ਜਿਸ ਜਗ੍ਹਾ ਤੇ ਕੀਤਾ ਸੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫ਼ਤਾਰ ਉੱਥੇ ਬਣੇਗਾ ਹੁਣ ਵੱਡਾ ਕਿਲਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਲੇ ਦਾ ਰੱਖਿਆ ਨੀਂਹ ਪੱਥਰ
ਰੋਹਿਤ ਗੁਪਤਾ
ਗੁਰਦਾਸਪੁਰ , 5 ਫਰਵਰੀ 2025 :
ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਇਤਿਹਾਸਿਕ ਗੜੀ ਜ਼ਿਲਾ ਗੁਰਦਾਸਪੁਰ ਦੇ ਗੁਰਦਾਸ ਨੰਗਲ ਪਿੰਡ ਵਿੱਚ ਸਥਿਤ ਹੈ । ਇਸ ਜਗ੍ਹਾ ਤੇ ਮੁਗਲ ਫੌਜਾਂ ਨੇ ਘੇਰਾ ਪਾ ਕੇ ਧੋਖੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਕੈਦ ਕਰਕੇ ਦਿੱਲੀ ਲੈ ਜਾਇਆ ਗਿਆ ਸੀ। ਇਸ ਇਤਿਹਾਸਿਕ ਗੜੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਦੇ ਰੂਪ ਵਿੱਚ ਖੂਬਸੂਰਤ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਜਿਸ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ ਪਰ ਹੁਣ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਨੂੰ ਨਵਾਂ ਰੂਪ ਮਿਲਣ ਜਾ ਰਿਹਾ ਹੈ। ਇਸ ਜਗ੍ਹਾ ਤੇ ਹੁਣ ਵਿਸ਼ਾਲ ਕਿਲਾ ਬਣਨ ਜਾ ਰਿਹਾ ਹੈ, ਜਿਸ ਦਾ ਨੀਂਹ ਪੱਥਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰੱਖ ਦਿੱਤਾ ਗਿਆ ਹੈ। ਜਥੇਦਾਰ ਸੁੱਚਾ ਸਿੰਘ ਲੰਗਾਹ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਗੁਰਿੰਦਰ ਪਾਲ ਸਿੰਘ ਗੋਰਾ ਨੇ ਦੱਸਿਆ ਕਿ ਗੁਰਦਾਸ ਨੰਗਲ ਦੀ ਗੜੀ ਵਿੱਚ ਕਿਲਾ ਬਣਾਉਣ ਦਾ ਮਤਾ ਤਾਂ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਸਾਲ ਪਹਿਲਾਂ ਹੀ ਪਾਸ ਕਰ ਦਿੱਤਾ ਗਿਆ ਸੀ ਪਰ ਕੁਝ ਕਾਰਨਾਂ ਕਾਰਨ ਕੰਮ ਸ਼ੁਰੂ ਨਹੀਂ ਹੋ ਸਕਿਆ। ਹੁਣ ਇੱਥੇ ਵਿਸ਼ਾਲ ਕਿਲਾ ਬਣਾਉਣ ਦੀ ਜ਼ਿੰਮੇਵਾਰੀ ਤਰਨ ਤਾਰਨ ਦੇ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲੇ ਨੂੰ ਸੌਂਪੀ ਗਈ ਹੈ ਅਤੇ ਉਹ ਕੁਝ ਹੀ ਦਿਨਾਂ ਵਿੱਚ ਇਸਦੀ ਕਾਰ ਸੇਵਾ ਸ਼ੁਰੂ ਕਰ ਦੇਣਗੇ। ਇੱਕ ਸਾਲ ਵਿੱਚ ਗੜੀ ਦੀ ਜਗ੍ਹਾ ਵੱਖਰੀ ਦਿੱਖ ਵਾਲਾ ਵਿਸ਼ਾਲ ਕਿਲਾ ਬਣ ਕੇ ਤਿਆਰ ਹੋ ਜਾਵੇਗਾ। ਸੰਗਤ ਨੂੰ ਕਾਰ ਸੇਵਾ ਵਿੱਚ ਹਿੱਸਾ ਲੈਣ ਅਤੇ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ ਗਈ ਹੈ।