ਉੱਘੇ ਵਿਗਿਆਨੀ ਪ੍ਰੋ. ਅਮਿਤਾਭ ਜੋਸ਼ੀ ਨੇ ਪੰਜਾਬੀ ਯੂਨੀਵਰਸਿਟੀ ਵਿਖੇ ਦਿੱਤਾ ਵਿਸ਼ੇਸ਼ ਭਾਸ਼ਣ
- ਆਧੁਨਿਕ ਯੁੱਗ ਅੰਤਰ-ਅਨੁਸ਼ਾਸਨੀ ਪਹੁੰਚ ਵਾਲ਼ਾ ਯੁੱਗ: ਪ੍ਰੋ. ਸੰਜੀਵ ਪੁਰੀ
- ਪੰਜਾਬੀ ਯੂਨੀਵਰਸਿਟੀ ਵਿਖੇ ਪ੍ਰੋ. ਅਮਿਤਾਭ ਜੋਸ਼ੀ ਨੇ ਦਿੱਤਾ ਵਿਸ਼ੇਸ਼ ਭਾਸ਼ਣ
ਪਟਿਆਲਾ, 20 ਫਰਵਰੀ 2025 - ਪੰਜਾਬੀ ਯੂਨੀਵਰਸਿਟੀ ਵਿਖੇ ਜੇ. ਐੱਨ. ਸੀ.ਏ.ਐੱਸ.ਆਰ., ਬੰਗਲੁਰੂ ਤੋਂ ਪੁੱਜੇ ਉੱਘੇ ਵਿਗਿਆਨੀ ਪ੍ਰੋ. ਅਮਿਤਾਭ ਜੋਸ਼ੀ ਨੇ ਵਿਸ਼ੇਸ਼ ਭਾਸ਼ਣ ਦਿੱਤਾ। ਇਹ ਭਾਸ਼ਣ ਯੂਨੀਵਰਸਿਟੀ ਦੇ ਪ੍ਰਾਣੀ ਵਿਗਿਆਨ ਅਤੇ ਵਾਤਾਵਰਣ ਵਿਗਿਆਨ ਵਿਭਾਗ ਦੀ 'ਜ਼ੂਆਲੋਜੀਕਲ ਐਂਡ ਐਨਵਾਇਰਨਮੈਂਟ ਸੋਸਾਇਟੀ' ਵੱਲੋਂ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ ਦੇ ਸਹਿਯੋਗ ਨਾਲ਼ ਕਰਵਾਇਆ ਗਿਆ।
ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਆਧੁਨਿਕ ਯੁੱਗ ਅੰਤਰ-ਅਨੁਸ਼ਾਸਨੀ ਪਹੁੰਚ ਵਾਲ਼ਾ ਯੁੱਗ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਵਿਸ਼ਿਆਂ ਅਤੇ ਅਨੁਸ਼ਾਸਨਾਂ ਨੂੰ ਆਪਸ ਵਿੱਚ ਸੰਤੁਲਨ ਬਣਾ ਕੇ ਚੱਲਣ ਨਾਲ਼ ਹੀ ਗਿਆਨ ਦੇ ਸਮੁੱਚ ਵੱਲ ਜਾਇਆ ਜਾ ਸਕਦਾ ਹੈ।
ਪ੍ਰੋ. ਅਮਿਤਾਭ ਜੋਸ਼ੀ ਨੇ ਆਪਣੇ ਭਾਸ਼ਣ ਵਿੱਚ ਡਾਰਵਿਨ ਦੇ 'ਸਰਵਾਇਵਲ ਆਫ਼ ਫਿੱਟੈਸਟ' ਸਿਧਾਂਤ ਦੇ ਹਵਾਲੇ ਨਾਲ਼ ਵਿਗਾਸ ਬਾਰੇ ਅਹਿਮ ਗੱਲਾਂ ਕੀਤੀਆਂ। ਉਨ੍ਹਾਂ ਡਾਰਵਿਨ ਵੱਲੋਂ ਵਿਗਿਆਨ ਦੇ ਖੇਤਰ ਵਿੱਚ ਪਾਏ ਵਿਲੱਖਣ ਯੋਗਦਾਨ ਬਾਰੇ ਗੱਲ ਕਰਦਿਆਂ ਬਹੁਤ ਸਾਰੀਆਂ ਧਾਰਨਾਵਾਂ ਨੂੰ ਨਵੇਂ ਕੋਣਾਂ ਤੋਂ ਸਮਝਾਇਆ। ਉਨ੍ਹਾਂ ਵਿਦਿਆਰਥੀਆਂ ਨੂੰ ਅੱਗੇ ਪੜ੍ਹਨ ਲਈ ਕੁੱਝ ਚੋਣਵੀਆਂ ਪੁਸਤਕਾਂ ਵੀ ਸੁਝਾਈਆਂ ਅਤੇ ਕੈਰੀਅਰ ਚੋਣ ਬਾਰੇ ਵੀ ਕੁੱਝ ਨੁਕਤੇ ਸਾਂਝੇ ਕੀਤੇ।
ਪ੍ਰਾਣੀ ਵਿਗਿਆਨ ਅਤੇ ਵਾਤਾਵਰਣ ਵਿਗਿਆਨ ਵਿਭਾਗ ਮੁਖੀ ਡਾ. ਗੁਰਿੰਦਰ ਕੌਰ ਵਾਲੀਆ ਨੇ ਆਪਣੇ ਸਵਾਗਤੀ ਭਾਸ਼ਣ ਦੌਰਾਨ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।
ਐਜੂਕੇਸ਼ਨਲ ਮਲਟੀਮੀਡੀਆ ਸੈਂਟਰ ਦੇ ਡਾਇਰੈਕਟਰ ਦਲਜੀਤ ਅਮੀ ਵੱਲੋਂ ਆਪਣੇ ਕੇਂਦਰ ਦੀਆਂ ਗਤੀਵਿਧੀਆਂ ਬਾਰੇ ਬੋਲਦਿਆਂ ਅੰਤਰ-ਅਨੁਸ਼ਾਸਨੀ ਪਹੁੰਚ ਦੀ ਅਹਿਮੀਅਤ ਬਾਰੇ ਗੱਲ ਕੀਤੀ ਗਈ।
ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ਕੋਆਰਡੀਨੇਟਰ ਪ੍ਰੋ. ਹਿਮੇਂਦਰ ਭਾਰਤੀ ਨੇ ਕੀਤਾ। ਧੰਨਵਾਦੀ ਭਾਸ਼ਣ 'ਜ਼ੂਆਲੋਜੀਕਲ ਐਂਡ ਐਨਵਾਇਰਨਮੈਂਟ ਸੋਸਾਇਟੀ' ਤੋਂ ਉਂਕਾਰ ਸਿੰਘ ਵੱਲੋਂ ਦਿੱਤਾ ਗਿਆ। ਇਸ ਪ੍ਰੋਗਰਾਮ ਉਪਰੰਤ ਐਜੂਕੇਸ਼ਨਲ ਮਲਟੀਮੀਡੀਆ ਸੈਂਟਰ ਵਿਖੇ ਪ੍ਰੋ. ਅਮਿਤਾਭ ਜੋਸ਼ੀ ਨਾਲ਼ ਇੱਕ ਵਿਸ਼ੇਸ਼ ਇੰਟਰਵਿਊ ਵੀ ਰਿਕਾਰਡ ਕੀਤੀ ਗਈ ਜਿਸ ਵਿੱਚ ਪ੍ਰੋ ਹਿਮੇਂਦਰ ਭਾਰਤੀ ਨੇ ਉਨ੍ਹਾਂ ਨਾਲ਼ ਵਿਗਾਸਵਾਦ ਦੇ ਹਵਾਲੇ ਨਾਲ਼ ਸੰਵਾਦ ਰਚਾਇਆ।