ਸਰਕਾਰੀ ਪੌਲੀਟੈਕਨਿਕ ਕਾਲਜ ਵਿਖੇ ਕਰਵਾਈ ਗਈ ਮਲਟੀਨੈਸ਼ਨਲ ਕੰਪਨੀ ਦੀ ਪੂਲ ਕੈਂਪਸ ਪਲੇਸਮੈਂਟ ਡਰਾਈਵ
- ਤਕਨੀਕੀ ਸਿਖਿਆ ਦੇ ਨਾਲ ਨਾਲ ਰੋਜਗਾਰ ਦੁਆਉਣ ਵਿੱਚ ਵੀ ਪੂਰੀ ਤਰਾਂ ਯਤਨਸ਼ੀਲ ਹੈ ਸਰਕਾਰੀ ਪੌਲੀਟੈਕਿਨਕ ਕਾਲਜ ਬਟਾਲਾ - ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ
ਰੋਹਿਤ ਗੁਪਤਾ
ਬਟਾਲਾ, 30 ਜਨਵਰੀ 2025 - ਪ੍ਰਮੁੱਖ ਸਕੱਤਰ ਅਤੇ ਡਾਇਰੈਕਟਰ ਤਕਨੀਕੀ ਸਿੱਖਿਆ ਵਿਭਾਗ ਪੰਜਾਬ ਸ਼੍ਰੀ ਅਮਿਤ ਤਲਵਾਰ ਦੀ ਯੋਗ ਅਗਵਾਈ ਅਤੇ ਦਿਸ਼ਾ ਨਿਰਦੇਸ਼ ਅਧੀਨ ਪ੍ਰਿੰਸੀਪਲ ਸ. ਦਵਿੰਦਰ ਸਿੰਘ ਭੱਟੀ ਦੇ ਉਪਰਾਲਿਆਂ ਸਦਕਾ ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਵਿਖੇ ਪਲੇਸਮੈਂਟ ਅਫਸਰ ਜਸਬੀਰ ਸਿੰਘ ਦੀ ਦੇਖਰੇਖ ਹੇਠ ਮਲਟੀਨੈਸ਼ਨਲ ਕੰਪਨੀ ਦੀ ਪੂਲ ਕੈਂਪਸ ਪਲੇਸਮੈਂਟ ਡਰਾਈਵ ਕਰਵਾਈ ਗਈ। ਇਹ ਪਲੇਸਮੈਂਟ ਡਰਾਇਵ ਨਾਮੀ ਕੰਪਨੀ ਆਈ ਟੀ ਸੀ ਕਪੂਰਥਲਾ ਵਿੱਚ ਨੌਕਰੀ ਦੀ ਦੇਣ ਲਈ ਕੀਤੀ ਗਈ ਜਿਸ ਵਿੱਚ ਸਰਕਾਰੀ ਪੋਲੀਟੈਕਨਿਕ ਕਾਲਜ ਬਟਾਲਾ, ਅੰਮ੍ਰਿਤਸਰ ਅਤੇ ਤਲਵਾੜਾ ਦੇ ਮਕੈਨੀਕਲ ਵਿਭਾਗ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਆਪਣੇ ਵਿਦਿਆਰਥੀਆਂ ਨੂੰ ਉਤਸਾਹਿਤ ਕਰਨ ਲਈ ਸਰਕਾਰੀ ਪੋਲੀਟੈਕਨਿਕ ਕਾਲਜ ਅੰਮ੍ਰਿਤਸਰ ਤੋਂ ਮੁਖੀ ਵਿਭਾਗ ਮਕੈਨੀਕਲ ਹਰਵਿੰਦਰ ਸਿੰਘ ਇਸ ਪਲੇਸਮੈਂਟ ਡਰਾਇਵ ਲਈ ਵਿਸ਼ੇਸ਼ ਤੌਰ ਤੇ ਪਹੁੰਚੇ।
ਇਸ ਪਲੇਸਮੈਂਟ ਡਰਾਇਵ ਲਈ ਆਏ ਨੁਮਾਇੰਦਿਆਂ ਨੇ ਸ਼ਾਰਟਲਿਸਟ ਕੀਤੇ ਵਿਦਿਆਰਥੀਆਂ ਦੀ ਇੰਟਰਵਿਊ ਕੀਤੀ ਅਤੇ 05 ਵਿਦਿਆਰਥੀ ਨੌਕਰੀ ਲਈ ਕਰੀਬ 3.5 ਲੱਖ ਰੋਪਏ ਸਲਾਨਾ ਪੈਕੇਜ ਤੇ ਚੁਣੇ ਗਏ।
ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ ਨੇ ਦੱਸਿਆ ਕਿ ਮਈ 2025 ਵਿੱਚ ਡਿਪਲੋਮਾ ਪੂਰਾ ਕਰਨ ਵਾਲੇ ਇਨ੍ਹਾਂ 05 ਵਿਦਿਆਰਥੀਆਂ ਤੋਂ ਇਲਾਵਾ ਕੋਰਸ ਦੇ ਦੌਰਾਨ ਹੀ ਹੁਣ ਤੱਕ ਕੈਮੀਕਲ ਵਿਭਾਗ ਦੇ 07 ਵਿਦਿਆਰਥੀਆਂ ਨੂੰ ਨੈਕਟਰ ਲਾਈਫ ਸਾਇਂਸ ਵਿੱਚ ਨੌਕਰੀ ਮਿੱਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਡਿਪਲੋਮਾ ਕਰਨ ਵਾਲੇ ਵਿਦਿਆਰਥੀਆਂ ਲਈ ਨਾਮੀ ਕੰਪਨੀ ਵਿੱਚ ਨੌਕਰੀ ਮਿਲਣਾ ਇਕ ਬਹੁਤ ਹੀ ਚੰਗੇ ਭਵਿੱਖ ਦੀ ਸ਼ੁਰੂਆਤ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਇਸ ਕਾਲਜ ਦੇ ਵਿਦਿਆਰਥੀਆਂ ਨੂੰ ਇਹ ਮੌਕਾ ਮਿਲਦਾ ਰਿਹਾ ਹੈ।
ਉਹਨਾਂ ਇਹ ਵੀ ਦੱਸਿਆ ਕਿ ਹਰ ਸਾਲ ਡਪਲੋਮਾ ਪਾਸ ਕਰਨ ਵਾਲੇ 100% ਵਿਦਿਆਰਥੀਆਂ ਦੀ ਪਲੇਸਮੈਂਟ ਕਰਵਾਉਣ ਲਈ ਕਾਲਜ ਦਾ ਪਲੇਸਮੈਂਟ ਸੈਲ ਪੂਰੀ ਤਰ੍ਹਾਂ ਯਤਨਸ਼ੀਲ ਹੈ । ਉਨ੍ਹਾਂ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ।
ਇਸ ਮੌਕੇ ਪੋਲੀਟੈਕਨਿਕ ਕਾਲਜ ਬਟਾਲਾ ਤੋਂ ਚੁਣੀ ਗਈ ਵਿਦਿਆਰਥਣ ਰੱਜੀ ਨੇ ਦੱਸਿਆ ਕਿ ਉਹ ਬਟਾਲਾ ਦੇ ਇੱਕ ਬਹੁਤ ਸਾਧਾਰਣ ਪਰਿਵਾਰ ਤੋਂ ਹੈ। ਡਿਪਲੋਮਾ ਕਰਨ ਵੇਲੇ ਉਸਦਾ ਸੁਪਨਾ ਸੀ ਕਿ ਉਹ ਕਾਲਜ ਤੋਂ ਹੀ ਚੰਗੀ ਨੌਕਰੀ ਲਈ ਚੁਣੀ ਜਾਵੇ ਅਤੇ ਅੱਜ ਉਸਦਾ ਇਹ ਸੁਪਨਾ ਸੱਚ ਹੋ ਗਿਆ ਹੈ। ਇਸ ਮੌਕੇ ਬਾਕੀ ਚੁਣੇ ਗਏ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੇ ਵੀ ਆਪਣੀ ਖੁਸ਼ੀ ਦਾ ਪ੍ਰਗਵਟਾਵਾ ਕੀਤਾ ਅਤੇ ਕਾਲਜ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ।
ਇਸ ਮੌਕੇ ਪ੍ਰਿੰਸੀਪਲ ਭੱਟੀ ਅਤੇ ਪਲੇਸਮੈਂਟ ਅਫਸਰ ਜਸਬੀਰ ਸਿੰਘ ਤੋਂ ਇਲਾਵਾ ਅਫਸਰ ਇੰਚ ਇਲੈਕਟ੍ਰੀਕਲ ਵਿਜੇ ਮਿਨਹਾਸ, ਅਫਸਰ ਇੰਚ ਸਿਵਲ ਸ਼ਿਵਰਾਜਨ ਪੁਰੀ, ਅਫਸਰ ਇੰਚ ਮਕੈਨੀਕਲ ਹਰਜਿੰਦਰ ਪਾਲ ਸਿੰਘ, ਅਫਸਰ ਇੰਚ ਕੈਮੀਕਲ ਮੈਡਮ ਰੇਖਾ ਅਤੇ ਅਫਸਰ ਇੰਚ ਈ.ਸੀ.ਈ. ਜਗਦੀਪ ਸਿੰਘ ਵੀ ਮੌਜੂਦ ਸਨ।