ਵਰਲਡ ਪੰਜਾਬੀ ਸੈਂਟਰ ਵਿਖੇ ਪੰਜਾਬੀ ਲਘੂ ਫਿਲਮ ‘ਡੈੱਥ ਡੇਅ’ ਦੀ ਸਪੈਸ਼ਲ ਸਕਰੀਨਿੰਗ ਕੀਤੀ
ਪਟਿਆਲਾ, 29 ਜਨਵਰੀ 2025 - ਵਰਲਡ ਪੰਜਾਬੀ ਸੈਂਟਰ, ਪੰਜਾਬੀ ਯੂਨੀਵਰਸਿਟੀ ਵੱਲੋਂ ਸਹਿਰਾਬ ਪ੍ਰੋਡਕਸ਼ਨ ਅਤੇ ਸਾਰਥਕ ਰੰਗਮੰਚ ਦੇ ਸਹਿਯੋਗ ਨਾਲ ਪੰਜਾਬੀ ਲਘੂ ਫਿਲਮ ‘ਡੈੱਥ ਡੇਅ’ ਦੀ ਸਪੈਸ਼ਲ ਸਕਰੀਨਿੰਗ ਕੀਤੀ ਗਈ। ਬੰਗਾਲੀ ਲੇਖਕ ਰਮਾਨਾਥ ਰਾਏ ਦੀ ਕਹਾਣੀ ਤੇ ਆਧਾਰਿਤ ਬਣੀ ਇੱਕ ਘੰਟੇ ਦੀ ਅਵਧੀ ਵਾਲੀ ਇਸ ਫ਼ਿਲਮ ਦਾ ਨਿਰਦੇਸ਼ਨ ਡਾ. ਲੱਖਾ ਲਹਿਰੀ ਨੇ ਕੀਤਾ। ਇਹ ਫਿਲਮ ਪੰਜਾਬ ਦੇ ਮੌਜੂਦਾ ਹਾਲਾਤ ਨੂੰ ਉਜਾਗਰ ਕਰਦੀ ਹੈ। ਜਿਸ ਵਿੱਚ ਇੱਕ ਬਜ਼ੁਰਗ ਜਿਸਦੇ ਸਾਰੇ ਬੱਚੇ ਵਿਦੇਸ਼ਾਂ ਵਿੱਚ ਰਹਿੰਦੇ ਹਨ। ਉਹ ਆਪਣੇ ਪੁੱਤ ਪੋਤਿਆਂ ਨੂੰ ਮਰਨ ਤੋਂ ਪਹਿਲਾਂ ਮਿਲਣਾ ਚਾਹੁੰਦਾ ਹੈ। ਪਰ ਬੱਚੇ ਕਹਿੰਦੇ ਹਨ ਕਿ ਪਹਿਲਾਂ ਆਪਣੇ ਮਰਨ ਦੀ ਤਰੀਕ ਦੱਸੋ, ਤਾਂ ਕਿ ਅਸੀਂ ਇੱਕੋ ਵਾਰੀ ਆਕੇ ਮਿਲ ਵੀ ਜਾਈਏ ਤੇ ਤੁਹਾਡਾ ਕਿਰਿਆ ਕਰਮ ਵੀ ਕਰ ਜਾਈਏ।
ਬਿਸ਼ਨ ਸਿੰਘ ਬੱਚਿਆਂ ਨੂੰ ਮਿਲਣ ਲਈ ਮਰਨ ਦੀ ਤਰੀਕ ਜਾਨਣ ਲਈ, ਡਾਕਟਰ, ਪੰਡਿਤ, ਬਾਬਿਆਂ ਆਦਿ ਕੋਲ ਜਾਂਦਾ ਹੈ। ਬਿਸ਼ਨ ਸਿੰਘ ਦਾ ਕਿਰਦਾਰ ਅਵਤਾਰ ਅਰੋੜਾ ਨੇ ਪਾਤਰ ਵਿੱਚ ਵਿਲੀਨ ਹੋ ਕੇ ਕੀਤਾ। ਉਸਦੇ ਹਰ ਭਾਵ, ਅਦਾ ਤੇ ਚਾਲ-ਢਾਲ ਤੋਂ ਪਾਤਰ ਦੀਆਂ ਪਰਤਾਂ ਝਲਕਦੀਆਂ ਸਨ। ਬਾਕੀ ਕਲਾਕਾਰਾਂ ਵਿੱਚ ਅਨੀਤਾ ਸ਼ਬਦੀਸ਼, ਭੁਪਿੰਦਰ ਬਰਨਾਲਾ, ਨਵੀਨ ਸ਼ਰਮਾ, ਐਮ. ਐਮ. ਸਿਆਲ, ਅਸ਼ੋਕ ਟਾਂਗਰੀ, ਮਲਕੀਤ ਮੀਤ ਆਦਿ ਕਲਾਕਾਰਾਂ ਨੇ ਵੀ ਕਮਾਲ ਦੀ ਅਦਾਕਾਰੀ ਕੀਤੀ । ਸਕਰੀਨਿੰਗ ਤੋਂ ਬਾਅਦ ਫਿਲਮ ‘ਤੇ ਵਿਚਾਰ ਚਰਚਾ ਕੀਤੀ ਗਈ। ਅਜਾਇਬ ਸਿੰਘ ਚੱਠਾ ਨੇ ਕਿਹਾ ਕਿ ਇਹ ਫਿਲਮ ਪੰਜਾਬ ਦੇ ਮੌਜੂਦਾ ਹਾਲਾਤ ਨੂੰ ਬਿਆਨ ਕਰਦੀ ਹੈ।
ਪਰ ਫਿਲਮ ਦਾ ਸਾਨੂੰ ਆਸ਼ਾ ਦੀ ਚਿਣਗ ਵੀ ਲਾਉਂਦੀ ਹੈ। ਪ੍ਰੀਤ ਮਹਿੰਦਰ ਸੇਖੋਂ ਨੇ ਕਿਹਾ ਕਿ ਇਹ ਮਾਪਿਆਂ ਦੀ ਇਕੱਲਤਾ ਦੀ ਗੱਲ ਕਰਦੀ ਹੈ। ਇਕਾਂਤ ਚੰਗਾ ਹੁੰਦਾ ਹੈ ਪਰ ਇਕਲਾਪਾ ਮਨੁੱਖ ਨੂੰ ਮਾਰਦਾ ਹੈ । ਡਾ. ਗੁਰਨਾਮ ਵਿਰਕ ਨੇ ਕਿਹਾ ਕਿ ਇਹ ਫਿਲਮ ਸਾਨੂੰ ਆਈਨਾ ਦਿਖਾਉਂਦੀ ਹੈ। ਨਰੇਸ਼ ਮਿੱਤਲ (ਐਕਸੀਅਨ, ਪੰਜਾਬੀ ਯੂਨੀਵਰਸਿਟੀ ਪਟਿਆਲਾ)ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਬਾਹਰਲੇ ਦੇਸ਼ਾਂ ਵਿੱਚ ਹਮੇਸ਼ਾ ਹੀ ਸਾਡੇ ਹੁਸ਼ਿਆਰ ਤੇ ਹੋਣਹਾਰ ਬੱਚੇ ਹੀ ਜਾਂਦੇ ਹਨ, ਅਜਿਹੇ ਬੱਚੇ ਇੱਥੇ ਆਪਣੇ ਮਾਂ-ਬਾਪ ਕੋਲ ਰਹਿ ਕੇ ਵੀ ਬਹੁਤ ਕੁਝ ਕਰ ਸਕਦੇ ਹਨ।
ਡਾ. ਇੰਦਰਜੀਤ ਕੌਰ ਨੇ ਰੰਗਮੰਚ ਤੇ ਫਿਲਮਾਂ ਦਾ ਲੋਕਾਂ ਦੇ ਦਿਲ ਦਿਮਾਗ਼ ‘ਤੇ ਪੈਂਦੇ ਅਸਰ ਨੂੰ ਆਪਣੇ ਨਿੱਜੀ ਤਜਰਬਿਆਂ ਦੇ ਹਵਾਲੇ ਨਾਲ ਗੱਲਬਾਤ ਕੀਤੀ। ਜੇ ਕਲਾ ਕੁਝ ਕੁ ਬੰਦਿਆਂ ਨੂੰ ਵੀ ਆਪਣਾ ਨਜ਼ਰੀਆ ਬਦਲਣ ਲਈ ਮਜਬੂਰ ਕਰਦੀ ਹੈ ਤਾਂ ਉਸਨੂੰ ਸਫਲ ਕਾਰਜ ਮੰਨਿਆ ਜਾਂਦਾ ਹੈ । ਡਾ. ਭੀਮ ਇੰਦਰ ਸਿੰਘ (ਡਾਇਰੈਕਟਰ, ਵਰਲਡ ਪੰਜਾਬੀ ਸੈਂਟਰ) ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਫਿਲਮ ਦੇ ਕਲਾਕਾਰਾਂ ਤੇ ਨਿਰਦੇਸ਼ਕ ਨੂੰ ਇਸ ਸਾਰਥਕ ਕਾਰਜ ਲਈ ਵਧਾਈ ਦਿੱਤੀ। ਇਸ ਨੂੰ ਦੇਖਣ ਵਿਦਿਆਰਥੀਆਂ ਅਤੇ ਕਲਾਕਾਰਾਂ ਤੋਂ ਇਲਾਵਾ ਦਲਜੀਤ ਡਾਲੀ, ਡਾ. ਸੰਦੀਪ ਸਿੰਘ ਤੇ ਦਿਆਲ ਸਿੰਘ ਗਿੱਲ (ਐਸ.ਡੀ.ਓ.) ਨੇ ਸ਼ਮੂਲੀਅਤ ਕੀਤੀ।