ਸ੍ਰੀ ਮੁਕਤਸਰ ਸਾਹਿਬ ਦੀ ਔਰਤ ਝੀਂਗਾ ਪਾਲਕ ਗਣਤੰਤਰ ਦਿਵਸ ਮੌਕੇ ਮਹਿਮਾਨ ਵਜੋ ਹੋਵੇਗੀ ਸ਼ਾਮਿਲ
ਸ੍ਰੀ ਮੁਕਤਸਰ ਸਾਹਿਬ , 24 ਜਨਵਰੀ 2025 :
ਮੱਛੀ ਪਾਲਣ ਵਿਭਾਗ, ਭਾਰਤ ਸਰਕਾਰ ਵੱਲੋਂ ਨਵੀਂ ਦਿੱਲੀ ਵਿਖੇ 26 ਜਨਵਰੀ, 2025 ਨੂੰ ਹੋਣ ਵਾਲੇ 76ਵੇਂ ਗਣਤੰਤਰ ਦਿਵਸ ਦੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਪੰਜਾਬ ਰਾਜ ਦੇ 06 ਮੱਛੀ/ਝੀਂਗਾ ਕਿਸਾਨਾਂ ਨੂੰ ਉਨ੍ਹਾਂ ਦੇ ਜੀਵਨਸਾਥੀ ਦੇ ਨਾਲ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਇਹ ਮੱਛੀ/ਝੀਂਗਾ ਕਿਸਾਨ ਆਪਣੇ ਪਰਿਵਾਰਕ ਮੈਂਬਰ ਨਾਲ ਤਿੰਨ ਦਿਨਾਂ ਲਈ ਮੱਛੀ ਪਾਲਣ ਵਿਭਾਗ, ਭਾਰਤ ਸਰਕਾਰ ਦੇ ਮਹਿਮਾਨ ਹੋਣਗੇ। ਪ੍ਰੋਗਰਾਮ ਅਨੁਸਾਰ ਇਹ ਕਿਸਾਨ 25 ਜਨਵਰੀ, 2025 ਨੂੰ ਹਵਾਈ ਯਾਤਰਾ ਦੁਆਰਾ ਦਿੱਲੀ ਜਾਣਗੇ, ਜਿੱਥੇ ਉਹ 25 ਤੋਂ 27 ਜਨਵਰੀ, 2025 ਤੱਕ ਵੱਖ-ਵੱਖ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ, ਜਿਸ ਵਿੱਚ ਉਨ੍ਹਾਂ ਨੂੰ 26 ਜਨਵਰੀ ਦੇ ਗਣਤੰਤਰ ਦਿਵਸ ਦੀ ਪਰੇਡ ਬਤੌਰ ਮਹਿਮਾਨ ਦੇਖਣ ਦਾ ਮੌਕਾ ਮਿਲੇਗਾ
ਚੁਣੇ ਗਏ ਕਿਸਾਨਾ ਵਿੱਚੋਂ ਇਹ ਮੌਕਾ ਸ੍ਰੀਮਤੀ ਰੁਪਿੰਦਰ ਕੌਰ ਪਤਨੀ ਸ੍ਰੀ ਮਨਜਿੰਦਰ ਸਿੰਘ ਪਿੰਡ ਈਨਾਖੇੜਾ, ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਹਿੱਸੇ ਵੀ ਆਇਆ ਹੈ।
ਸ਼੍ਰੀਮਤੀ ਰੁਪਿੰਦਰ ਕੌਰ ਨੇ ਸਾਲ 2022 ਵਿੱਚ ਮੱਛੀ ਪਾਲਣ ਵਿਭਾਗ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਈਨਾ ਖੇੜਾ ਵਿਖੇ ਸਥਾਪਿਤ ਡੀ ਐੱਫ ਟੀ ਸੀ ਸੈਂਟਰ ਤੋਂ ਝੀਂਗਾ ਪਾਲਣ ਦੀ ਮੁੱਢਲੀ ਟ੍ਰੇਨਿੰਗ ਪ੍ਰਾਪਤ ਕੀਤੀ ਅਤੇ ਪਹਿਲਾਂ ਪਿੰਡ ਢਾਬਾਂ ਕੋਕਰੀਆਂ ਵਿਖੇ ਲਗਪਗ 04 ਏਕੜ ਵਿਚ ਝੀਂਗਾ ਪਾਲਣ ਦਾ ਕਿੱਤਾ ਸ਼ੁਰੂ ਕੀਤਾ। ਆਪਣੇ ਅਣਥੱਕ ਅਤੇ ਮਿਹਨਤੀ ਸੁਭਾਅ ਦੇ ਚਲਦਿਆਂ ਇੱਕ ਸਫਲ ਔਰਤ ਝੀਂਗਾ ਕਿਸਾਨ ਦੇ ਰੂਪ ਵਿੱਚ ਉਭਰ ਕੇ ਸਾਹਮਣੇ ਆਈ। ਇਸ ਕਿੱਤੇ ਲਈ ਉਸਨੂੰ ਪੰਜਾਬ ਸਰਕਾਰ ਵੱਲੋਂ ਪੀ.ਐਮ.ਐਮ.ਐਸ.ਵਾਈ ਸਕੀਮ ਅਧੀਨ ਸਬਸਿਡੀ ਵੀ ਮੁੱਹਈਆ ਕਰਵਾਈ ਗਈ
ਇਸਦੇ ਨਾਲ ਹੀ ਲੁਧਿਆਣਾ ਵਿਖੇ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨਿਮਲ ਸਾਇੰਸਜ਼ ਯੂਨੀਵਰਸਿਟੀ ਤੋਂ ਸਾਲ 2024 ਦੌਰਾਨ ਨਵੀਨਤਮ ਯੂਨਿਟਾਂ ਰਾਹੀਂ ਝੀਂਗਾ ਪਾਲਣ ਦੀ ਟ੍ਰੇਨਿੰਗ ਪ੍ਰਾਪਤ ਕਰਕੇ ਪਿੰਡ ਈਨਾ ਖੇੜਾ ਵਿਖੇ ਪੀ.ਐਮ.ਐਮ.ਐਸ ਸਕੀਮ ਅਧੀਨ ਖਾਰੇ ਪਾਣੀ ਨਾਲ ਪ੍ਰਭਾਵਿਤ ਜਮੀਨ ਵਿਚ ਬਾਇਓ ਫਲਾਕ ਤਲਾਬ ਬਣਾ ਕੇ ਝੀਂਗਾ ਪਾਲਣ ਦੇ 02 ਨਵੀਨਤਮ ਯੂਨਿਟ ਵੀ ਸਥਾਪਿਤ ਕੀਤੇ ਹਨ ਅਤੇ ਬਾਇਓ ਫ਼ਲਾਕ ਕਲਚਰ ਰਾਹੀਂ ਇੱਕ ਸਾਲ ਵਿੱਚ 03 ਵਾਰ ਝੀਂਗਾ ਪੂੰਗ ਸਟਾਕ ਕਰਕੇ ਸਾਲ ਵਿਚ ਝੀਂਗਾ ਪਾਲਣ ਦੀਆਂ ਤਿੰਨ ਫਸਲਾਂ ਪ੍ਰਾਪਤ ਕਰਕੇ ਪੰਜਾਬ ਵਿੱਚ ਝੀਂਗਾ ਪਾਲਣ ਨੂੰ ਕ੍ਰਾਂਤੀਕਾਰੀ ਮੋੜ ਦਿੱਤਾ ।
ਸ੍ਰੀਮਤੀ ਰੁਪਿੰਦਰ ਕੌਰ ਖੁਦ ਇੱਕ ਮਿਹਨਤੀ ਅਤੇ ਸੂਝਵਾਨ ਔਰਤ ਕਿਸਾਨ ਹੈ ਅਤੇ ਇਸ ਕਿੱਤੇ ਵਿੱਚ ਉਸਨੂੰ ਆਪਣੇ ਪਰਿਵਾਰ ਦਾ ਵੀ ਬਹੁਤ ਸਹਿਯੋਗ ਰਿਹਾ ਹੈ। ਸੋ ਰੁਪਿੰਦਰ ਕੌਰ ਦੀ ਸਫਲਤਾ ਦੀ ਕਹਾਣੀ ਪੰਜਾਬ ਦੀਆਂ ਔਰਤ ਕਿਸਾਨਾਂ ਲਈ ਚਾਨਣ ਮੁਨਾਰਾ ਹੈ ।