ਝੋਨੇ ਵਿੱਚ ਕੱਟ ਲਗਾਉਣ ਵਾਲੇ ਸ਼ੈਲਰ ਮਾਲਕਾਂ ਦਾ ਸਾਥ ਨਹੀਂ ਦੇਗੀ ਸੈਲਰ ਐਸੋਸੀਏਸ਼ਨ
ਸ਼ੈਲਰ ਮਾਲਕਾਂ ਨੇ ਕਰਕੇ ਦਿੱਤੀ ਕੱਟ ਲਗਾਉਣ ਵਾਲਿਆਂ ਨੂੰ ਚੇਤਾਵਨੀ
ਰੋਹਿਤ ਗੁਪਤਾ
ਗੁਰਦਾਸਪੁਰ , 8 ਅਕਤੂਬਰ 2025 :
ਪੰਜਾਬ ਵਿੱਚ ਇਸ ਸਾਲ ਫਿਰ ਮੰਡੀਆਂ ਵਿੱਚ ਵਿਕਣ ਲਈ ਪਹੁੰਚ ਰਹੇ ਝੋਨੇ ਦੀ ਕੀਮਤ ਨੂੰ ਲੱਗ ਰਹੇ ਕੱਟਾਂ ਦੇ ਰੌਲੇ ਵਿੱਚ ਇੱਕ ਵਾਰ ਫਿਰ ਸ਼ੈਲਰ ਸਨਅਤ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਜਿਸ ਦੇ ਚਲਦਿਆਂ ਸਮੁੱਚੇ ਜ਼ਿਲ੍ਾ ਗੁਰਦਾਸਪੁਰ ਦੀ ਸ਼ੈਲਰ ਐਸੋਸੀਏਸ਼ਨ ਨੇ ਇੱਕ ਹੰਗਾਮੀ ਮੀਟਿੰਗ ਗੁਰਦਾਸਪੁਰ ਵਿੱਚ ਕੀਤੀ। ਬੈਠਕ ਵਿਚ ਪ੍ਰਧਾਨ ਬਲਵਿੰਦਰ ਸਿੰਘ ਹਰੂਵਾਲ ਦੀ ਅਗਵਾਈ ਵਿੱਚ ਮੌਜੂਦਾ ਹਾਲਾਤਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਬਲਵਿੰਦਰ ਸਿੰਘ ਹਰੁਵਾਲ ਅਤੇ ਸਾਥੀਆਂ ਨੇ ਦੱਸਿਆ ਕਿ ਉਹਨਾਂ ਨੇ ਅੱਜ ਇਹ ਫੈਸਲਾ ਕੀਤਾ ਹੈ ਕਿ ਉਹਨਾਂ ਦੀ ਐਸੋਸੀਏਸ਼ਨ ਵਿੱਚ ਜਿੰਨੇ ਵੀ ਸੈਲਰ ਮਾਲਕ ਹਾਜ਼ਰ ਹਨ ਉਹ ਕੋਈ ਵੀ 17 ਫੀਸਦੀ ਨਮੀ ਵਾਲੇ ਝੋਨੇ ਨੂੰ ਕੱਟ ਨਹੀਂ ਲਗਾਵੇਗਾ। ਉਹਨਾਂ ਨੇ ਕਿਹਾ ਕਿ ਜੇ ਹੋਰ ਕੋਈ ਸੈਲਰ ਮਾਲਕ ਅਜਿਹਾ ਕਰਨ ਦਾ ਦੋਸ਼ੀ ਪਾਇਆ ਗਿਆ ਤਾਂ ਐਸੋਸੀਏਸ਼ਨ ਵੱਲੋਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਜੇਕਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਕੀਮਤਾਂ ਵਿੱਚ ਕੱਟ ਲਗਾਉਣ ਵਾਲੇ ਸ਼ੈਲਰ ਮਾਲਕ ਖਿਲਾਫ ਕੋਈ ਕਾਰਵਾਈ ਹੋਵੇਗੀ ਤਾਂ ਐਸੋਸੀਏਸ਼ਨ ਉਸ ਦੀ ਮਦਦ ਨਹੀਂ ਕਰੇਗੀ। ਉਹਨਾਂ ਨੇ ਕਿਹਾ ਕਿ ਸ਼ੈਲਰ ਅਤੇ ਸਨਅਤ ਨੂੰ ਦਰਪੇਸ਼ ਝੋਨੇ ਦੀ ਨਮੀ ਦੀ ਮਾਤਰਾ ਸਬੰਧੀ ਉਹ ਡਿਪਟੀ ਕਮਿਸ਼ਨਰਾਂ ਤੋਂ ਇਲਾਵਾ ਪੰਜਾਬ ਸਰਕਾਰ ਨੂੰ ਵੀ ਆਪਣੇ ਮੈਮੋਰੰਡਮ ਸੌਂਪ ਚੁੱਕੇ ਹਨ ਹੁਣ ਪੰਜਾਬ ਸਰਕਾਰ ਦਾ ਫਰਜ਼ ਬਣਦਾ ਹੈ ਕਿ ਸ਼ੈਲਰ ਸਨਅਤ ਦੀਆਂ ਮੁਸ਼ਕਿਲਾਂ ਨੂੰ ਕੇਂਦਰ ਸਰਕਾਰ ਤੋਂ ਜਾਣੂ ਕਰਾਵੇ। ਜਿਸ ਵਿੱਚ ਸਭ ਤੋਂ ਪਹਿਲੀ ਮੰਗ ਝੋਨੇ ਦੀ ਹੜਾਂ ਅਤੇ ਬਰਸਾਤ ਕਾਰਨ ਕੁਆਲਿਟੀ ਅਤੇ ਡੈਮੇਜ ਵਿੱਚ ਜੋ ਕਮੀ ਆਈ ਹੈ ਉਸ ਵਿੱਚ ਰਿਆਇਤ ਦਿੱਤੀ ਜਾਵੇ। ਇਸ ਤੋਂ ਇਲਾਵਾ ਪੰਜਾਬ ਦੇ ਪਹਾੜੀ ਖੇਤਰ ਜ਼ਿਲ੍ਾ ਗੁਰਦਾਸਪੁਰ ਪਠਾਨਕੋਟ ਅਤੇ ਹੜ ਪੀੜਿਤ ਖੇਤਰਾਂ ਵਿੱਚ ਕੇਂਦਰ ਸਰਕਾਰ ਵੱਲੋਂ ਝੋਨੇ ਦੇ ਖਰੀਦ ਮਾਪਦੰਡਾਂ ਵਿੱਚ ਜਰੂਰ ਤਬਦੀਲੀ ਕੀਤੀ ਜਾਵੇ।