ਸਿਹਤ ਮੰਤਰੀ ਨੇ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਮੈਡੀਕਲ ਕਿੱਟਾਂ ਵੰਡੀਆਂ
-ਡੇਂਗੂ ਤੇ ਹੋਰ ਬਿਮਾਰੀਆਂ ਤੋਂ ਬਚਾਅ ਲਈ ਆਸ਼ਾ ਵਰਕਰਾਂ ਨੂੰ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਕੀਤਾ ਪ੍ਰੇਰਿਤ
ਕਿਹਾ, ਸੱਪ ਦੇ ਡੱਸਣ, ਕੁੱਤੇ ਜਾਂ ਬਾਂਦਰ ਦੇ ਕੱਟਣ ਵਰਗੀ ਸਥਿਤੀ 'ਚ ਜ਼ਖਮ ਨੂੰ ਸਾਬਣ ਨਾਲ ਧੋ ਕੇ ਤੁਰੰਤ ਹਸਪਤਾਲ ਪਹੁੰਚੇ ਮਰੀਜ਼
ਦੂਧਨਸਾਧਾਂ, ਦੇਵੀਗੜ੍ਹ 7 ਸਤੰਬਰ:
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ ਬਲਬੀਰ ਸਿੰਘ ਨੇ ਹੜ੍ਹਾਂ ਦੀ ਮੌਜੂਦਾ ਸਥਿਤੀ ਨੂੰ ਦੇਖਦਿਆਂ ਪਾਣੀ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਪਟਿਆਲਾ ਜਿਲ੍ਹੇ ਦੇ ਪਿੰਡਾਂ ਬਹਿਲ, ਮਹਿਮੂਦਪੁਰ, ਜੁਲਾਹਖੇੜੀ ਅਤੇ ਦੁਧਨ ਸਾਧਾਂ ਵਿਖੇ ਆਸ਼ਾ ਵਰਕਰਾਂ ਨੂੰ ਪਿੰਡਾਂ ਵਿਚ ਘਰ ਘਰ ਜਾ ਕੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਟੀਮਾਂ ਬਣਾ ਕੇ ਮੁਹਿੰਮ ਚਲਾਉਣ ਲਈ ਕਿਹਾ।
ਸਿਹਤ ਮੰਤਰੀ ਨੇ ਆਸ਼ਾ ਵਰਕਰਾਂ ਨੂੰ ਫੂਡ ਅਤੇ ਦਵਾਈਆਂ ਦੀਆਂ ਕਿੱਟਾਂ ਵੀ ਵੰਡੀਆਂ ਜੋ ਕਿ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਪ੍ਰਦਾਨ ਕੀਤੀਆ ਜਾਣਗੀਆਂ। ਓਹਨਾ ਕਿਹਾ ਕਿ ਬਿਮਾਰੀਆਂ ਦੀ ਰੋਕਥਾਮ ਸਰਕਾਰ ਦੀ ਪਹਿਲੀ ਤਰਜੀਹ ਹੈ। ਓਹਨਾ ਡਿਸਪੈਂਸਰੀ ਵਿਚ ਆਏ ਮਰੀਜਾਂ ਨੂੰ ਖੁਦ ਦਵਾਈਆਂ ਵੰਡੀਆ।
ਸਿਹਤ ਮੰਤਰੀ ਨੇ ਕਿਹਾ ਕਿ ਜੇਕਰ ਕਿਸੇ ਨੂੰ ਡੇਂਗੂ ਸਮੇਤ ਮੱਛਰਾਂ ਦੇ ਕੱਟਣ ਤੇ ਗੰਦੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ, ਸੱਪ ਦੇ ਡੱਸਣ, ਕੁੱਤੇ ਅਤੇ ਬਾਂਦਰ ਦੇ ਕੱਟਣ ਆਦਿ ਵਰਗੀ ਕੋਈ ਦਿੱਕਤ ਆਉਂਦੀ ਹੈ ਤਾਂ ਸਿਹਤ ਸਬੰਧੀ ਐਮਰਜੈਂਸੀ ਦੀ ਸਥਿਤੀ ਵਿਚ ਤੁਰੰਤ 104 ਹੈਲਪ ਲਾਈਨ ਨੰਬਰ ਤੇ ਸੰਪਰਕ ਕੀਤਾ ਜਾਵੇ ਤਾਂ ਜੀ ਓਹਨਾ ਨੂੰ ਤੁਰੰਤ ਮਦਦ ਮਿਲ ਸਕੇ। ਓਹਨਾ ਕਿਹਾ ਕਿ ਸੱਪ ਦੇ ਕੱਟੇ ਤੋਂ ਬਾਅਦ ਜਖਮ ਨੂੰ ਸਾਬਣ ਨਾਲ ਚੰਗੀ ਤਰ੍ਰਾਂ ਧੋਣਾ ਚਾਹੀਦਾ ਹੈ।
ਸਿਹਤ ਮੰਤਰੀ ਨੇ ਦੁੱਧਨ ਸਾਧਾਂ ਦੇ ਹੈਲਥ ਸੈਂਟਰ ਦਾ ਦੌਰਾ ਵੀ ਕੀਤਾ। ਉਨਾਂ ਵਾਰਡਾਂ 'ਚ ਜਾ ਕੇ ਮਰੀਜਾਂ ਦਾ ਹਾਲ ਪੁੱਛਿਆ। ਉਥੇ ਹੀ ਓਹਨਾ ਪਿੰਡ ਦੇ ਲੋਕਾਂ ਦੀਆਂ ਸਮਸਿਆਵਾਂ ਨੂੰ ਵੀ ਸੁਣਿਆ ਅਤੇ ਤੁਰੰਤ ਹਲ ਕਰਨ ਦੇ ਨਿਰਦੇਸ਼ ਅਧਿਕਾਰੀਆਂ ਨੂੰ ਦਿੱਤੇ।ਓਹਨਾ ਭਰੋਸਾ ਦਵਾਇਆ ਕਿ ਹੜ੍ਹਾਂ ਦੌਰਾਨ ਜਿਹਨਾਂ ਦੇ ਘਰਾਂ ਦੀਆਂ ਛੱਤਾਂ ਖਰਾਬ ਹੋ ਚੁੱਕੀਆਂ ਹਨ, ਓਹਨਾ ਦੀ ਮਦਦ ਲਈ ਸਰਕਾਰ ਵੱਲੋਂ ਕਦਮ ਚੁੱਕੇ ਜਾ ਰਹੇ ਹਨ।
ਡਾ ਬਲਬੀਰ ਸਿੰਘ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਮੱਛਰਾਂ ਦੇ ਪ੍ਰਜਨਨ ਸਥਾਨਾਂ ਦੀ ਸਖ਼ਤ ਨਿਗਰਾਨੀ ਸਮੇਤ ਮੱਛਰਾਂ ਦਾ ਲਾਰਵਾ ਨਸ਼ਟ ਕਰਨ ਦੀ ਹਦਾਇਤ ਕੀਤੀ ਤਾਂ ਕਿ ਡੇਂਗੂ ਤੇ ਮੱਛਰ ਦੇ ਕੱਟਣ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ।ਇਸ ਮੌਕੇ ਓਹਨਾ ਦੇ ਨਾਲ ਐਸ ਡੀ ਐਮ ਹਰਜੋਤ ਕੌਰ, ਐਸ ਡੀ ਐਮ ਕ੍ਰਿਪਾਲ ਵੀਰ ਸਿੰਘ, ਸਿਵਲ ਸਰਜਨ ਡਾ. ਜਗਪਾਲ ਇੰਦਰ ਸਿੰਘ ਅਤੇ ਹੋਰ ਅਧਿਕਾਰੀ ਮੌਜੂਦ ਸਨ।