ਤਰਨ ਤਾਰਨ: ਨਸ਼ੇ ਦੀ ਤੋੜ ਨਾ ਸਹਾਰਦੇ ਹੋਏ 22 ਸਾਲਾ ਨੌਜਵਾਨ ਦੀ ਮੌਤ
ਬਲਜੀਤ ਸਿੰਘ
ਤਰਨ ਤਾਰਨ, 30 ਅਗਸਤ 2025 : ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਜੋਧਪੁਰ ਵਿੱਚ ਇੱਕ 22 ਸਾਲਾ ਨੌਜਵਾਨ ਦੀ ਨਸ਼ੇ ਦੀ ਤੋੜ ਵੱਜਣ ਕਾਰਨ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪੀੜਤ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਦੀ ਪਛਾਣ ਰਾਹੁਲ ਵਜੋਂ ਹੋਈ ਹੈ।
ਰਾਹੁਲ ਦੀ ਪਤਨੀ ਇੰਦਰਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਦਾ ਪਤੀ ਲਗਭਗ ਇੱਕ ਸਾਲ ਤੋਂ ਸਮੈਕ ਦਾ ਨਸ਼ਾ ਕਰ ਰਿਹਾ ਸੀ। ਪਿਛਲੇ ਦੋ-ਤਿੰਨ ਦਿਨਾਂ ਤੋਂ ਪਰਿਵਾਰ ਨੇ ਉਸਨੂੰ ਨਸ਼ਾ ਛੁਡਾਉਣ ਲਈ ਘਰ ਵਿੱਚ ਰੱਖਿਆ ਹੋਇਆ ਸੀ, ਪਰ ਨਸ਼ੇ ਦੀ ਤੋੜ ਨਾ ਸਹਾਰਦੇ ਹੋਏ ਉਸਦੀ ਮੌਤ ਹੋ ਗਈ।
ਇੰਦਰਜੀਤ ਕੌਰ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਪਿੰਡ ਵਿੱਚ ਸ਼ਰੇਆਮ ਨਸ਼ਾ ਵਿਕਦਾ ਹੈ, ਉਨ੍ਹਾਂ ਕਿਹਾ ਕਿ ਇਸ ਲਾਪਰਵਾਹੀ ਕਾਰਨ ਨੌਜਵਾਨ ਮੁੰਡੇ ਨਸ਼ੇ ਦਾ ਸ਼ਿਕਾਰ ਹੋ ਰਹੇ ਹਨ। ਪੀੜਤ ਪਤਨੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਿੰਡ ਨਸ਼ਾ ਵੇਚਣ ਵਾਲਿਆਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਹੋਰ ਮਾਵਾਂ ਦੇ ਪੁੱਤਾਂ ਨੂੰ ਇਸ ਮਾੜੀ ਆਦਤ ਤੋਂ ਬਚਾਇਆ ਜਾ ਸਕੇ।
ਇਹ ਜਾਣਕਾਰੀ ਮ੍ਰਿਤਕ ਰਾਹੁਲ ਦੀ ਪਤਨੀ ਇੰਦਰਜੀਤ ਕੌਰ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਪਿਆਰ ਕੌਰ ਅਤੇ ਗੁਰਮੀਤ ਕੌਰ ਨੇ ਦਿੱਤੀ।