ਖੇਤ ਮਜ਼ਦੂਰ ਆਗੂ ਤੇ ਹਮਲਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਲਈ ਥਾਣੇ ਅੱਗੇ ਧਰਨਾ
ਅਸ਼ੋਕ ਵਰਮਾ
ਬਠਿੰਡਾ, 23 ਜੁਲਾਈ 2025: ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਮਨਦੀਪ ਸਿੰਘ ਸਿਵੀਆਂ ਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਘੇਰ ਕੇ ਜਾਨਲੇਵਾ ਹਮਲਾ ਕਰਨ ਵਾਲੇ ਦੋਸ਼ੀਆਂ ਖਿਲਾਫ ਇਰਾਦਾ ਕਤਲ ਦਾ ਪਰਚਾ ਦਰਜ ਕਰਕੇ ਉਹਨਾਂ ਨੂੰ ਗਿਰਫ਼ਤਾਰ ਕਰਨ ਆਦਿ ਮੰਗਾਂ ਨੂੰ ਲੈ ਕੇ ਅੱਜ ਪੰਜਾਬ ਖੇਤ ਮਜ਼ਦੂਰ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਬਠਿੰਡਾ ਵੱਲੋਂ ਪੁਲਿਸ ਥਾਣਾ ਥਰਮਲ ਅੱਗੇ ਰੋਹ ਭਰਪੂਰ ਧਰਨਾ ਦਿੱਤਾ ਗਿਆ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਤੀਰਥ ਸਿੰਘ ਕੋਠਾਗੁਰੂ ਤੇ ਮਨਦੀਪ ਸਿੰਘ ਸਿਵੀਆਂ ਨੇ ਦੋਸ਼ ਲਾਇਆ ਕਿ ਪਿੰਡ ਸਿਵੀਆਂ ਦੇ ਮੰਗੂ ਸਿੰਘ ਵਗੈਰਾ ਵੱਲੋਂ ਇੱਕ ਪੁਲਿਸ ਮੁਲਾਜ਼ਮ ਤੇ ਕੁਝ ਮਜ਼ਦੂਰ ਕਿਸਾਨ ਵਿਰੋਧੀ ਤਾਕਤਾਂ ਦੇ ਇਸ਼ਾਰੇ ਤੇ 25 ਮਈ ਨੂੰ ਮਜ਼ਦੂਰ ਆਗੂ ਮਨਦੀਪ ਸਿੰਘ ਉਤੇ ਹਮਲਾ ਕਰਕੇ ਬਾਂਹ ਤੋੜ ਦਿੱਤੀ ਸੀ ਪਰ ਥਰਮਲ ਥਾਣੇ ਦੇ ਮੁਖੀ ਵੱਲੋਂ ਦੋਸ਼ੀਆਂ ਖਿਲਾਫ ਢੁਕਵੀਂ ਕਾਰਵਾਈ ਨਾ ਕਰਨ ਸਦਕਾ ਦੋਸ਼ੀਆਂ ਦੇ ਹੌਸਲੇ ਇੰਨੇ ਵਧ ਗਏ ਕਿ ਉਹਨਾਂ ਵੱਲੋਂ ਮੁੜ 2 ਜੁਲਾਈ ਨੂੰ ਮਜ਼ਦੂਰ ਆਗੂ ਦੇ ਭਰਾ ਨੂੰ ਘੇਰ ਕੇ ਜਾਨੋਂ ਮਾਰਨ ਦੀ ਨੀਅਤ ਨਾਲ ਹਮਲਾ ਕਰ ਦਿੱਤਾ ਗਿਆ।
ਉਹਨਾਂ ਦੋਸ਼ ਲਾਇਆ ਕਿ ਇਸ ਸਬੰਧੀ ਪੁਲਿਸ ਥਾਣਾ ਥਰਮਲ ਦੇ ਮੁਖੀ ਨੂੰ ਮੁੜ ਲਿਖ਼ਤੀ ਸ਼ਿਕਾਇਤ ਕਰਨ ਦੇ ਬਾਵਜੂਦ ਨਾਂ ਤਾਂ ਪੀੜਤ ਬਿਆਨ ਲਿਖੇ ਗਏ ਅਤੇ ਨਾਂ ਹੀ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਕੀਤੀ ਗਈ। ਬੀਕੇਯੂ ਉਗਰਾਹਾਂ ਦੇ ਬਲਾਕ ਪ੍ਰਧਾਨ ਅਮਰੀਕ ਸਿੰਘ ਸਿਵੀਆਂ ਨੇ ਦੋਸ਼ ਲਾਇਆ ਕਿ ਪੁਲਿਸ ਅਧਿਕਾਰੀਆਂ ਵੱਲੋਂ ਦੋਸ਼ੀਆਂ ਖਿਲਾਫ ਢੁਕਵੀਂ ਕਾਰਵਾਈ ਨਾ ਕਰਨ ਦੇ ਸਿੱਟੇ ਵਜੋਂ ਮਜ਼ਦੂਰ ਆਗੂ ਦਾ ਜਾਨੀ ਨੁਕਸਾਨ ਹੋ ਸਕਦਾ ਜਿਸਦੇ ਲਈ ਸਿੱਧੇ ਤੌਰ ਤੇ ਥਾਣਾ ਥਰਮਲ ਦਾ ਮੁਖੀ ਜ਼ਿੰਮੇਵਾਰ ਹੋਵੇਗਾ। ਮਜ਼ਦੂਰ ਕਿਸਾਨ ਆਗੂਆਂ ਨੇ ਆਖਿਆ ਕਿ ਪਿੰਡ ਸਿਵੀਆਂ ਚ ਕਿਸਾਨਾਂ ਦੇ ਨਾਲ ਖੇਤ ਮਜ਼ਦੂਰਾਂ ਦੇ ਜਥੇਬੰਦ ਹੋਣ ਤੋਂ ਮਜ਼ਦੂਰ ਕਿਸਾਨ ਦੋਖੀ ਤਾਕਤਾਂ ਤੇ ਪੁਲਿਸ ਅਧਿਕਾਰੀ ਖ਼ਫ਼ਾ ਹਨ ਇਸ ਲਈ ਇਹਨਾਂ ਵੱਲੋਂ ਮਿਲੀ ਭੁਗਤ ਨਾਲ ਮਜ਼ਦੂਰ ਆਗੂ ਤੇ ਉਸਦੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਉਹਨਾਂ ਐਲਾਨ ਕੀਤਾ ਕਿ ਦੋਸ਼ੀਆਂ ਖਿਲਾਫ ਬਣਦੀ ਢੁੱਕਵੀਂ ਕਾਰਵਾਈ ਕਰਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਅੱਜ ਦੇ ਧਰਨੇ ਨੂੰ ਮਜ਼ਦੂਰ ਆਗੂ ਗੁਰਮੀਤ ਸਿੰਘ ਕੋਟਗੁਰੂ,ਕਾਕਾ ਸਿੰਘ ਜੀਦਾ , ਕਿਸਾਨ ਆਗੂ ਦੀਨਾ ਸਿੰਘ , ਨੌਜਵਾਨ ਭਾਰਤ ਸਭਾ ਦੇ ਆਗੂ ਬਲਕਰਨ ਸਿੰਘ ਕੋਟਗੁਰੂ ਤੇ ਸੰਗਤ ਬਲਾਕ ਦੇ ਬਲਾਕ ਆਗੂ ਰਾਮ ਸਿੰਘ ਕੋਟਗੁਰੂ ਆਦਿ ਨੇ ਸੰਬੋਧਨ ਕੀਤਾ।ਇਸ ਮੌਕੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਜਾਹਲਾਂ ਵਿਖੇ ਬਿਨਾਂ ਮੁਆਵਜ਼ਾ ਦਿੱਤਿਆਂ ਕਿਸਾਨਾਂ ਦੀ ਜ਼ਮੀਨ ਐਕਵਾਇਰ ਕਰਨ ਲਈ ਪੁਲਿਸ ਵੱਲੋਂ ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਵਰਕਰਾਂ ਤੇ ਲਾਠੀਚਾਰਜ ਕਰਕੇ ਕਿਸਾਨ ਮਰਦ ਔਰਤਾਂ ਨੂੰ ਗਿਰਫ਼ਤਾਰ ਦੀ ਸਖ਼ਤ ਸ਼ਬਦਾਂ ਚ ਨਿਖੇਧੀ ਕੀਤੀ ਗਈ ਅਤੇ ਗਿਰਫ਼ਤਾਰ ਕਿਸਾਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ ਕੀਤੀ ਗਈ।