ਆਂਗਣਵਾੜੀ ਵਰਕਰਾਂ ਦੀਆਂ ਬਦਲੀਆਂ ਅਤੇ ਹੈਲਪਰਾਂ ਦੀ ਤਰੱਕੀ ਸਬੰਧੀ ਜ਼ਿਲ੍ਹਾ ਪ੍ਰੋਗਰਾਮ ਅਫਸਰ ਨੂੰ ਦਿੱਤਾ ਮੰਗ ਪੱਤਰ
ਅਸ਼ੋਕ ਵਰਮਾ
ਬਠਿੰਡਾ, 30 ਜਨਵਰੀ 2025:ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਜ਼ਿਲ੍ਹਾ ਬਠਿੰਡਾ ਨੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਕੌਰ ਦੀ ਅਗਵਾਈ ਹੇਠ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਬਦਲੀਆਂ ਅਤੇ ਆਂਗਣਵਾੜੀ ਹੈਲਪਰਾਂ ਦੀਆਂ ਤਰੱਕੀਆਂ ਸਬੰਧੀ ਜ਼ਿਲ੍ਹਾ ਪ੍ਰੋਗਰਾਮ ਅਫਸਰ ਨੂੰ ਮੰਗ ਪੱਤਰ ਦਿੱਤਾ ਅਤੇ ਇਹ ਮੰਗਾਂ ਪ੍ਰਵਾਨ ਕਰਨ ਦੀ ਮੰਗ ਕੀਤੀ। ਇਸ ਮੌਕੇ ਆਗੂਆਂ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ ਦੀਆਂ ਬਦਲੀਆਂ , ਹੈਲਪਰਾਂ ਦੀਆਂ ਪ੍ਰਮੋਸ਼ਨਾਂ ਅਤੇ ਆਸ਼ਰਤ ਨੂੰ ਨੌਕਰੀ ਤੇ ਕਾਫੀ ਲੰਬੇ ਸਮੇਂ ਤੋਂ ਰੋਕ ਲੱਗੀ ਹੋਈ ਹੈ ਜਿਸ ਕਰਕੇ ਵਰਕਰਾਂ ਤੇ ਹੈਲਪਰਾਂ ਪ੍ਰੇਸ਼ਾਨ ਹਨ । ਇਹਨਾਂ ਲੋੜਵੰਦ ਵਰਕਰਾਂ ਹੈਲਪਰਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹਨਾਂ ਦੀਆਂ ਬਦਲੀਆਂ ਪ੍ਰਮੋਸ਼ਨਾਂ ਅਤੇ ਨੌਕਰੀ ਦਿੱਤੀ ਜਾਵੇ। ਉਹਨਾਂ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅਤੇ ਖਾਸ ਕਰਕੇ ਮੁਕਤਸਰ ਸ ਬਲਾਕ ਵਿੱਚ ਬਦਲੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਹੈਲਪਰਾਂ ਨੂੰ ਤਰੱਕੀਆਂ ਦਿੱਤੀਆਂ ਜਾ ਰਹੀਆਂ ਹਨ, ਜੇਕਰ ਉਸ ਬਲਾਕ ਵਿੱਚ ਇਹ ਸਾਰੇ ਕੰਮ ਹੋ ਸਕਦੇ ਹਨ ਤਾਂ ਬਾਕੀ ਪੰਜਾਬ ਵਿੱਚ ਕਿਉਂ ਨਹੀਂ ।
ਉਹਨਾਂ ਕਿਹਾ ਕਿ ਕਿਸੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਕੋਲ ਕੋਈ ਲਿਖਤੀ ਪੱਤਰ ਨਹੀਂ ਪਹੁੰਚਿਆ । ਇਹਨਾਂ ਭਰਤੀਆਂ , ਬਦਲੀਆਂ ਸਬੰਧੀ ਤੇ ਪ੍ਰਮੋਸ਼ਨਾਂ ਸਬੰਧੀ ਕਿਸੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਕੋਲ ਕੋਈ ਲਿਖਤ ਪੱਤਰ ਨਹੀਂ ਆਇਆ । ਉਹਨਾਂ ਕਿਹਾ ਕਿ ਜੇਕਰ ਇਹ ਭਰਤੀਆਂ ਪ੍ਰਮੋਸ਼ਨ ਬਦਲੀਆਂ ਕਰਨੀਆਂ ਹਨ ਤਾਂ ਸਾਰੇ ਪੰਜਾਬ ਵਿੱਚ ਕੀਤੀਆਂ ਜਾਣ ਨਾ ਕਿ ਇੱਕ ਬਲਾਕ ਵਿੱਚ ਇਹ ਕੰਮ ਕੀਤੇ ਜਾਣ। ਇਸ ਮੌਕੇ ਪਰਮਜੀਤ ਕੌਰ ਰੁਲਦੂਵਾਲਾ (ਜਨਰਲ ਸਕੱਤਰ), ਕਿਰਪਾਲ ਕੌਰ ਭੂੰਦੜ, ਅਮ੍ਰਿਤਪਾਲ ਕੌਰ ਬੱਲੂਆਣਾ, ਲੀਲਾਵੰਤੀ ਬਠਿੰਡਾ, ਬਲਵੀਰ ਕੌਰ ਲਹਿਰੀ,ਪੂਜਾ ਰਾਣੀ, ਵੀਰਪਾਲ ਕੌਰ ਰੁਲਦੁਵਾਲਾ ਅਤੇ ਹੋਰ ਆਗੂ ਮੌਜੂਦ ਸਨ ।