ਗੁਰਦਾਸਪੁਰ: ਕਾਂਗਰਸ ਪਾਰਟੀ ਦੇ ਉਮੀਦਵਾਰ ਵਰੁਣ ਸ਼ਰਮਾ ਨੇ ਜ਼ਿਮਨੀ ਚੋਣ ਜਿੱਤੀ
ਰੋਹਿਤ ਗੁਪਤਾ
ਗੁਰਦਾਸਪੁਰ, 21 ਦਸੰਬਰ 2024 - ਗੁਰਦਾਸਪੁਰ ਵਿੱਚ ਵਾਰਡ ਨੰਬਰ 16 ਦੀ ਨਗਰ ਕੌਂਸਲ ਦੀ ਜਿਮਨੀ ਚੋਣ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਨੌਜਵਾਨ ਆਗੂ ਵਰੁਣ ਸ਼ਰਮਾ ਨੇ ਜਿੱਤ ਲਈ ਹੈ। ਇਸ ਦੇ ਨਾਲ ਹੀ ਕਾਂਗਰਸ ਪਾਰਟੀ ਨੇ ਨਗਰ ਕੌਂਸਲ ਦੀਆਂ 29 ਦੀ 29 ਸੀਟਾਂ ਤੇ ਆਪਣਾ ਕਬਜ਼ਾ ਬਰਕਰਾਰ ਰੱਖਿਆ ਹੈ। ਇਹ ਸੀਟ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਲਈ ਮੁੱਛ ਦਾ ਸਵਾਲ ਬਣੀ ਹੋਈ ਸੀ ਅਤੇ ਦੋਹਾਂ ਵੱਲੋਂ ਏਟ ਸੀਟ ਜਿੱਤਣ ਲਈ ਪੂਰਾ ਪੂਰਾ ਜ਼ੋਰ ਲਗਾਇਆ ਗਿਆ ਸੀ। ਸੀਟ ਜਿੱਤਣ ਦਾ ਐਲਾਨ ਹੁਣ ਲਿਆ ਹੀ ਕਾਂਗਰਸੀਆਂ ਵੱਲੋਂ ਖੂਬ ਜਸ਼ਨ ਵੀ ਮਨਾਇਆ ਗਿਆ ਤੇ ਜਿੱਤ ਦਾ ਕਾਫਲਾ ਸ਼ਹਿਰ ਦੇ ਮੁੱਖ ਚੌਂਕ ਹਨੁਮਾਨ ਚੌਂਕ ਵਿੱਚ ਪਹੁੰਚਿਆ ਤਾਂ ਕਾਂਗਰਸੀਆਂ ਨੇ ਝਾੜੂਆਂ ਦਾ ਤਿਨਕਾ ਤਿਨਕਾ ਖਲਾਰਕੇ ਆਪਣੀ ਖੁਸ਼ੀ ਜਾਹਰ ਕੀਤੀ।
ਦੱਸ ਦਈਏ ਕਿ ਦੋ ਸਾਲ ਪਹਿਲਾਂ ਵਾਰਡ ਨੰਬਰ 16 ਦੇ ਕੌਂਸਲਰ ਪਰਸ਼ੋਤਮ ਲਾਲ ਭੁੱਚੀ ਦੀ ਮੌਤ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ ਜਿਸ ਤੇ ਅੱਜ ਜਿਮਨੀ ਚੋਣ ਹੋਈ । ਜਿਮਨੀ ਚੋਣ ਕਾਂਗਰਸ ਪਾਰਟੀ ਦੇ ਉਮੀਦਵਾਰ ਵਰੁਣ ਸ਼ਰਮਾ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਬੇਦੀ ਨੂੰ 22 ਵੋਟਾਂ ਨਾਲ ਹਰਾ ਕੇ ਜਿੱਤ ਲਈ ਹੈ। ਇਸ ਚੋਣ ਵਿੱਚ ਮੁਕਾਬਲਾ ਦੋ ਹੀ ਪਾਰਟੀਆਂ ਮੈਦਾਨ ਵਿੱਚ ਸੀ। ਅਕਾਲੀ ਦਲ ਅਤੇ ਭਾਜਪਾ ਦੇ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਹੋ ਗਈਆਂ ਸਨ।
ਵਾਰਡ ਵਿੱਚ 1541 ਵੋਟਾਂ ਵਿੱਚੋਂ ਕੁੱਲ 1016 ਵੋਟਾਂ ਪੋਲ ਹੋਈਆਂ ਸਨ ਜਿਨਾਂ ਵਿੱਚੋਂ 519 ਵੋਟਾਂ ਵਰੁਣ ਸ਼ਰਮਾ ਨੇ ਲਈਆਂ ਜਦ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਬੇਦੀ ਨੂੰ 497 ਵੋਟਾਂ ਪਈਆਂ।
ਕਾਂਗਰਸ ਪਾਰਟੀ ਦੇ ਜੇਤੂ ਉਮੀਦਵਾਰ ਵਰੁਣ ਸ਼ਰਮਾ ਨੇ ਵੋਟਰਾਂ ਦਾ ਧੰਨਵਾਦ ਕੀਤਾ ਤੇ ਜਿੱਤ ਦਾ ਸਿਹਰਾ ਆਪਣੇ ਵਾਰਡ ਦੇ ਵੋਟਰਾਂ ਸਿਰ ਬੰਨਿਆ ਉੱਥੇ ਹੀ ਗੁਰਦਾਸਪੁਰ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਵਿਰੋਧੀ ਪਾਰਟੀ ਦੇ ਸੀਨੀਅਰ ਆਗੂਆਂ ਦੀ ਜੰਮ ਕੇ ਖਿਚਾਈ ਵੀ ਕੀਤੀ।