ਇਸਤਰੀ ਜਾਗ੍ਰਿਤੀ ਮੰਚ ਦੇ ਸੂਬਾ ਪ੍ਰਧਾਨ ਗੁਰਬਖਸ਼ ਕੌਰ ਸੰਘਾ ਨੂੰ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਂਟ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 26 ਦਸੰਬਰ ,2024 - ਅੱਜ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ -ਲੈਨਿਨਵਾਦੀ ਨਿਊਡੈਮੋਕਰੇਸੀ ਵਲੋਂ ਇਸਤਰੀ ਜਾਗ੍ਰਿਤੀ ਮੰਚ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੀ.ਪੀ.ਆਈ(ਐਮ.ਐਲ) ਐਨ.ਡੀ ਦੇ ਆਗੂ ਕਾਮਰੇਡ ਗੁਰਬਖਸ਼ ਕੌਰ ਸੰਘਾ ਦੀ ਯਾਦ ਵਿੱਚ ਸ਼ਹੀਦ ਮਾਸਟਰ ਗਿਆਨ ਸਿੰਘ ਸੰਘਾ ਦੀ ਯਾਦਗਾਰ ਤੇ ਪਿੰਡ ਸ਼ਹਾਬ ਪੁਰ ਵਿਖੇ ਸ਼ਰਧਾਂਜਲੀ ਸਮਾਗਮ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਪਾਰਟੀ ਦੇ ਸੀਨੀਅਰ ਸੂਬਾਈ ਆਗੂ ਕਾਮਰੇਡ ਦਰਸ਼ਨ ਸਿੰਘ ਖਟਕੜ , ਕਾਮਰੇਡ ਦਲਜੀਤ ਸਿੰਘ ਐਡਵੋਕੇਟ ਨੇ ਸ਼ਰਧਾਂਜਲੀਆਂ ਭੇਂਟ ਕਰਦਿਆਂ ਕਿਹਾ ਕਿ ਸਾਥੀ ਸੰਘਾ ਦੇ ਦੇਹਾਂਤ ਨਾਲ ਇਨਕਲਾਬੀ ਲਹਿਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਬੀਬੀ ਸੰਘਾ ਨੇ ਪੰਜਾਬ ਸਟੂਡੈਂਟਸ ਯੂਨੀਅਨ ਦੀ ਨੇਤਾ ਵਜੋਂ ਐਸ ਐਨ ਕਾਲਜ ਬੰਗਾ ਵਿੱਚ ਪੜਦਿਆਂ ਇਨਕਲਾਬੀ ਆਗੂ ਵਜੋਂ ਸੰਘਰਸ਼ਾਂ ਦੀ ਸ਼ੁਰੂਆਤ ਕੀਤੀ।ਉਹਨਾਂ ਨੇ ਬਾਅਦ ਵਿੱਚ ਮਜਦੂਰਾਂ, ਕਿਸਾਨਾਂ, ਔਰਤਾਂ ਦੇ ਹਿੱਤਾਂ ਵਾਲੇ ਅਨੇਕਾਂ ਸੰਘਰਸ਼ਾਂ ਦੀ ਅਗਵਾਈ ਕੀਤੀ ਜਿਸ ਦੌਰਾਨ ਉਹ ਜੇਹਲ ਵੀ ਗਏ।ਉਹਨਾਂ ਦੀ ਅਗਵਾਈ ਵਿੱਚ ਲੱਚਰ ਗਾਇਕੀ ਦੇ ਵਿਰੋਧ ਵਿੱਚ ਇਸਤਰੀ ਜਾਗ੍ਰਿਤੀ ਮੰਚ ਵਲੋਂ ਪੰਜਾਬ ਭਰ ਵਿੱਚ ਲੰਮਾਂ ਸੰਘਰਸ਼ ਲੜਿਆ ਗਿਆ।
ਆਗੂਆਂ ਨੇ ਇਨਕਲਾਬੀ ਤਾਕਤਾਂ ਨੂੰ ਮਜਬੂਤ ਕਰਕੇ ਤਿੱਖੇ ਸੰਘਰਸ਼ ਲੜਨ ਦਾ ਸੱਦਾ ਦਿੰਦਿਆਂ ਕਿਹਾ ਕਿ ਮੌਜੂਦਾ ਆਰਥਿਕ-ਰਾਜਸੀ ਪ੍ਰਬੰਧ ਨੂੰ ਢਾਹ ਢੇਰੀ ਕਰਨ ਤੋਂ ਬਿਨਾਂ ਦੇਸ਼ ਦੇ ਮਿਹਨਤਕਸ਼ ਲੋਕਾਂ ਦੀ ਹਾਲਤ ਨਹੀਂ ਸੁਧਰ ਸਕਦੀ।ਮੌਜੂਦਾ ਆਰਥਿਕ-ਰਾਜਸੀ ਪ੍ਰਬੰਧ ਦੇ ਹੁੰਦਿਆਂ ਕੋਈ ਵੀ ਰਾਜਸੀ ਪਾਰਟੀ ਦੇਸ਼ ਦੇ ਹਾਲਾਤਾਂ ਨੂੰ ਸੁਧਾਰ ਨਹੀਂ ਸਕਦੀ। ਆਗੂਆਂ ਨੇ ਕਿਹਾ ਕਿ ਦੇਸ਼ ਵਿੱਚ ਭੁੱਖਮਰੀ, ਬੇਰੁਜ਼ਗਾਰੀ, ਮਹਿੰਗਾਈ, ਭ੍ਰਿਸ਼ਟਾਚਾਰ ਸਭ ਹੱਦਾਂ ਬੰਨੇ ਟੱਪ ਚੁੱਕਾ ਹੈ।ਮੋਦੀ ਸਰਕਾਰ ਘੱਟ ਗਿਣਤੀਆਂ, ਦਲਿਤਾਂ, ਆਦਿਵਾਸੀਆਂ ਅਤੇ ਔਰਤਾਂ ਉੱਤੇ ਜਬਰ ਢਾਹ ਰਹੀ ਹੈ।ਇਹ ਸਰਕਾਰ ਜੰਗਲ ਦੀ ਸੰਪਤੀ ਨੂੰ ਕਾਰਪੋਰੇਟਾਂ ਨੂੰ ਲੁਟਾਉਣ ਲਈ ਆਦਿਵਾਸੀਆਂ ਦਾ ਉਜਾੜਾ ਕਰ ਰਹੀ ਹੈ।ਦੇਸ਼ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਐਲਾਨ ਕਰ ਰਿਹਾ ਹੈ ਕਿ ਨਕਸਲੀਆਂ ਨੂੰ 31 ਮਾਰਚ 2026 ਤੱਕ ਖਤਮ ਕਰ ਦਿੱਤਾ ਜਾਵੇਗਾ।ਇਸਤੋਂ ਸਪੱਸ਼ਟ ਹੈ ਕਿ ਨਕਸਲੀ ਲਹਿਰ ਤੋਂ ਮੋਦੀ ਸਰਕਾਰ ਬੁਰੀ ਤਰ੍ਹਾ ਭੈਅ ਭੀਤ ਹੈ।ਉਹਨਾਂ ਕਿਹਾ ਕਿ ਆਦਿਵਾਸੀਆਂ ਦੇ ਉਜਾੜੇ, ਆਦਿਵਾਸੀਆਂ ਨੂੰ ਜਬਰ ਢਾਹੁਣ ਦਾ ਤਿੱਖਾ ਵਿਰੋਧ ਕਰਨਾ ਚਾਹੀਦਾ ਹੈ। ਜੇਕਰ ਅਸੀਂ ਨਿਗਾਹ ਮਾਰੀਏ ਤਾਂ ਕੇਂਦਰ ਦੀ ਮੋਦੀ ਸਰਕਾਰ ਇਕ ਦੇਸ਼- ਇਕ ਮੰਡੀ ,ਇਕ ਦੇਸ਼-ਇਕ ਟੈਕਸ, ਇਕ ਦੇਸ਼-ਇਕ ਬੋਲੀ ਲਾਗੂ ਕਰਕੇ ਦੇਸ਼ ਦੀ ਵੰਨਸੁਵੰਨਤਾ ਖਤਮ ਕਰਨ ਦੇ ਰਾਹ ਤੁਰੀ ਹੋਈ ਹੈ।
ਮੋਦੀ ਸਰਕਾਰ ਦੇ ਰਾਜ ਕਰਨ ਦੇ ਤਰੀਕੇ ਆਮ ਨਹੀਂ ਖਾਸ ਹਨ ,ਤਾਕਤ ਦਾ ਕੇਂਦਰੀਕਰਨ ਕੀਤਾ ਜਾ ਰਿਹਾ ਜਿਸ ਕਾਰਨ ਸੂਬਿਆਂ ਦੇ ਹੱਕਾਂ ਉੱਤੇ ਸੱਟ ਮਾਰੀ ਜਾ ਰਹੀ ਹੈ । ਨਵੀਂ ਕਿਸਮ ਦਾ ਕੌਮਵਾਦ ਉਭਾਰਿਆ ਜਾ ਰਿਹਾ ਹੈ ।ਨਵੀਂ ਵਿਦਿਆ ਨੀਤੀ ਰਾਹੀਂ ਸਿਰਫ ਇਕ ਵਿਚਾਰ ਲੈਕੇ ਆਂਦਾ ਜਾ ਰਿਹਾ । ਉਹਨਾਂ ਕਿਹਾ ਕਿ ਮੋਦੀ ਸਰਕਾਰ ਹਰ ਵਿਰੋਧੀ ਵਿਚਾਰਾਂ ਨੂੰ ਕੁਚਲਣ ਦੇ ਰਾਹ ਪੈ ਗਈ ਹੈ,ਪ੍ਰੈਸ ਦੀ ਆਜਾਦੀ ਨੂੰ ਕੁਚਲ ਰਹੀ ਹੈ।ਇਸ ਸਰਕਾਰ ਦੇ ਫਾਸ਼ੀ ਹੱਲੇ ਤੇਜੀ ਨਾਲ ਵਧ ਰਹੇ ਹਨ। ਮੋਦੀ ਸਰਕਾਰ ਦੇਸੀ ਅਤੇ ਵਿਦੇਸ਼ੀ ਕਾਰਪੋਰੇਟਰਾਂ ਦੇ ਹਿੱਤ ਪੂਰਦੀਆਂ ਆਰਥਿਕ ਅਤੇ ਵਿੱਤੀ ਨੀਤੀਆਂ ਲਾਗੂ ਕਰ ਰਹੀ ਹੈ ਉਹਨਾਂ ਕਿਹਾ ਕਿ ਲੋਕ ਸੰਘਰਸ਼ਾਂ ਨੂੰ ਮੋਦੀ ਸਰਕਾਰ ਦੇ ਫਾਸ਼ੀਵਾਦੀ ਹੱਲੇ ਵਿਰੁੱਧ ਸੇਧਤ ਕਰਨਾ ਚਾਹੀਦਾ ਹੈ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਇਸਤਰੀ ਜਾਗ੍ਰਿਤੀ ਮੰਚ ਦੇ ਸੂਬਾਈ ਆਗੂ ਚਰਨਜੀਤ ਕੌਰ ਬਰਨਾਲਾ, ਪੀ.ਐਸ.ਯੂ ਦੇ ਸੂਬਾ ਪ੍ਰਧਾਨ ਰਣਵੀਰ ਸਿੰਘ ਰੰਧਾਵਾ, ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਆਗੂ ਸੁਰਿੰਦਰ ਕੁਮਾਰੀ ਕੋਛੜ,ਪਲਸ ਮੰਚ ਦੇ ਆਗੂ ਅਮੋਲਕ ਸਿੰਘ,ਸੀ.ਪੀ.ਆਈ(ਐਮ) ਦ ਆਗੂ ਚਰਨਜੀਤ ਸਿੰਘ ਦੌਲਤ ਪੁਰ,ਆਰ.ਐਮ.ਪੀ.ਆਈ ਦੇ ਆਗੂ ਕੁਲਦੀਪ ਸਿੰਘ ਦੌੜਕਾ ,ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਸੁਰਿੰਦਰ ਸਿੰਘ, ਪੇਂਡੂ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਜਮਹੂਰੀ ਅਧਿਕਾਰ ਸਭਾ ਦੇ ਸੂਬਾਈ ਆਗੂ ਬੂਟਾ ਸਿੰਘ ਮਹਿਮੂਦ ਪੁਰ ਨੇ ਵੀ ਕਾਮਰੇਡ ਸੰਘਾ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ।
ਪ੍ਰੋਗਰੈਸਿਵ ਆਰਗੇਨਾਈਜੇਸ਼ਨ ਆਫ ਵੁਮੈਨ ਆਂਧਰਾ ਪ੍ਰਦੇਸ਼, ਪ੍ਰੋਗਰੈਸਿਵ ਆਰਗੇਨਾਈਜੇਸ਼ਨ ਆਫ ਵੁਮੈਨ ਤੇਲੰਗਾਨਾ, ਪ੍ਰਗਤੀਸ਼ੀਲ ਮਹਿਲਾ ਸੰਗਠਨ ਦਿੱਲੀ, ਅਦਾਰਾ ਸੁਰਖ ਲੀਹ,ਲੋਕ ਮੋਰਚਾ ਪੰਜਾਬ, ਮਾਤਾ ਗੁਜਰ ਕੌਰ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਨਵਾਂਸ਼ਹਿਰ ਦੇ ਆਗੂ ਬਲਵਿੰਦਰ ਕੌਰ ਕੈਨੇਡਾ, ਜਮਹੂਰੀ ਅਧਿਕਾਰ ਸਭਾ ਪੰਜਾਬ, ਸੀ.ਪੀ.ਆਈ ਜਿਲਾ ਨਵਾਂਸ਼ਹਿਰ, ਮਾਨਵਤਾ ਕਲਾ ਮੰਚ ਨਗਰ, ਭਾਰਤੀ ਕਿਸਾਨ ਯੂਨੀਅਨ(ਉਗਰਾਹਾਂ),ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ,ਮੇਜਰ ਮਨਦੀਪ ਸਿੰਘ ਵੈਲਫੇਅਰ ਸੁਸਾਇਟੀ( ਰਜਿ.) ਨਵਾਂਸ਼ਹਿਰ, ਉਪਕਾਰ ਕੋਆਰਡੀਨੇਸ਼ਨ ਸੁਸਾਇਟੀ ਨਵਾਂਸ਼ਹਿਰ, ਬਲੱਡ ਡੋਨਰਜ਼ ਕੌਂਸਲ ਨਵਾਂਸ਼ਹਿਰ,ਰੋਡ ਸੇਫਟੀ ਅਵੇਅਰਨੈਸ ਸੁਸਾਇਟੀ ਨਵਾਂਸ਼ਹਿਰ ਨੇ ਲਿਖਤੀ ਸ਼ੋਕ ਸੰਦੇਸ਼ ਭੇਜੇ।ਪਰਿਵਾਰ ਵਲੋਂ ਬਲਵੀਰ ਸਿੰਘ ਸੰਘਾ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਰਾਜਸੀ ਪਾਰਟੀਆਂ ਅਤੇ ਜਨਤਕ ਜਥੇਬੰਦੀਆਂ ਦੇ ਆਗੂ ਅਤੇ ਵਰਕਰ, ਪਰਿਵਾਰ ਦੇ ਰਿਸ਼ਤੇਦਾਰ ਅਤੇ ਸਾਕ ਸਬੰਧੀ ਵੱਡੀ ਗਿਣਤੀ ਵਿੱਚ ਮੌਜੂਦ ਸਨ।
ਮੰਚ ਸੰਚਾਲਨ ਕੁਲਵਿੰਦਰ ਸਿੰਘ ਵੜੈਚ ਅਤੇ ਜਸਬੀਰ ਦੀਪ ਨੇ ਕੀਤੀ।