਡਾ
ਬਾਪੂ ਪਿੱਛੋਂ ਮਰ ਗਿਆ ਸੀ
ਸੀਰੀ ਨੂੰ ਸੀ ਪਾਤੇ ਪੈਸੇ
ਤੇ ਸਸਕਾਰ ਵੀ ਉਹੀਓ ਕਰ ਗਿਆ ਸੀ
ਅੱਗ ਲਾਉਣੀਆਂ ਇਹੋ ਜਿਹੀਆਂ ਕਮਾਈਆਂ
ਤੇ ਮਨ ਆਪਣਾ ਸਮਝਾ ਲਈਏ
ਜੇ ਹੋ ਗਈਆਂ ਬਹੁਤ ਕਮਾਈਆਂ
ਆਓ, ਵਤਨੀ ਫੇਰਾ ਪਾ ਲਈਏ ਤੇ ਡੁਬਦਾ ਪੰਜਾਬ ਬਚਾ ਲਈਏ---
ਸਤਨਾਮ ਭਾਣਾ ਦੀ ਇਹ ਕਾਵਿ ਰਚਨਾ ਉਦੋਂ ਜਨਮੀਂ, ਜਦੋਂ ਉਹਦੇ ਨਾਲ ਦੇ ਸਾਰੇ ਦੋਸਤ- ਬੇਲੀ ਬਦੇਸ਼ਾਂ ਵੱਲ ਵਹੀਰਾਂ ਘੱਤ ਗਏ। ਜਦ ਉਹ ਸਤਨਾਮ ਨੂੰ ਫੋਨ ਕਰਦੇ, ਦੁੱਖੜੇ ਰੋਂਦੇ, ਮਨ ਹੌਲਾ ਕਰਦੇ, ਤਾਂ ਸਤਨਾਮ ਨੂੰ ਵੀ ਹੌਲ ਪੈਂਦੇ। ਉਹਦੀ ਕਲਮ ਅੰਗੜਾਈ ਲੈਣ ਲਗਦੀ। ਉਸਨੇ ਹੋਰ ਵੀ ਕਾਫੀ ਕੁਝ ਲਿਖਿਆ ਹੋਇਆ ਹੈ ਪਰ ਇਹ ਕਾਵਿ- ਰਚਨਾ ਉਸਦੀ ਸਮੇਂ ਦਾ ਸੱਚ ਬਿਆਨ ਕਰਦੀ ਹੈ। ਇਹ ਕੋਰਾ ਸੱਚ ਹੈ ਤੇ ਰਤਾ ਝੂਠ ਨਹੀਂ ਹੈ। ਸਤਨਾਮ ਖੁਦ ਫੌਜੀ ਹੈ ਤੇ ਆਰਮੀ ਦਾ ਜੁਆਨ ਹੈ। ਕਲਮ ਨਾਲ ਮੋਹ ਹੈ ਉਹਦਾ। ਮੈਨੂੰ ਇਹ ਗੱਲ ਚੰਗੀ ਲੱਗੀ ਤੇ ਮੇਰੇ ਕੋਨੇ ਵਿੱਚ ਆ ਬੈਠੀ। ਸਤਨਾਮ ਦੇਸ ਵਿੱਚ ਬੈਠਾ ਹੋਇਆ ਹੱਦਾਂ ਸਰਹੱਦਾਂ ਦੀ ਰਾਖੀ ਕਰਦਾ ਪਰਦੇਸਾਂ ਦੇ ਦੁੱਖ ਦਰਦ ਲਿਖ ਰਿਹਾ ਹੈ ਇਹ ਵੀ ਕੁਦਰਤੀ ਦਾਤ ਤੇ ਉਹਦੀ ਡੂੰਘੀ ਸਮਝ ਦਾ ਪ੍ਰਮਾਣ ਹੈ। ਸ਼ੁਭ ਇਛਾਵਾਂ ਸਤਨਾਮ। ਲਿਖਦਾ ਰਹਿ।
9056485695

-
ਨਿੰਦਰ ਘੁਗਿਆਣਵੀ, writer
ninder_ghugianvi@yahoo.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.