ਬੇਨਿਯਮੀਆ ਨਾਲ ਰਜਿਸਟਰੀਆਂ ਕਰਨ ਦੇ ਦੋਸ਼ 'ਚ ਤਹਿਸੀਲਦਾਰ ਦੀਆਂ ਸੇਵਾਵਾਂ ਖਤਮ
ਦੀਪਕ ਜੈਨ
ਜਗਰਾਉਂ, 30 ਜਨਵਰੀ 2025 - ਤਹਿਸੀਲ ਜਗਰਾਉਂ ਦੇ ਤਹਿਸੀਲਦਾਰ ਰਣਜੀਤ ਸਿੰਘ ਵੱਲੋਂ ਲੁਧਿਆਣਾ ਦੇ ਤਹਿਸੀਲ ਪੂਰਵੀ ਅੰਦਰ ਬੈਠ ਕੇ ਜਗਰਾਉਂ ਦੀਆਂ ਛੇ ਰਜਿਸਟਰੀਆਂ ਕੀਤੇ ਜਾਣ ਦਾ ਮਾਮਲਾ ਉਸ ਲਈ ਹੀ ਗਲੇ ਦੀ ਫਾਹੀ ਬਣ ਗਿਆ ਹੈ। ਜਿਸ ਨੂੰ ਐਡਵੋਕੇਟ ਰਾਕੇਸ਼ ਕੁਮਾਰ ਵੱਲੋਂ ਪ੍ਰਮੁੱਖਤਾ ਨਾਲ ਉਜਾਗਰ ਕੀਤਾ ਗਿਆ ਸੀ ਅਤੇ ਸਰਕਾਰ ਦੇ ਧਿਆਨ ਵਿੱਚ ਜਦੋਂ ਇਹ ਬੇਨਿਮੀਆਂ ਆਈਆਂ ਤਾਂ ਸਰਕਾਰ ਵੱਲੋਂ ਅਜਿਹੇ ਅਫਸਰ ਦੇ ਖਿਲਾਫ ਸਖਤ ਕਦਮ ਚੁੱਕਦਿਆਂ ਹੋਇਆਂ ਉਸ ਦੀਆਂ ਰਜਿਸਟਰੀ ਕਰਨ ਦੇ ਅਧਿਕਾਰਾਂ ਨੂੰ ਇੱਕ ਹੁਕਮ ਜਾਰੀ ਕਰਕੇ ਖਤਮ ਕਰ ਦਿੱਤਾ ਗਿਆ ਹੈ।
ਇਸ ਬਾਰੇ ਇੱਕ ਪੱਤਰ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਕੀਤਾ ਗਿਆ ਹੈ। ਜਿਸ ਦੇ ਤਹਿਤ ਹੁਣ ਲੁਧਿਆਣਾ ਪੂਰਵੀ ਪਰਮਪਾਲ ਸਿੰਘ ਨਾਇਬ ਤਹਿਸੀਲਦਾਰ ਨੂੰ ਲੁਧਿਆਣਾ ਪੂਰਵੀ ਦਾ ਸਭ ਰਜਿਸਟਰਾਰ ਅਤੇ ਸੁਰਿੰਦਰ ਕੁਮਾਰ ਪੱਬੀ ਨਾਇਬ ਤਹਿਸੀਲਦਾਰ ਜਗਰਾਉ ਨੂੰ ਤਹਿਸੀਲ ਜਗਰਾਓ ਵਿਖੇ ਰਜਿਸਟਰੇਸ਼ਨ ਦਾ ਕੰਮ ਕਰਨ ਦਾ ਵਾਧੂ ਚਾਰਜ ਦਿੱਤਾ ਗਿਆ ਹੈ।
ਇੱਥੇ ਤੁਹਾਨੂੰ ਦੱਸ ਦਈਏ ਕਿ ਰਣਜੀਤ ਸਿੰਘ ਵੱਲੋਂ ਭਾਵੇਂ ਜਗਰਾਉਂ ਦੇ ਤਹਿਸੀਲਦਾਰ ਵਜੋਂ ਜਿੰਮੇਵਾਰੀ ਦਿੱਤੀ ਗਈ ਸੀ। ਪਰ ਉਹ ਲੁਧਿਆਣਾ ਪੂਰਵੀ ਤਹਿਸੀਲ ਦੇ ਵਾਧੂ ਚਾਰਜ ਉੱਪਰ ਆਪਣਾ ਜਿਆਦਾ ਸਮਾਂ ਬਤੀਤ ਕਰਦੇ ਸਨ ਅਤੇ ਜਗਰਾਓ ਆਪਣੇ ਦਫਤਰ ਸ਼ਾਮ ਨੂੰ ਤਿੰਨ ਸਾਢੇ ਤਿੰਨ ਵਜੇ ਤੋਂ ਬਾਅਦ ਹੀ ਆਉਂਦੇ ਸਨ। ਜਿਸ ਕਾਰਨ ਜਗਰਾਉਂ ਦੀ ਜਨਤਾ ਨੂੰ ਰਜਿਸਟਰੇਸ਼ਨ ਕਰਵਾਉਣ ਲਈ ਬਹੁਤ ਖਰਾਬ ਹੋਣਾ ਪੈਂਦਾ ਸੀ। ਕਈ ਵਾਰ ਤਾਂ ਰਜਿਸਟਰੀ ਕਰਵਾਉਣ ਆਈ ਜਨਤਾ ਦੀ ਭਾਰੀ ਭੀੜ ਨੂੰ ਮਾਯੂਸ ਹੋ ਕੇ ਵਾਪਸ ਵੀ ਮੁੜਨਾ ਪੈਂਦਾ ਸੀ ਅਤੇ ਰਜਿਸਟਰੀਆਂ ਦੂਸਰੇ ਦਿਨ ਕੀਤੀਆਂ ਜਾਂਦੀਆਂ ਸਨ। ਇਸ ਤੋਂ ਇਲਾਵਾ ਕਈ ਵਾਰ ਰਜਿਸਟਰੀ ਕਰਨ ਲਈ ਦੇਰ ਸ਼ਾਮ 5 ਵਜੇ ਤੋਂ ਬਾਅਦ ਸਰਕਾਰੀ ਨਿਯਮਾਂ ਨੂੰ ਛਿੱਕੇ ਟੰਗ ਕੇ ਵੀ ਰਜਿਸਟਰੀਆਂ ਕੀਤੀਆਂ ਗਈਆਂ ਹਨ।