ਕੋਟਕਪੂਰਾ ਦੇ ਕੱਪੜਾ ਵਪਾਰੀ ਤੋਂ ਫਿਰੌਤੀ ਮੰਗਣ ਦੇ ਮਾਮਲੇ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ ਬਰੀ
ਅਸ਼ੋਕ ਵਰਮਾ
ਫਰੀਦਕੋਟ, 30ਜਨਵਰੀ 2025 : ਜੁਡੀਸ਼ੀਅਲ ਮੈਜਿਸਟ੍ਰੇਟ ਫਰੀਦਕੋਟ ਦੀ ਅਦਾਲਤ ਨੇ ਕੋਟਕਪੂਰਾ ਦੇ ਇੱਕ ਕੱਪੜਾ ਵਪਾਰੀ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਦੇਸ਼ ਭਰ ਵਿੱਚ ਸੱਤ ਦਰਜਨ ਤੋਂ ਵੱਧ ਫੌਜਦਾਰੀ ਇਨਾ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ ਨਾਮੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਬਰੀ ਕਰ ਦਿੱਤਾ ਹੈ, ਜਦੋਂ ਕਿ ਉਸਦੇ ਸਾਥੀ ਗੋਲਡੀ ਬਰਾੜ ਨੂੰ ਇਸ ਮਾਮਲੇ ਵਿੱਚ ਭਗੌੜਾ ਐਲਾਨਿਆ ਗਿਆ ਹੈ। ਕੋਟਕਪੂਰਾ ਦੇ ਕੱਪੜਾ ਵਪਾਰੀ ਨੇ 19 ਜੁਲਾਈ, 2021 ਨੂੰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਗੋਲਡੀ ਬਰਾੜ ਨੇ ਵਟਸਐਪ 'ਤੇ ਉਸ ਨੂੰ ਫ਼ੋਨ ਕਰਕੇ ਲਾਰੈਂਸ ਬਿਸ਼ਨੋਈ ਦੇ ਨਾਮ 'ਤੇ 50 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ।
ਫਿਰੌਤੀ ਨਾ ਦੇਣ ਦੀ ਸੂਰਤ ਵਿੱਚ ਕੱਪੜਾ ਵਪਾਰੀ ਨੂੰ ਪਰਿਵਾਰ ਸਮੇਤ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਮੁਕੱਦਮਾ ਦਰਜ ਹੋਣ ਤੋਂ ਬਾਅਦ, ਲਾਰੈਂਸ ਨੂੰ ਇਸ ਮਾਮਲੇ ਵਿੱਚ ਅਗਸਤ, 2022 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।ਇਸ ਮੁਕੱਦਮੇ ’ਚ ਉਹ ਸਿਰਫ਼ ਇੱਕ ਵਾਰ ਪੁਲੀਸ ਸੁਰੱਖਿਆ ਹੇਠ ਫਰੀਦਕੋਟ ਅਦਾਲਤ ਵਿੱਚ ਪੇਸ਼ ਹੋਇਆ ਸੀ। ਕੇਸ ਦੀ ਸੁਣਵਾਈ ਦੌਰਾਨ ਵੀ ਬੁੱਧਵਾਰ ਨੂੰ ਲਾਰੈਂਸ ਬਿਸ਼ਨੋਈ ਵੀਡੀਓ ਕਾਨਫਰੰਸ ਰਾਹੀਂ ਅਦਾਲਤ ’ਚ ਪੇਸ਼ ਹੋਇਆ।
ਜਾਣਕਾਰੀ ਅਨੁਸਾਰ ਲਾਰੈਂਸ ਬਿਸ਼ਨੋਈ ਖ਼ਿਲਾਫ਼ ਫਿਰੌਤੀ ਮੰਗਣ ਦੇ ਇਲਜ਼ਾਮਾਂ ਤਹਿਤ ਪਰਚਾ ਦਰਜ ਕਰਵਾਉਣ ਵਾਲਾ ਕਾਰੋਬਾਰੀ ਅਦਾਲਤ ’ਚ ਆਪਣੇ ਬਿਆਨ ਤੋਂ ਪਾਸਾ ਵੱਟ ਗਿਆ ਅਤੇ ਸ਼ਿਕਾਇਤ ਦਰਜ ਕਰਾਉਣ ਦੀ ਗੱਲ ਤੋਂ ਇਨਕਾਰ ਕਰ ਦਿੱਤਾ।ਲਾਰੈਂਸ ਬਿਸ਼ਨੋਈ ਦੇ ਵਕੀਲ ਅਮਿਤ ਮਿੱਤਲ ਨੇ ਅਦਾਲਤ ਨੂੰ ਦੱਸਿਆ ਕਿ ਬਿਸ਼ਨੋਈ ਨੇ ਸ਼ਿਕਾਇਤਕਰਤਾ ਤੋਂ ਕਦੇ ਫਿਰੌਤੀ ਨਹੀਂ ਮੰਗੀ ਤੇ ਪੁਲੀਸ ਨੇ ਉਸ ਨੂੰ ਝੂਠੇ ਕੇਸ ’ਚ ਫਸਾਇਆ ਹੈ।
ਹਾਲਾਂਕਿ ਪੁਲੀਸ ਨੇ ਅਦਾਲਤ ਵਿੱਚ ਕਿਹਾ ਕਿ ਲਾਰੈਂਸ ਬਿਸ਼ਨੋਈ ਨੇ ਵਟਸਐੱਪ ਰਾਹੀਂ ਫੋਨ ਕਰਕੇ ਸ਼ਿਕਾਇਤਕਰਤਾ ਤੋਂ 50 ਲੱਖ ਰੁਪਏ ਫਿਰੌਤੀ ਮੰਗੀ ਸੀ ਤੇ ਪੜਤਾਲ ਦੌਰਾਨ ਇਹ ਇਲਜ਼ਾਮ ਸਹੀ ਪਾਏ ਗਏ ਸਨ। ਜਾਂਚ ਤੋਂ ਬਾਅਦ ਹੀ ਪੁਲੀਸ ਨੇ ਉਸ ਖ਼ਿਲਾਫ਼ ਪਰਚਾ ਦਰਜ ਕਰਕੇ ਅਦਾਲਤ ’ਚ ਚਲਾਨ ਪੇਸ਼ ਕੀਤਾ ਸੀ। ਦੱਸਣਯੋਗ ਹੈ ਕਿ ਬਿਸ਼ਨੋਈ ਇਸ ਤੋਂ ਪਹਿਲਾਂ ਚਾਰ ਹੋਰ ਮੁਕੱਦਮਿਆਂ ’ਚੋਂ ਬਰੀ ਹੋ ਚੁੱਕਾ ਹੈ। ਲਾਰੈਂਸ ਬਿਸ਼ਨੋਈ ਇਸ ਵੇਲੇ ਅਹਿਮਦਾਬਾਦ ਦੀ ਸਾਬਰਮਤੀ ਜੇਲ੍ਹ ’ਚ ਨਜ਼ਰਬੰਦ ਹੈ ਤੇ ਕੇਂਦਰ ਸਰਕਾਰ ਨੇ ਅਗਸਤ 2025 ਤੱਕ ਉਸ ਦੀ ਮੂਵਮੈਂਟ ’ਤੇ ਪਾਬੰਦੀ ਲਾਈ ਹੋਈ ਹੈ ਜਿਸ ਦੌਰਾਨ ਉਸ ਨੂੰ ਦੇਸ਼ ’ਚ ਕਿਸੇ ਅਦਾਲਤ, ਜੇਲ੍ਹ ਜਾਂ ਹੋਰ ਥਾਣੇ ’ਚ ਨਹੀਂ ਲਿਜਾਇਆ ਜਾ ਸਕਦਾ। ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਲਾਰੈਂਸ ਬਿਸ਼ਨੋਈ ਦਾ ਨਾਮਵਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਵੀ ਬੋਲਦਾ ਹੈ।