ਪਿੰਡ-ਪਿੰਡ ਪਹੁੰਚ ਰਿਹਾ ਹੈ ਨਸ਼ਾ ਮੁਕਤੀ ਯਾਤਰਾ ਦਾ ਸੁਨੇਹਾ - MLA ਡਾ. ਚਰਨਜੀਤ ਸਿੰਘ
ਡੇਹਰ, ਦੁੱਗਰੀ, ਰੌਲੂ ਮਾਜਰਾ ਤੇ ਮਕੜੋਨਾ ਕਲਾਂ ਪਿੰਡਾਂ ਦੀਆਂ ਨਸ਼ਾ ਮੁਕਤੀ ਯਾਤਰਾ 'ਚ ਕੀਤੀ ਸ਼ਿਰਕਤ
ਸ੍ਰੀ ਚਮਕੌਰ ਸਾਹਿਬ, 23 ਜੁਲਾਈ: ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਸ੍ਰੀ ਚਮਕੌਰ ਸਾਹਿਬ ਦੇ ਵਿਧਾਇਕ ਡਾ. ਚਰਨਜੀਤ ਸਿੰਘ ਵੱਲੋਂ ਹਲਕੇ ਦੇ ਪਿੰਡ ਡੇਹਰ (ਮੁੰਡਿਆਂ), ਦੁੱਗਰੀ (ਸ਼ਾਂਤਪੁਰ), ਰੌਲੂ ਮਾਜਰਾ (ਸਲੇਮਪੁਰ) ਤੇ ਮਕੜੋਨਾ ਕਲਾਂ (ਮਕੜੋਨਾ ਖ਼ੁਰਦ) ਵਿੱਚ ਨਸ਼ਾ ਮੁਕਤੀ ਯਾਤਰਾ ਦੌਰਾਨ ਆਯੋਜਿਤ ਜਨ ਸਭਾਵਾਂ ਵਿੱਚ ਸ਼ਿਰਕਤ ਕਰ ਕੇ ਲੋਕਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕੀਤਾ ਗਿਆ ਅਤੇ ਨਸ਼ਿਆਂ ਖਿਲਾਫ ਪੰਜਾਬ ਸਰਕਾਰ ਦੀ ਇਸ ਜੰਗ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਦਾ ਸਾਥ ਦੇਣ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਵਿਧਾਇਕ ਡਾ. ਚਰਨਜੀਤ ਸਿੰਘ ਨੇ ਕਿਹਾ ਪੰਜਾਬ ਸਰਕਾਰ ਨਸ਼ੇ ਨਾਲ ਪੀੜਤ ਵਿਅਕਤੀਆਂ ਨਾਲ ਹਮਦਰਦੀ ਭਰਿਆ ਵਰਤਾਰਾ ਰੱਖ ਰਹੀ ਹੈ ਤੇ ਨਸ਼ਾ ਤਸਕਰਾਂ ਖਿਲਾਫ ਸਖਤੀ ਨਾਲ ਪੇਸ਼ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਕਰਨ ਵਾਲਿਆਂ ਦਾ ਇਲਾਜ ਨਸ਼ਾ ਛਡਾਊ ਕੇਂਦਰਾਂ ਵਿੱਚ ਬਿਲਕੁਲ ਮੁਫਤ ਕਰਵਾਇਆ ਜਾ ਰਿਹਾ ਹੈ ਤੇ ਉਥੇ ਉਨ੍ਹਾਂ ਨਾਲ ਹਮਦਰਦੀ ਭਰਿਆ ਵਰਤਾਰਾ ਰੱਖਿਆ ਜਾ ਰਿਹਾ ਹੈ ਅਤੇ ਹਰ ਤਰ੍ਹਾਂ ਦੀ ਸਿਹਤ ਪੱਖੋਂ ਸਹੂਲਤ ਵੀ ਦਿੱਤੀ ਜਾ ਰਹੀ ਹੈ।
ਵਿਧਾਇਕ ਨੇ ਕਿਹਾ ਕਿ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਜੇਲ੍ਹਾਂ ਵਿੱਚ ਬੰਦ ਕੀਤੇ ਜਾ ਰਹੇ ਹਨ ਤੇ ਉਨ੍ਹਾਂ ਦੇ ਘਰਾਂ ਤੇ ਵੀ ਪੀਲਾ ਪੰਜਾ ਚਲਾਇਆ ਜਾ ਰਿਹਾ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਤੁਹਾਡੇ ਪਿੰਡ ਵੀ ਕੋਈ ਨਸ਼ੇ ਦਾ ਕਾਰੋਬਾਰ ਕਰਨ ਵਾਲਾ ਹੈ ਤਾਂ ਪਿੰਡ ਵਾਸੀ ਬੇਝਿਜਕ ਹੋ ਕੇ ਉਹਨਾਂ ਨੂੰ ਜਾਂ ਫਿਰ ਪੁਲਿਸ ਪ੍ਰਸ਼ਾਸਨ ਨੂੰ ਸੂਚਨਾ ਦੇਵੇ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਜੇਕਰ ਤੁਹਾਡੇ ਆਸ ਪਾਸ, ਗੁਆਂਢ ਜਾਂ ਰਿਸ਼ਤੇਦਾਰ ਵਿੱਚ ਕੋਈ ਵੀ ਨੌਜਵਾਨ ਜਾਂ ਵਿਅਕਤੀ ਨਸ਼ਾ ਕਰਦਾ ਹੈ ਤਾਂ ਉਸ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਭਰਤੀ ਕਰਵਾਇਆ ਜਾਵੇ ਤਾਂ ਜੋ ਉਹ ਨਸ਼ਾ ਛੱਡ ਕੇ ਆਪਣੀ ਬਾਕੀ ਦੀ ਜ਼ਿੰਦਗੀ ਤੰਦਰੁਸਤੀ ਅਤੇ ਮਾਣ ਸਨਮਾਨ ਵਾਲੀ ਬਤੀਤ ਕਰ ਸਕੇ। ਉਹਨਾਂ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਤੁਹਾਡੇ ਸਾਰੇ ਪਿੰਡ ਵਾਸੀਆਂ ਦੇ ਸਹਿਯੋਗ ਦੀ ਲੋੜ ਹੈ ਤਾਂ ਹੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਨਸ਼ਿਆਂ ਵਿਰੁੱਧ ਜੰਗ ਨੂੰ ਸਫਲ ਕੀਤਾ ਜਾ ਸਕਦਾ ਹੈ। ਇਸ ਦੌਰਾਨ ਉਨ੍ਹਾ ਨਸ਼ਿਆਂ ਦੇ ਖਾਤਮੇ ਵਿੱਚ ਆਪਣਾ ਪੂਰਨ ਸਹਿਯੋਗ ਦੇਣ ਲਈ ਪਿੰਡ ਵਾਸੀਆਂ ਨੂੰ ਸਹੁੰ ਵੀ ਚੁਕਾਈ ਗਈ।
ਇਸ ਮੌਕੇ ਡੀਐਸਪੀ ਮਨਜੀਤ ਸਿੰਘ ਔਲਖ, ਬੀਡੀਪੀਓ ਅਜੈਬ ਸਿੰਘ, ਐਸਐੱਚਓ ਗੁਰਪ੍ਰੀਤ ਸਿੰਘ, ਹਲਕਾ ਕੋਆਰਡੀਨੇਟਰ ਪ੍ਰਸ਼ੋਤਮ ਸਿੰਘ ਮਾਹਲ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।