ਪੰਜਾਬੀ ਯੂਨੀਵਰਸਿਟੀ ਵਿਖੇ ਕਰਵਾਇਆ ਗਿਆ ਬਲਰਾਜ ਸਾਹਨੀ ਯਾਦਗਾਰੀ ਭਾਸ਼ਣ
-ਡਾ. ਰਖਸ਼ੰਦਾ ਜਲੀਲ ਨੇ ਕੀਤੀ ਪ੍ਰਗਤੀਸ਼ੀਲ ਲੇਖਕ ਲਹਿਰ ਬਾਰੇ ਗੱਲ
ਪਟਿਆਲਾ, 19 ਫਰਵਰੀ 2025 - ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਵੱਲੋਂ ਦੂਜਾ ਸਾਲਾਨਾ ਬਲਰਾਜ ਸਾਹਨੀ ਯਾਦਗਾਰੀ ਭਾਸ਼ਣ ਕਰਵਾਇਆ ਗਿਆ। 'ਪ੍ਰਗਤੀਸ਼ੀਲ ਲੇਖਕ ਲਹਿਰ' ਵਿਸ਼ੇ ਬਾਰੇ ਇਹ ਭਾਸ਼ਣ ਉੱਘੀ ਲੇਖਕ ਅਤੇ ਅਨੁਵਾਦਕ ਡਾ. ਰਖਸ਼ੰਦਾ ਜਲਾਲ ਵੱਲੋਂ ਦਿੱਤਾ ਗਿਆ।
ਡਾ. ਰਖਸ਼ੰਦਾ ਜਲੀਲ ਨੇ 'ਪ੍ਰਗਤੀਸ਼ੀਲ' ਸ਼ਬਦ ਦੀਆਂ ਬਦਲਦੀਆਂ ਪਰਿਭਾਸ਼ਾਵਾਂ 'ਤੇ ਵਿਚਾਰ-ਵਟਾਂਦਰਾ ਕਰਦਿਆਂ ਇਸ ਬਾਰੇ ਵਿਸ਼ੇ ਉੱਤੇ ਵਿਸਥਾਰ ਵਿੱਚ ਚਾਨਣਾ ਪਾਇਆ। ਉਨ੍ਹਾਂ ਪ੍ਰਗਤੀਸ਼ੀਲ ਲੇਖਕ ਸੰਘ, ਪ੍ਰਗਤੀਸ਼ੀਲ ਲੇਖਕ ਅੰਦੋਲਨ, ਅਤੇ ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ ਦੀ ਇਤਿਹਾਸਕ ਵਿਰਾਸਤ ਦੇ ਹਵਾਲੇ ਨਾਲ਼ ਗੱਲ ਕਰਦਿਆਂ ਇਨ੍ਹਾਂ ਅਦਾਰਿਆਂ ਦੇ ਯੋਗਦਾਨ ਬਾਰੇ ਚਰਚਾ ਕੀਤੀ ਅਤੇ ਵਿਸ਼ੇ ਬਾਰੇ ਅਹਿਮ ਨੁਕਤੇ ਸਾਹਮਣੇ ਲਿਆਂਦੇ। ਉਨ੍ਹਾਂ ਇਸ ਤੱਥ 'ਤੇ ਜ਼ੋਰ ਦਿੱਤਾ ਕਿ ਸਾਨੂੰ ਸਮਕਾਲੀ ਸਮੇਂ ਲਈ ਇਸ ਅਮੀਰ ਵਿਰਾਸਤ ਨੂੰ ਸਾਂਭ ਕੇ ਵੀ ਰੱਖਣਾ ਚਾਹੀਦਾ ਹੈ ਅਤੇ ਅੱਗੇ ਵੀ ਤੋਰਨਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਵਿਭਾਗ ਮੁਖੀ ਡਾ. ਜਯੋਤੀ ਪੁਰੀ ਨੇ ਆਪਣੇ ਸਵਾਗਤੀ ਸ਼ਬਦਾਂ ਦੌਰਾਨ ਦੱਸਿਆ ਕਿ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ਇਹ ਭਾਸ਼ਣ ਲੜੀ ਮਰਹੂਮ ਲੇਖਕ, ਅਦਾਕਾਰ ਅਤੇ ਕਾਰਕੁਨ ਬਲਰਾਜ ਸਾਹਨੀ ਦੀ ਸਦੀਵੀ ਵਿਰਾਸਤ ਨੂੰ ਸਮਰਪਿਤ ਹੈ, ਜਿਨ੍ਹਾਂ ਦਾ ਜੀਵਨ ਅਤੇ ਕਾਰਜ ਸਮਾਜਿਕ ਨਿਆਂ, ਪੇਂਡੂ ਜੀਵਨ ਅਤੇ ਹਾਸ਼ੀਏ 'ਤੇ ਧੱਕੇ ਲੋਕਾਂ ਪ੍ਰਤੀ ਵਚਨਬੱਧ ਰਿਹਾ ਹੈ।
ਸਮਾਗਮ ਦੀ ਕੋਆਰਡੀਨੇਟਰ ਡਾ. ਮੋਨਿਕਾ ਸੱਭਰਵਾਲ ਨੇ ਬਲਰਾਜ ਸਾਹਨੀ ਦੇ ਜੀਵਨ ਅਤੇ ਕੰਮਾਂ ਉੱਤੇ ਸੰਖੇਪ ਚਾਨਣਾ ਪਾਇਆ।
ਭਾਸ਼ਣ ਉਪਰੰਤ ਦਰਸ਼ਕਾਂ ਵੱਲੋਂ ਡਾ. ਰਖਸ਼ੰਦਾ ਜਲੀਲ ਨਾਲ਼ ਸਿੱਧਾ ਸੰਵਾਦ ਰਚਾਇਆ ਗਿਆ।