ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ
ਮਲਕੀਤ ਸਿੰਘ ਮਲਕਪੁਰ
ਲਾਲੜੂ, 6 ਜਨਵਰੀ 2025: ਦਸਮ ਪਿਤਾ ਤੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਅੱਜ ਇਲਾਕੇ ਵਿਚ ਬੜੀ ਧੂਮ-ਧਾਮ ਅਤੇ ਸਰਧਾ ਨਾਲ ਮਨਾਇਆ ਗਿਆ। ਪਿੰਡ ਧਰਮਗੜ੍ਹ , ਜੌਲਾ ਕਲਾਂ, ਜਾਸਤਨਾ, ਤਸਿੰਬਲੀ, ਰਾਣੀ ਮਾਜਰਾ, ਡੈਹਰ, ਦੱਪਰ, ਸਰਸੀਣੀ ਅਤੇ ਲਾਲੜੂ ਅਦਿ ਪਿੰਡਾਂ ਵਿਚ ਮਨਾਏ ਗਏ ਗੁਰਪੁਰਬ ਮੌਕੇ ਗੁਰਦੁਆਰਿਆਂ ਵਿਚ ਗੁਰਬਾਣੀ ਕੀਰਤਨ ਜਸ਼ ਗਾਇਨ ਕੀਤਾ ਗਿਆ ਅਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਅਤੇ ਸਾਰਾ ਦਿਨ ਗੁਰਦੁਆਰਿਆਂ ਵਿੱਚ ਅਤੁੱਟ ਲੰਗਰ ਵੀ ਵਰਤਾਇਆ ਗਿਆ। ਪਿੰਡ ਧਰਮਗੜ੍ਹ ਵਿਖੇ ਮਨਾਏ ਗਏ ਗੁਰਪੁਰਬ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਸ੍ਰੀ ਰਾਗੀ ਸਿੰਘਾਂ ਜਥੇ ਵੱਲੋਂ ਰਸ਼ਭਿੰਨੇ ਸਬਦ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਅਤੇ ਨੌਜਵਾਨੀ ਨੂੰ ਸਿੱਖ ਧਰਮ ਨਾਲ ਜੋੜਨ ਦਾ ਸੱਦਾ ਦਿੱਤਾ ਗਿਆ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਨਿਰਮੈਲ ਸਿੰਘ ਜੌਲਾ ਨੇ ਅੱਜ ਪਿੰਡ ਧਰਮਗੜ੍ਹ ਸਮੇਤ ਜੌਲਾ ਕਲਾਂ ਹੋਰ ਪਿੰਡਾਂ ਵਿੱਚ ਹਾਜ਼ਰੀ ਲਗਵਾਈ ਅਤੇ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਵੱਖਰੀ ਪਛਾਣ ਦਿੱਤੀ ਹੈ, ਜਿਸ ਨੂੰ ਕਾਇਮ ਰੱਖਣਾ ਸਾਡਾ ਫਰਜ ਹੈ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਅੰਮ੍ਰਿਤਪਾਨ ਕਰਕੇ ਗੁਰੂ ਦੇ ਬਾਣੇ ਅਤੇ ਬਾਣੀ ਨਾਲ ਜੁੜਨ ਦਾ ਸੱਦਾ ਦਿੱਤਾ। ਇਸ ਉਪਰੰਤ ਗਿਆਨੀ ਪ੍ਰੀਤਮ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਦਰਸਾਏ ਮਾਰਗ ਉੱਤੇ ਚੱਲਣ ਦਾ ਸੰਦੇਸ਼ ਦਿੰਦਿਆਂ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੱਤੀ। ਇਸ ਮੌਕੇ ਪਿੰਡ ਧਰਮਗੜ੍ਹ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇੰਦਰਜੀਤ ਸਿੰਘ, ਸੁਰਿੰਦਰ ਸਿੰਘ ਧਰਮਗੜ੍ਹ, ਮਨਦੀਪ ਸਿੰਘ, ਮਾਸਟਰ ਨੈਬ ਸਿੰਘ, ਗਿਆਨੀ ਹਰਬੰਸ਼ ਸਿੰਘ ਰਾਠੀ, ਗੁਰਚਰਨ ਸਿੰਘ, ਹਰਬੰਸ ਸਿੰਘ, ਹਰਦੀਪ ਸਿੰਘ, ਬਲਜੀਤ ਸਿੰਘ, ਕ੍ਰਿਸ਼ਨ ਸਿੰਘ, ਹਰਬੰਸ ਸਿੰਘ, ਸਰਬਜੀਤ ਸਿੰਘ, ਅਵਜਿੰਦਰ ਸਿੰਘ, ਜਗਜੀਤ ਸਿੰਘ ਰੋਡਾ ਤੇ ਕਿਸਾਨ ਆਗੂ ਸੱਜਣ ਸਿੰਘ ਆਦਿ ਵੀ ਹਾਜ਼ਰ ਸਨ।