ਨਸ਼ਿਆਂ ਖ਼ਿਲਾਫ਼ CM ਮਾਨ ਦੀ ਅਗਵਾਈ ਵਿੱਚ ਸਾਂਝੀ ਅਤੇ ਫੈਸਲਾਕੁੰਨ ਲੜਾਈ ਲੜੀ ਜਾ ਰਹੀ - ਡੀ ਜੀ ਪੀ ਗੌਰਵ ਯਾਦਵ
- ਸੰਗਠਿਤ ਅਪਰਾਧ ਅਤੇ ਗੈਂਗਸਟਰਵਾਦ ਖ਼ਿਲਾਫ਼ ਪੰਜਾਬ ਪੁਲਿਸ ਵੱਲੋਂ ਜ਼ੀਰੋ ਟੋਲੇਰੈਂਸ ਦੀ ਨੀਤੀ ਅਪਣਾਈ ਜਾ ਰਹੀ
- ਕਿਹਾ, ਪੰਜਾਬ ਪੁਲਿਸ ਸੂਬੇ ਵਿੱਚ ਅਮਨ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਦ੍ਰਿੜ ਵਚਨਵੱਧ
- ਡੀ.ਜੀ.ਪੀ. ਵੱਲੋਂ ਮੋਗਾ ਵਿਖੇ ਸਮਾਰਟ ਪੁਲਿਸ ਕੰਟਰੋਲ ਰੂਮ ਦਾ ਉਦਘਾਟਨ
- ਨਵੇਂ ਤਰੀਕਿਆਂ ਨਾਲ ਅਪਰਾਧ ਦੀ ਟਰੇਸਿੰਗ ਅਪਰਾਧ ‘ਤੇ ਲੱਗੇਗਾ ਲੱਗਾਮ
ਮੋਗਾ, 22 ਅਪ੍ਰੈਲ 2025 - ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀ ਜੀ ਪੀ) ਸ਼੍ਰੀ ਗੌਰਵ ਯਾਦਵ ਨੇ ਸਪੱਸ਼ਟ ਕੀਤਾ ਹੈ ਕਿ ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸਾਂਝੀ ਅਤੇ ਫੈਸਲਾਕੁੰਨ ਲੜਾਈ ਲੜੀ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਦੇ ਸਾਰਥਿਕ ਨਤੀਜੇ ਸਾਹਮਣੇ ਆਉਣ ਲੱਗੇ ਹਨ। ਉਹ ਅੱਜ ਸਥਾਨਕ ਪੁਲਿਸ ਜ਼ਿਲ੍ਹਾ ਹੈੱਡਕੁਆਰਟਰ ਵਿਖੇ "ਸਮਾਰਟ ਕੰਟਰੋਲ ਰੂਮ" ਦਾ ਉਦਘਾਟਨ ਕਰਨ ਲਈ ਵਿਸ਼ੇਸ਼ ਤੌਰ ਉੱਤੇ ਪਹੁੰਚੇ ਸਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਗੌਰਵ ਯਾਦਵ ਨੇ ਕਿਹਾ ਕਿ ਸੂਬੇ ਵਿੱਚੋਂ ਨਸ਼ੇ ਨਾਲ ਸਬੰਧਤ ਹਰ ਤਰ੍ਹਾਂ ਦੀ ਗਤੀਵਿਧੀ ਨੂੰ ਰੋਕਣ ਲਈ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੂਬੇ ਦੇ ਹਰੇਕ ਵਿਭਾਗ ਵੱਲੋਂ ਸਾਂਝੀ ਅਤੇ ਫੈਸਲਾਕੁੰਨ ਲੜਾਈ ਲੜੀ ਜਾ ਰਹੀ ਹੈ। ਇਸ ਮੁਹਿੰਮ ਨੂੰ ਲੋਕਾਂ ਦਾ ਵੀ ਪੂਰਨ ਸਹਿਯੋਗ ਮਿਲ ਰਿਹਾ ਹੈ। ਨਸ਼ੇ ਦੀ ਅਲਾਮਤ ਉੱਤੇ ਜਲਦੀ ਹੀ ਕਾਬੂ ਪਾ ਲਿਆ ਜਾਵੇਗਾ। ਉਹਨਾਂ ਕਿਹਾ ਕਿ ਸੂਬੇ ਵਿੱਚ ਨਸ਼ੇ ਨੂੰ ਖਤਮ ਕਰਨ ਲਈ ਤਿੰਨ ਸੂਤਰੀ ਯੋਜਨਾਬੰਦੀ ਇੰਫੋਰਸਮੈਂਟ, ਡੀ ਐਡਿਕਸ਼ਨ ਅਤੇ ਪਰਵੇਂਸ਼ਨ
ਉੱਤੇ ਕੀਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਸੂਬੇ ਵਿੱਚ ਸੰਗਠਿਤ ਅਪਰਾਧ ਅਤੇ ਗੈਂਗਸਟਰਵਾਦ ਖ਼ਿਲਾਫ਼ ਪੰਜਾਬ ਪੁਲਿਸ ਵੱਲੋਂ ਜ਼ੀਰੋ ਟੋਲੇਰੈਂਸ ਦੀ ਨੀਤੀ ਅਪਣਾਈ ਜਾ ਰਹੀ ਹੈ। ਕਿਸੇ ਵੀ ਤਰ੍ਹਾਂ ਦੀ ਇਤਲਾਹ ਪ੍ਰਾਪਤ ਹੋਣ ਉੱਤੇ ਤੁਰੰਤ ਕਾਰਵਾਈ ਯਕੀਨੀ ਬਣਾਈ ਜਾ ਰਹੀ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਨੂੰ ਸੱਚੀ ਇਤਲਾਹ ਦੇਣ ਤਾਂ ਜੋ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਈ ਜਾ ਸਕੇ। ਉਹਨਾਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਬਾਹਰ ਬੈਠੇ ਸਰਗਨਾ ਲੋਕਾਂ ਦੀਆਂ ਗੱਲਾਂ ਵਿਚ ਨਾ ਆ ਕੇ ਸੂਬੇ ਦੇ ਵਿਕਾਸ ਵਿੱਚ ਯੋਗਦਾਨ ਪਾਉਣ। ਉਹਨਾਂ ਕਿਹਾ ਕਿ ਪੰਜਾਬ ਪੁਲਿਸ ਸੂਬੇ ਵਿੱਚ ਅਮਨ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਦ੍ਰਿੜ ਵਚਨਵੱਧ ਹੈ।
ਉਹਨਾਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਅਪਰਾਧ ਨੂੰ ਮੁਕੰਮਲ ਰੂਪ ਵਿੱਚ ਖਤਮ ਕਰਨ ਅਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੂਬੇ ਭਰ ਵਿੱਚ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਲੜੀ ਤਹਿਤ ਜ਼ਿਲ੍ਹਾ ਪੁਲਿਸ ਮੋਗਾ ਦਫ਼ਤਰ ਵਿਖੇ "ਸਮਾਰਟ ਕੰਟਰੋਲ ਰੂਮ" ਸਥਾਪਿਤ ਕੀਤਾ ਗਿਆ ਹੈ, ਜੋ ਆਧੁਨਿਕ ਤਕਨੀਕ, ਉੱਚ-ਗੁਣਵੱਤਾ ਵਾਲੇ ਨਿਗਰਾਨੀ ਉਪਕਰਣ ਅਤੇ ਨਵੀਆਂ ਤਕਨੀਕਾਂ ਨਾਲ ਲੈਸ ਹੈ। ਇਹ ਕੰਟਰੋਲ ਰੂਮ ਪੂਰੇ ਜ਼ਿਲ੍ਹਾ ਮੋਗਾ ‘ਚ ਅਪਰਾਧ ਦੀ ਰੋਕਥਾਮ, ਸ਼ੱਕੀ ਗਤੀਵਿਧੀਆਂ ‘ਤੇ ਨਿਗਰਾਨੀ ਅਤੇ ਮਾੜੇ ਅਨਸਰਾਂ ਨੂੰ ਬੇਨਕਾਬ ਕਰਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਵੇਗਾ। ਇਸ ਪ੍ਰਜੈਕਟ ਅਧੀਨ ਪੂਰੇ ਜਿਲ੍ਹੇ ਵਿੱਚ ਹੋਰ ਵੀ ਕੈਮਰੇ ਲਗਾਏ ਜਾ ਰਹੇ ਹਨ ਜਿਸ ਨਾਲ ਅਪਰਾਧ ਨੂੰ ਕੰਟਰੋਲ ਕੀਤਾ ਜਾਵੇਗਾ ਅਤੇ ਅਪਰਾਧ ਨੂੰ ਟਰੇਸ ਕਰਨ ਵਿੱਚ ਵੀ ਮਦਦ ਮਿਲੇਗੀ।
ਦੱਸਣਯੋਗ ਹੈ ਕਿ ਮੋਗਾ ਪੁਲਿਸ ਵੱਲੋਂ ਸਿਟੀ ਮੋਗਾ, ਧਰਮਕੋਟ ਅਤੇ ਬਾਘਾਪੁਰਾਣਾ ਦੇ ਵੱਖ-ਵੱਖ ਥਾਵਾਂ ‘ਤੇ 140 ਉੱਚ ਤਕਨੀਕੀ ਨਿਗਰਾਨੀ ਕੈਮਰੇ ਲਗਾਏ ਗਏ ਹਨ,ਜਿਹਨਾਂ ਵਿੱਚ 107 ਬੁਲੇਟ ਕੈਮਰੇ ਅਤੇ 33 ਏ ਐਨ ਪੀ ਆਰ ਕੈਮਰੇ ਸ਼ਾਮਿਲ ਹਨ, ਜੋ ਆਰਟੀਫਿਸ਼ਲ ਇੰਟੈਲੀਜੈਂਸ ਆਧਾਰਿਤ ਆਧੁਨਿਕ ਤਕਨੀਕ ਨਾਲ ਕੰਮ ਕਰਨਗੇ। ਇਸ ਤੋਂ ਇਲਾਵਾ ਅੰਤਰ ਜ਼ਿਲ੍ਹਾ ਨਾਕਿਆਂ ਜਿਵੇ ਕਿ ਦਾਰਾਪੁਰ, ਕਮਾਲਕੇ, ਹਿਮਤਪੁਰਾ ਅਤੇ ਚੂਹੜਚੱਕ ਉਪਰ ਵੀ ਬੁਲੇਟ ਕੈਮਰੇ ਅਤੇ 33 ਏ ਐਨ ਪੀ ਆਰ ਕੈਮਰਿਆਂ ਰਾਹੀ ਪੈਨੀ ਨਜ਼ਰ ਰੱਖੀ ਜਾ ਰਹੀ ਹੈ।
ਉਹਨਾਂ ਦੱਸਿਆ ਕਿ ਆਉਣ ਵਾਲੇ ਸਮੇ ਵਿੱਚ ਮੋਗਾ ਪੁਲਿਸ ਵੱਲੋਂ ਜਲਦੀ ਹੀ 140 ਕੈਮਰੇ ਜਿਨਾਂ ਵਿੱਚੋਂ 100 ਸਮਾਰਟ ਕੈਮਰੇ ਅਤੇ 40 ਏ ਐਨ ਪੀ ਆਰ ਕੈਮਰੇ ਸਬ ਡਵੀਜਨ ਨਿਹਾਲ ਸਿੰਘ ਵਾਲਾ, ਸਬ ਡਵੀਜਨ ਬਾਘਾਪੁਰਾਣਾ, ਸਬ ਡਵੀਜਨ ਧਰਮਕੋਟ ਵਿੱਚ ਵੀ ਲਗਾਏ ਜਾਣਗੇ।
ਇਸ ਮੌਕੇ ਸ਼੍ਰੀ ਅਸ਼ਵਨੀ ਕਪੂਰ, ਡੀ.ਆਈ.ਜੀ. ਫਰੀਦਕੋਟ ਰੇਂਜ, ਡਿਪਟੀ ਕਮਿਸ਼ਨਰ ਸ਼੍ਰੀ ਸਾਗਰ ਸੇਤੀਆ, ਸ਼੍ਰੀ ਅਜੈ ਗਾਂਧੀ ਐਸ.ਐਸ.ਪੀ. ਮੋਗਾ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਇਸ ਮੌਕੇ ਪਿਛਲੇ ਸਮੇਂ ਦੌਰਾਨ ਵਧੀਆ ਕਾਰਗੁਜਾਰੀ ਦਿਖਾਉਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਡੀ.ਜੀ.ਪੀ. ਪੰਜਾਬ ਵੱਲੋਂ ਡੀ.ਜੀ.ਪੀ. ਡਿਸਕਾਂ, ਸਰਟੀਫਿਕੇਟ ਅਤੇ ਨਕਦ ਇਨਾਮ ਨਾਲ ਸਨਮਾਨਿਤ ਵੀ ਕੀਤਾ ਗਿਆ।