ਇਸ਼ਜੋਤ ਸਿੰਘ ਬੱਬਰ ਨੇ ਨੈਸ਼ਨਲ ਫੈਂਸਿੰਗ ਚੈਂਪੀਅਨਸ਼ਿਪ ਵਿੱਚ ਜਿੱਤਿਆ ਬਰਾਉਂਜ ਮੈਡਲ
ਰੋਹਿਤ ਗੁਪਤਾ
ਗੁਰਦਾਸਪੁਰ, 16 ਜਨਵਰੀ 2025 - ਉੱਤਰਾਖੰਡ ਦੇ ਰੁਦਰਪੁਰ ਵਿੱਚ ਹੋਈ 19ਵੀਂ ਕੈਡਿਟ ਚੈਂਪੀਅਨਸ਼ਿਪ ਅੰਡਰ 17 ਵਿੱਚ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਿਤ 11ਵੀਂ ਜਮਾਤ ਦੇ ਹੋਣਹਾਰ ਖਿਡਾਰੀ ਇਸ਼ਜੋਤ ਸਿੰਘ ਬੱਬਰ ਨੇ ਆਪਣੀ ਟੀਮ ਦੇ ਨਾਲ ਬਰਾਉਂਜ ਮੈਡਲ ਜਿੱਤ ਕੇ ਆਪਣੇ ਜ਼ਿਲ੍ਹੇ, ਪਰਿਵਾਰ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਦੱਸਣਯੋਗ ਹੈ ਕਿ ਇਸ਼ਜੋਤ ਸਿੰਘ ਬੱਬਰ ਗੁਰਦਾਸਪੁਰ ਨਾਲ ਸੰਬੰਧਿਤ ਉੱਘੇ ਕਿਸਾਨ ਆਗੂ ਸਰਬਜੀਤ ਸਿੰਘ ਗੋਲਡੀ ਬੱਬਰ ਦਾ ਸਪੁੱਤਰ ਅਤੇ ਉੱਘੇ ਸਰਜਨ ਡਾ. ਮਨਜੀਤ ਸਿੰਘ ਬੱਬਰ ਦਾ ਭਤੀਜਾ ਹੈ ਜੋ ਇਸ ਮੌਕੇ ਦੀਨਾਨਗਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ 11ਵੀਂ ਜਮਾਤ ਦਾ ਵਿਦਿਆਰਥੀ ਹੈ। ਇਸ਼ਜੋਤ ਸਿੰਘ ਸ਼ੁਰੂ ਤੋਂ ਹੀ ਫੈਂਸਿੰਗ ਮੁਕਾਬਲਿਆਂ ਵਿੱਚ ਦਿਲਚਸਪੀ ਰੱਖਦਾ ਰਿਹਾ ਹੈ ਜਿਸ ਨੇ ਹੁਣ ਤੱਕ ਜ਼ਿਲ੍ਹੇ ਅਤੇ ਸਟੇਟ ਪੱਧਰ ’ਤੇ ਕਈ ਮੁਕਾਬਲਿਆਂ ਵਿੱਚ ਭਾਗ ਲੈ ਕੇ ਅਹਿਮ ਮੱਲਾਂ ਮਾਰੀਆਂ ਹਨ।
ਹੁਣ ਰੁਦਰਪੁਰ ਵਿਖੇ ਹੋਈ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਉਸਨੇ ਆਪਣੀ ਟੀਮ ਦੇ ਨਾਲ ਭਾਗ ਲਿਆ ਅਤੇ ਸ਼ਾਨਦਾਰ ਕਾਰਗੁਜਾਰੀ ਦਿਖਾਉਂਦੇ ਹੋਏ ਬਰਾਉਂਜ ਮੈਡਲ ਜਿੱਤਿਆ ਹੈ। ਇਸ਼ਜੋਤ ਸਿੰਘ ਨੇ ਦੱਸਿਆ ਕਿ ਉਸ ਦੀ ਟੀਮ ਵਿੱਚ ਇੱਕ ਖਿਡਾਰੀ ਗੁਰਦਾਸਪੁਰ ਅਤੇ ਦੋ ਖਿਡਾਰੀ ਮਾਨਸਾ ਜ਼ਿਲ੍ਹੇ ਨਾਲ ਸੰਬੰਧਿਤ ਸਨ। ਇਸ਼ਜੋਤ ਸਿੰਘ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਉਸ ਦੇ ਸਕੂਲ ਦੇ ਪ੍ਰਿੰਸੀਪਲ ਜਸਕਰਨ ਸਿੰਘ ਅਤੇ ਹੋਰ ਅਧਿਆਪਕਾਂ ਵੱਲੋਂ ਉਸ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਜਸਕਰਨ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਉਹਨਾਂ ਦੇ ਸਕੂਲ ਦਾ ਇਹ ਹੋਣਹਾਰ ਵਿਦਿਆਰਥੀ ਇਨੀਆਂ ਵੱਡੀਆਂ ਮੱਲਾਂ ਮਾਰ ਰਿਹਾ ਹੈ। ਉਹਨਾਂ ਇਸ਼ਜੋਤ ਸਿੰਘ ਬੱਬਰ ਨੂੰ ਭਵਿੱਖ ਵਿੱਚ ਵੀ ਵੱਡੀਆਂ ਮੱਲਾਂ ਮਾਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ।