ਸ਼ੀਵਰੇਜ ਦਾ ਪਾਣੀ ਸੰਪਰਕ ਸੜਕ ਉਪਰ ਡੇਗਣ ਕਾਰਨ ਲੋਕ ਪ੍ਰੇਸ਼ਾਨ: ਬਿਮਾਰੀਆਂ ਦਾ ਖਤਰਾ, ਸੜਕ ਵੀ ਟੁੱਟਣ ਲੱਗੀ
ਮਲਕੀਤ ਸਿੰਘ ਮਲਕਪੁਰ
ਲਾਲੜੂ 30 ਜਨਵਰੀ 2025: ਵਾਰਡ ਨੰਬਰ 7 ਅਤੇ 8 ਦੀਆਂ ਕਾਲੋਨੀਆਂ ਦਾ ਸ਼ੀਵਰੇਜ ਵਾਲਾ ਪਾਣੀ ਲਾਲੜੂ-ਧਰਮਗੜ੍ਹ ਸੰਪਰਕ ਸੜਕ ਉੱਤੇ ਚਲ ਰਿਹਾ ਹੈ, ਜਿਸ ਕਾਰਨ ਲੰਘਣ ਵਾਲੇ ਰਾਹਗੀਰਾਂ ਨੂੰ ਸ਼ੀਵਰੇਜ ਦੇ ਦੂਸ਼ਿਤ ਪਾਣੀ ਦੇ ਵਿੱਚੋਂ ਦੀ ਹੋ ਕੇ ਆਉਣਾ-ਜਾਣਾ ਪੈ ਰਿਹਾ ਹੈ। ਸਥਾਨਕ ਵਾਸੀ ਅਤੇ ਦੁਕਾਨਦਾਰ ਮਨਪ੍ਰੀਤ ਸਿੰਘ ਸੋਨੀ, ਅਮਰਜੀਤ ਸਿੰਘ, ਰਣਧੀਰ ਸਿੰਘ, ਗੁਰਨਾਮ ਸਿੰਘ ਸੈਣੀ, ਹਰਬੰਸ ਸਿੰਘ ਤੇ ਨਿਰਭੈ ਸਿੰਘ ਕਾਲਾ ਸਮੇਤ ਰਾਹਗੀਰਾਂ ਦਾ ਕਹਿਣਾ ਹੈ ਕਿ ਵਾਰਡ ਨੰਬਰ 7 ਅਤੇ 8 ਵਿੱਚ ਨਗਰ ਕੌਂਸਲ ਵੱਲੋਂ ਨਵੀਆਂ ਗਲੀਆਂ ਬਣਾਈਆਂ ਗਈਆਂ ਸਨ ਅਤੇ ਗਲੀ ਦੇ ਦੋਵੇਂ ਪਾਸੇ ਬਣੀਆਂ ਨਾਲੀਆਂ ਦਾ ਦੂਸ਼ਿਤ ਪਾਣੀ ਸੀਵਰੇਜ ਵਿੱਚ ਪਾਉਣ ਦੀ ਥਾਂ ਸੜਕ ਕਿਨਾਰੇ ਸੀਮਿੰਟ ਵਾਲੇ ਪਾਇਪ ਪਾ ਦਿੱਤੇ ਸਨ, ਜੋ ਅੱਧ ਵਿੱਚ ਛੱਡ ਕੇ ਬੰਦ ਕਰ ਦਿੱਤੇ, ਜਿਨ੍ਹਾਂ ਵਿਚੋਂ ਜਮਾਂ ਹੋਇਆ ਪਾਣੀ ਸੜਕ ਉੱਤੇ ਇਧਰ-ਉਧਰ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਨਗਰ ਕੌਂਸਲ ਨੂੰ ਪਾਈਪ ਹੀ ਪਾਉਣੇ ਸਨ ਤਾਂ ਉਨ੍ਹਾਂ ਨੂੰ ਥੋੜ੍ਹੀ ਦੂਰ ਬੰਦ ਕਰਨ ਦੀ ਬਜਾਏ ਨਿਕਾਸੀ ਵਾਲੀ ਥਾਂ ਤੱਕ ਪਾਉਣਾ ਚਾਹੀਦਾ ਸੀ, ਪਰ ਅੱਧ ਵਿਚਕਾਰ ਛੱਡੇ ਸੀਮਿੰਟ ਦੇ ਪਾਈਪਾਂ ਨਾਲ ਜਿੱਥੇ ਉਨ੍ਹਾਂ ਦਾ ਰਹਿਣਾ ਨਰਕ ਭਰਿਆ ਬਣ ਗਿਆ ਹੈ, ਉੱਥੇ ਹੀ ਦੁਕਾਨਦਾਰਾਂ ਦਾ ਕੰਮਕਾਰ ਬਿਲਕੁਲ ਠੱਪ ਹੋ ਕੇ ਰਹਿ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦੂਸ਼ਿਤ ਪਾਣੀ ਨਾਲ ਜਿੱਥੇ ਧਰਮਗੜ੍ਹ ਸੰਪਰਕ ਸੜਕ ਵਿੱਚ ਵੱਡੇ-ਵੱਡੇ ਟੋਏ ਪੈ ਗਏ ਹਨ, ਉੱਥੇ ਹੀ ਉਨ੍ਹਾਂ ਦੇ ਮਕਾਨਾਂ ਦੇ ਨੇੜੇ ਜਮ੍ਹਾਂ ਹੋਇਆ ਪਾਣੀ ਮਕਾਨਾਂ ਦੀਆਂ ਨੀਹਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਮਕਾਨ ਮਾਲਕਾਂ ਦਾ ਕਹਿਣਾ ਹੈ ਕਿ ਜੇਕਰ ਜਲਦ ਪਾਣੀ ਦੀ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਉਨ੍ਹਾਂ ਦੇ ਮਕਾਨਾਂ ਦੀਆਂ ਨੀਹਾਂ ਧਰਤੀ ਵਿੱਚ ਧਸ ਜਾਣੀਆਂ ਹਨ, ਜਿਸ ਨਾਲ ਮਕਾਨ ਡਿੱਗ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੇ ਮਕਾਨਾਂ ਨੂੰ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜਿੰਮੇਵਾਰੀ ਨਗਰ ਕੌਂਸਲ ਲਾਲੜੂ ਦੇ ਅਧਿਕਾਰੀਆਂ ਦੀ ਹੋਵੇਗੀ।
ਦਰਜਨਾਂ ਪਿੰਡਾਂ ਨੂੰ ਸ਼ਹਿਰ ਨਾਲ ਜੋੜਦੀ ਹੈ ਧਰਗਮੜ੍ਹ ਸੰਪਰਕ ਸੜਕ
ਕਾਬਿਲੇਗੌਰ ਹੈ ਕਿ ਧਰਮਗੜ੍ਹ ਸੰਪਰਕ ਸੜਕ ਦਰਜਨਾਂ ਪਿੰਡਾਂ ਨੂੰ ਲਾਲੜੂ ਮੰਡੀ ਨਾਲ ਜੋੜਦੀ ਹੈ, ਜਿਸ ਉੱਤੇ ਦਿਨ ਰਾਤ ਰਾਹਗੀਰਾਂ ਦਾ ਆਉਣਾ ਜਾਣਾ ਬਣਿਆਂ ਰਹਿੰਦਾ ਹੈ। ਸੜਕ ਉੱਤੇ ਚਲ ਰਿਹਾ ਦੂਸ਼ਿਤ ਪਾਣੀ ਤੇ ਉਸ ਵਿੱਚ ਮਾਰਦੀ ਬਦਬੂ ਰਾਹਗੀਰਾਂ ਦਾ ਸਵਾਗਤ ਕਰਦੀ ਹੈ। ਅਵਾਜਾਈ ਦੀ ਬਹੁਤਾਤ ਹੋਣ ਕਾਰਨ ਇਸ ਸੜਕ ਉੱਤੇ ਪਾਣੀ ਨਾਲ ਖੱਡੇ ਪੈ ਚੁੱਕੇ ਹਨ ਅਤੇ ਸੜਕ ਦੇਵੋਂ ਕਿਨਾਰਿਆਂ ਤੋਂ ਟੁੱਟ ਰਹੀ ਹੈ। ਰਾਹਗੀਰਾਂ ਦਾ ਕਹਿਣਾ ਹੈ ਕਿ ਜੇਕਰ ਨਗਰ ਕੌਂਸਲ ਨੇ ਗਲੀਆਂ ਨਾਲੀਆਂ ਬਣਾਈਆਂ ਸਨ ਤਾਂ ਨਾਲੀਆਂ ਦਾ ਪਾਣੀ ਸ਼ੀਵਰੇਜ ਜਾਂ ਸੜਕ ਕਿਨਾਰੇ ਪਾਇਪ ਪਾ ਕੇ ਸਹੀ ਥਾਂ ਡੇਗਣਾ ਚਾਹੀਦਾ ਸੀ ਤਾਂ ਜੋ ਉਨ੍ਹਾਂ ਨੂੰ ਰੋਜ਼ਾਨਾ ਇਸ ਦੂਸ਼ਿਤ ਪਾਣੀ ਰਾਹੀਂ ਗੁਜ਼ਰਨਾ ਨਾ ਪੈਂਦਾ । ਉਨ੍ਹਾਂ ਨਗਰ ਕੌਂਸਲ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆਂ ਦਾ ਤੁਰੰਤ ਹੱਲ ਕੀਤਾ ਜਾਵੇ ਅਤੇ ਥਾਂ-ਥਾਂ ਤੋਂ ਟੁੱਟ ਚੁੱਕੀ ਸੜਕ ਦੀ ਜਲਦ ਮੁਰੰਮਤ ਕਰਕੇ ਇਸ ਨੂੰ ਚੱਲਣਯੋਗ ਬਣਾਇਆ ਜਾਵੇ।
ਇਸ ਸਬੰਧੀ ਸੰਪਰਕ ਕਰਨ ਤੇ ਨਗਰ ਕੌਂਸਲ ਲਾਲੜੂ ਦੇ ਕਾਰਜਸਾਧਕ ਅਫਸਰ ਗੁਰਬਖਸ਼ੀਸ਼ ਸਿੰਘ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਠੇਕੇਦਾਰ ਨਾਲ ਗੱਲ ਕਰ ਲਈ ਹੈ , ਜਲਦ ਹੀ ਰਹਿੰਦੀਆਂ ਪਾਈਪਾਂ ਪਾ ਕੇ ਦੂਸ਼ਿਤ ਪਾਣੀ ਨੂੰ ਸੀਵਰੇਜ ਵਿੱਚ ਪਾ ਦਿੱਤਾ ਜਾਵੇਗਾ।