'ਪਟਿਆਲਾ ਹੈਰੀਟੇਜ ਫੈਸਟੀਵਲ: ਨਿਰਮਲ ਰਿਸ਼ੀ ਵੱਲੋਂ ਇਤਿਹਾਸਕ ਨਾਟਕ 'ਸਰਹਿੰਦ ਦੀ ਦੀਵਾਰ' ਦਾ ਮੰਚਨ 13 ਫਰਵਰੀ ਨੂੰ ਹਰਪਾਲ ਟਿਵਾਣਾ ਕਲਾ ਕੇਂਦਰ 'ਚ ਹੋਵੇਗਾ
- ਮਨੀਸ਼ਾ ਰਾਣਾ ਤੇ ਜਸ਼ਨਪ੍ਰੀਤ ਕੌਰ ਗਿੱਲ ਵੱਲੋਂ ਲੋਕਾਂ ਨੂੰ ਇਤਿਹਾਸਕ ਨਾਟਕ ਦੇਖਣ ਦਾ ਸੱਦਾ, ਕੋਈ ਪਾਸ ਨਹੀਂ, ਐਂਟਰੀ ਫ਼੍ਰੀ, ਪੋਸਟਰ ਕੀਤਾ ਜਾਰੀ
ਪਟਿਆਲਾ, 11 ਫਰਵਰੀ 2025 - ਪਟਿਆਲਾ ਹੈਰੀਟੇਜ ਫੈਸਟੀਵਲ 2025 ਤਹਿਤ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ 13 ਫਰਵਰੀ ਨੂੰ ਸ਼ਾਮ 6 ਵਜੇ ਪ੍ਰਸਿੱਧ ਅਦਾਕਾਰਾ ਤੇ ਹਰਮਨ ਪਿਆਰੀ ਸ਼ਖ਼ਸੀਅਤ ਪਦਮ ਸ੍ਰੀ ਨਿਰਮਲ ਰਿਸ਼ੀ ਵੱਲੋਂ ਨਾਟਕ 'ਸਰਹਿੰਦ ਦੀ ਦੀਵਾਰ' ਦਾ ਮੰਚਨ ਇੱਥੇ ਨਾਭਾ ਰੋਡ 'ਤੇ ਸਥਿਤ ਹਰਪਾਲ ਟਿਵਾਣਾ ਕਲਾ ਕੇਂਦਰ ਵਿਖੇ ਹੋਵੇਗਾ।
ਪਟਿਆਲਾ ਵਿਕਾਸ ਅਥਾਰਟੀ ਦੇ ਮੁੱਖ ਪ੍ਰਸ਼ਾਸਕ ਮਨੀਸ਼ਾ ਰਾਣਾ ਨੇ ਇਸ ਨਾਟਕ ਦਾ ਪੋਸਟਰ ਜਾਰੀ ਕਰਦਿਆਂ ਦੱਸਿਆ ਕਿ ਮਰਹੂਮ ਨਾਟਕਕਾਰ ਹਰਪਾਲ ਟਿਵਾਣਾ ਵੱਲੋਂ ਲਿਖੇ ਇਸ ਇਤਿਹਾਸਕ ਨਾਟਕ ਦਾ ਸੰਗੀਤ ਮਰਹੂਮ ਜਗਜੀਤ ਸਿੰਘ ਵੱਲੋਂ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਿੱਚ ਪ੍ਰਸਿੱਧ ਅਦਾਕਾਰਾ ਨਿਰਮਲ ਰਿਸ਼ੀ ਤੇ ਮਨਪਾਲ ਟਿਵਾਣਾ ਸਮੇਤ ਹੋਰ ਪ੍ਰਸਿੱਧ ਅਦਾਕਾਰ ਆਪਣੀ ਭੂਮਿਕਾ ਨਿਭਾਉਣਗੇ।
ਮਨੀਸ਼ਾ ਰਾਣਾ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਇਸ ਮਹਾਨ ਤੇ ਇਤਿਹਾਸਕ ਨਾਟਕ ਨੂੰ ਦੇਖਣ ਦਾ ਖੁੱਲ੍ਹਾ ਸੱਦਾ ਦਿੰਦਿਆਂ ਕਿਹਾ ਕਿ ਇਸ ਲਈ ਦਾਖਲਾ ਬਿਲਕੁਲ ਮੁਫ਼ਤ ਹੈ। ਉਨ੍ਹਾਂ ਦੱਸਿਆ ਕਿ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਅਤੇ ਮਾਤਾ ਗੁਜ਼ਰੀ ਜੀ ਦੀ ਮਹਾਨ ਕੁਰਬਾਨੀ ਤੇ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਇਸ ਇਸ ਨਾਟਕ ਵਿੱਚ ਇਤਿਹਾਸ ਦੇ ਦਿਲ ਕੰਬਾਊ ਘਟਨਾਕ੍ਰਮ ਨੂੰ ਹੂ-ਬ-ਹੂ ਪੇਸ਼ ਕੀਤਾ ਜਾਵੇਗਾ।
ਮਨੀਸ਼ਾ ਰਾਣਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਉਲੀਕੇ ਗਏ ਪਟਿਆਲਾ ਹੈਰੀਟੇਜ ਫੈਸਟੀਵਲ ਤਹਿਤ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਦੇਖ ਰੇਖ ਹੇਠ ਕਰਵਾਇਆ ਜਾ ਰਿਹਾ ਇਹ ਨਾਟਕ ਲੋਕਾਂ ਦੇ ਇਤਿਹਾਸਕ ਗਿਆਲ ਵਿੱਚ ਵਾਧਾ ਕਰੇਗਾ। ਇਸ ਮੌਕੇ ਇਸ ਨਾਟਕ ਦੇ ਨੋਡਲ ਅਫ਼ਸਰ ਤੇ ਏ.ਸੀ.ਏ. ਜਸ਼ਨਪ੍ਰੀਤ ਕੌਰ ਗਿੱਲ ਵੀ ਮੌਜੂਦ ਸਨ।