ਨੌਕਰੀਆਂ ਡਾਵਾਂਡੋਲ ਹੋਣ ਕਾਰਨ ਗੈਸਟ ਪ੍ਰੋਫੈਸਰਾਂ ਨੇ ਖਿੱਚੀ ਸੰਘਰਸ਼ ਦੀ ਤਿਆਰੀ
ਅਸ਼ੋਕ ਵਰਮਾ
ਬਠਿੰਡਾ, 30 ਜਨਵਰੀ 2025: ਪੰਜਾਬ ਦੇ ਸਰਕਾਰੀ ਕਾਲਜਾਂ ਨੂੰ ਲੰਮੇ ਸਮਾਂ ਤੋਂ ਚਲਾਉਣ ਵਾਲੇ ਗੈਸਟ ਪ੍ਰੋਫੈਸਰਾਂ ਦੀ ਥਾਂ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਨਵੀੰ ਭਰਤੀ ਦੇ ਚੱਲਦਿਆਂ ਗੈਸਟ ਫੈਕਲਟੀ ਪ੍ਰੋਫੈਸਰਾਂ ਨੇ ਸਰਕਾਰ ਖਿਲਾਫ ਆਰ ਪਾਰ ਦੀ ਲੜਾਈ ਦੀ ਵਿਉਂਤਬੰਦੀ ਸ਼ੁਰੂ ਕਰ ਦਿੱਤੀ ਹੈ। ਹਾਲ ਹੀ ਵਿਚ 1158 ਸਹਾਇਕ ਪ੍ਰੋਫੈਸਰਾਂ ਦੇ ਰਹਿੰਦੇ ਭਾਸ਼ਾਵਾਂ ਦੇ ਉਮੀਦਵਾਰਾਂ ਨੂੰ ਗੈਸਟ ਪ੍ਰੋਫੈਸਰਾਂ ਦੀ ਜਗਾ ਜੁਆਇਨ ਕਰਵਾਉਣ ਕਾਰਨ ਇੰਨ੍ਹਾਂ ਪ੍ਰੋਫੈਸਰਾਂ ਨੂੰ ਖਤਰਾ ਸਤਾਉਣ ਲੱਗਾ ਹੈ ਕਿ ਉਨ੍ਹਾਂ ਦੀ ਨੌਕਰੀ ਕਦੇ ਵੀ ਜਾ ਸਕਦੀ ਹੈ। ਇੰਨ੍ਹਾਂ ਤੱਥਾਂ ਨੂੰ ਦੇਖਦਿਆਂ ਸਰਕਾਰੀ ਰਜਿੰਦਰਾ ਕਾਲਜ ਦੀ ਗੈਸਟ ਫੈਕਲਟੀ ਦੇ ਆਗੂਆਂ ਨੇ ਐਲਾਨ ਕੀਤਾ ਹੈ ਕਿ ਜੇਕਰ 4 ਫਰਵਰੀ ਦੀ ਮੀਟਿੰਗ ਦੌਰਾਨ ਕੋਈ ਫੈਸਲਾ ਨਾਂ ਹੋਇਆ ਤਾਂ ਉਹ ਤਿੱਖਾ ਸੰਘਰਸ਼ ਵਿੱਢਣਗੇ। ਇਸ ਮੌਕੇ ਪ੍ਰੋ. ਸਰਬਜੀਤ ਸਿੰਘ, ਪ੍ਰੋ. ਰੀਟਾ ਰਾਣੀ ਪ੍ਰੋ. ਸਤਵੀਰ ਕੌਰ, ਪ੍ਰੋ. ਹਰਿੰਦਰ ਕੁਮਾਰ, ਡਾ. ਰਾਜਵਿੰਦਰ ਕੌਰ ਅਤੇ ਬਾਕੀ ਗੈਸਟ ਫੈਕਲਟੀ ਮੈਂਬਰ ਨੇ ਜਾਣਕਾਰੀ ਦਿੱਤੀ।
ਆਗੂਆਂ ਨੇ ਦੱਸਿਆ ਕਿ ਉਹਨਾਂ ਦੇ ਕਾਲਜ ਵਿਚ ਕੁੱਲ 33 ਗੈਸਟ ਫ਼ੈਕਲਟੀ ਦੀ ਥਾਂ ਤੇ ਨਵੀ ਭਰਤੀ ਕੀਤੀ ਗਈ ਹੈ ਜਿਸ ਨਾਲ ਓਹਨਾਂ ਦਾ ਵਰਕਲੋਡ ਬਿਲਕੁਲ ਖਤਮ ਕਰ ਦਿੱਤਾ ਗਿਆ ਹੈ। ਕਾਲਜ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਗੈਸਟ ਪ੍ਰੋਫੈਸਰਾਂ ਨੂੰ ਪੱਕਾ ਕਰਨ ਦੇ ਵਾਅਦੇ ਕਰਨ ਵਾਲੇ ਸਿੱਖਿਆ ਮੰਤਰੀ ਨੇ ਕਈ ਕਾਲਜਾਂ ਵਿਚ ਤਾਂ ਪੂਰੇ ਦੇ ਪੂਰੇ ਵਿਭਾਗਾਂ ਵਿਚੋੰ ਗੈਸਟ ਫ਼ੈਕਲਟੀ ਦਾ ਸਫ਼ਾਇਆ ਹੀ ਕਰ ਦਿੱਤਾ ਹੈ। ਅਜਿਹਾ ਹੋਣ ਨਾਲ ਗੈਸਟ ਪ੍ਰੋਫੈਸਰ ਮਾਨਸਿਕ ਪੀੜਾ ਚੋਂ ਗੁਜ਼ਰ ਰਹੇ ਹਨ। ਫ਼ੈਕਲਟੀ ਦਾ ਕਹਿਣਾ ਹੈ ਕਿ ਸਿੱਖਿਆ ਮੰਤਰੀ ਨਾਲ ਸੰਯੁਕਤ ਫਰੰਟ ਦੀ 4 ਫਰਵਰੀ 2025 ਨੂੰ ਇਸ ਮਸਲੇ ਬਾਰੇ ਮੀਟਿੰਗ ਮਿਲੀ ਹੋਈ ਹੈ ਜੇਕਰ ਇਸ ਮੀਟਿੰਗ ਵਿਚ ਮਸਲਾ ਹੱਲ ਨਾ ਹੋਇਆ ਤਾਂ ਸਮੂਹ ਗੈਸਟ ਪ੍ਰੋਫੈਸਰਾਂ ਵੱਲੋਂ ਜਮਹੂਰੀ ਜੱਥੇਬੰਦੀਆਂ ਨਾਲ ਰੁਜਗਾਰ ਖੋਹਣ ਵਾਲੀ ਪੰਜਾਬ ਸਰਕਾਰ ਖਿਲਾਫ਼ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ ਜਿਸਦੀ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ।