ਵਿਧਾਇਕ ਮਾਲੇਰਕੋਟਲਾ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਲੋਕਾਂ ਨੂੰ ਕੀਤਾ ਜਾਗਰੂਕ
ਸਥਾਨਕ ਵਿਧਾਇਕ ਨੇ ਨਸ਼ਿਆਂ ਨੂੰ ਜੜ੍ਹੋਂ ਪੁੱਟਣ ਅਤੇ ਤਸਕਰਾਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਖੜਾ ਕਰਨ ਨੂੰ ਯਕੀਨੀ ਬਣਾਉਣ ਦੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ
ਚੇਅਰਮੈਂਨ ਜ਼ਿਲ੍ਹਾ ਯੋਜਨਾ ਬੋਰਡ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਲੋਕਾਂ ਨੂੰ ਲਾਮਵੰਦ ਹੋਣ ਦਾ ਦਿੱਤਾ ਸੱਦਾ
·ਰਾਕਬ ਅਲੀ ਰਾਜਾ ਵਲੋਂ ਡਿਫੈਂਸ ਕਮੇਟੀਆਂ ਅਤੇ ਸਥਾਨਕ ਨਾਗਰਿਕਾਂ ਨੂੰ ਅਪੀਲ ਉਹ ਸਰਕਾਰ ਵੱਲੋਂ ਚਲਾਏ ਜਾ ਰਹੇ ਨਸ਼ਾ ਵਿਰੋਧੀ ਉਪਰਾਲਿਆਂ ਵਿੱਚ ਭਰਪੂਰ ਸਹਿਯੋਗ ਦੇਣ
ਮਾਲੇਰਕੋਟਲਾ 23 ਜੁਲਾਈ :
ਵਿਧਾਨ ਸਭਾ ਹਲਕਾ ਮਾਲੇਰਕੋਟਲਾ ਤੋਂ ਵਿਧਾਇਕ ਡਾ ਜਮੀਲ ਉਰ ਰਹਿਮਾਨ ਵੱਲੋਂ ਪੰਜਾਬ ਸਰਕਾਰ ਵੱਲੋਂ ਵਿੱਢੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਇਕਜੁੱਟ ਹੋ ਕੇ ਨਸ਼ਿਆਂ ਦਾ ਖਾਤਮਾ ਕਰਨ ਲਈ ਲਗਾਤਾਰ ਲੋਕ ਮਿਲਣੀਆਂ ਕੀਤੀਆਂ ਜਾ ਰਹੀਆਂ ਹਨ।
ਵਿਧਾਇਕ ਡਾ. ਜਮੀਲ ਉਰ ਰਹਿਮਾਨ ਵਲੋਂ ਸਥਾਨਕ ਮੁਹੱਲਾ ਪੱਥਰਾ ਵਾਲਾ ਅਤੇ 786 ਚੌਂਕ ਦੇ ਕਮਿਊਨਟੀ ਹਾਲ ਵਿਖੇ ਲੋਕਾਂ ਨੂੰ ਨਸ਼ੇ ਦੀ ਅਲਾਮਤ ਪ੍ਰਤੀ ਸੁਚੇਤ ਕਰਦਿਆਂ ਅਪੀਲ ਕੀਤੀ ਕਿ ਨਸ਼ਿਆਂ ਦੇ ਕੋਹੜ ਤੋਂ ਛੁਟਕਾਰਾ ਪਾਉਣ ਲਈ ਸਾਨੂੰ ਸਾਂਝੇ ਤੌਰ 'ਤੇ ਹੰਭਲਾ ਮਾਰਨ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਜਾਗਰੂਕਤਾ ਮੁਹਿੰਮ ਨੂੰ ਅੱਗੇ ਤੋਰਦਿਆਂ ਉਨ੍ਹਾਂ ਵੱਲੋਂ ਵੱਖ-ਵੱਖ ਮੁਹੱਲਿਆਂ ਵਿੱਚ ਲੋਕਾਂ ਨੂੰ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੁਹਰਾਇਆ ਕਿ ਨਸ਼ਿਆਂ ਨੂੰ ਜੜ੍ਹੋਂ ਪੁੱਟਣ ਅਤੇ ਨਸ਼ਾ ਤਸਕਰਾਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਖੜਾ ਕਰਨ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਵਚਨਬੱਧ ਹੈ। ਉਨ੍ਹਾਂ ਨਸ਼ਿਆਂ ਦੇ ਨੈੱਟਵਰਕ ਨੂੰ ਖਤਮ ਕਰਨ ਅਤੇ ਉਨ੍ਹਾਂ ਦੀਆਂ ਗੈਰ-ਕਾਨੂੰਨੀ ਤੌਰ 'ਤੇ ਬਣਾਈਆਂ ਗਈਆਂ ਜਾਇਦਾਦਾਂ ਨੂੰ ਬੁਲਡੋਜ਼ਰ ਨਾਲ ਢਹਿ ਢੇਰੀ ਕਰਨ ਲਈ ਸਰਕਾਰ ਦੀ ਹਮਲਾਵਰ ਮੁਹਿੰਮ 'ਤੇ ਵੀ ਚਾਨਣਾ ਪਾਇਆ ਜੋ ਕਿ ਪੰਜਾਬ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਕਦਮ ਹੈ।
ਉਨ੍ਹਾਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਲੋਕਪੱਖੀ ਸਰਕਾਰ ਹੈ ,ਲੋਕਾਂ ਦੀ ਭਲਾਈ ਲਈ ਸਰਕਾਰ ਦੀਆਂ ਮੁੱਖ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਆਮ ਲੋਕਾਂ ਨੂੰ ਮਿਆਰੀ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨ ਲਈ ਪੰਜਾਬ ਦੇ ਹਰੇਕ ਨਿਵਾਸੀ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਨਕਦੀ ਰਹਿਤ ਡਾਕਟਰੀ ਇਲਾਜ ਪ੍ਰਦਾਨ ਕਰਨ ਦੀ ਸਿਹਤ ਸਕੀਮ ਉਲੀਕੀ ਹੈ । ਉਨ੍ਹਾਂ ਮਾਣ ਨਾਲ ਕਿਹਾ ਕਿ ਪੰਜਾਬ ਭਾਰਤ ਦਾ ਪਹਿਲਾ ਸੂਬਾ ਬਣ ਗਿਆ ਹੈ, ਜੋ ਹਰ ਘਰ ਨੂੰ ਅਜਿਹੀ ਵਿਆਪਕ ਸਿਹਤ ਸੰਭਾਲ ਕਵਰੇਜ਼ ਪ੍ਰਦਾਨ ਕਰਦਾ ਹੈ।
ਉਨ੍ਹਾਂ ਹੋਰ ਕਿਹਾ ਕਿ ਪੰਜਾਬ ਸਰਕਾਰ ਵਲੋਂ ਆਪਣੇ 36 ਮਹੀਨਿਆਂ ਤੋਂ ਵੱਧ ਸਮੇਂ ਦੇ ਕਾਰਜਕਾਲ ਵਿੱਚ ਸੂਬੇ ਦੇ 55,000 ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਪੂਰੀ ਤਰ੍ਹਾਂ ਯੋਗਤਾ ਦੇ ਆਧਾਰ ਉੱਪਰ ਦੇ ਕੇ ਨਵਾਂ ਮਾਪਦੰਡ ਸਥਾਪਤ ਕੀਤਾ ਹੈ। ਇਸ ਮੌਕੇ ਉਨ੍ਹਾਂ ਆਸਾਨ ਰਜਿਸਟਰੀ ਅਤੇ ਆਸਾਨ ਜਮ੍ਹਾਂਬੰਦੀ,ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ,600 ਯੂਨਿਟ ਮੁਫ਼ਤ ਬਿਜਲੀ,ਸਿੱਖਿਆ ਕ੍ਰਾਂਤੀ,ਕਰਜਾ ਮੁਆਫ਼ੀ,ਆਮ ਆਦਮੀ ਕਲੀਨਿਕਾਂ,ਸਬ ਡਵੀਜਨ ਕੰਪਲੈਕਸਾਂ ਆਦਿ ਦਾ ਜਿਕਰ ਕਰਦਿਆਂ ਸਰਕਾਰ ਦੀ ਲੋਕਾਂ ਪ੍ਰਤੀ ਵਚਨਬੱਧਤਾ ਨੂੰ ਦਰਸਾਇਆ ।
ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਕਮ ਚੇਅਰਮੈਂਨ ਜ਼ਿਲ੍ਹਾ ਯੋਜਨਾ ਕਮੇਟੀ ਮਾਲੇਰਕੋਟਲਾ ਸਾਕਿਬ ਅਲੀ ਰਾਜਾ ਨੇ ਨਸ਼ਾ ਮੁਕਤੀ ਯਾਤਰਾ ਨੂੰ ਸਮਾਜ ਵਿੱਚ ਜ਼ਮੀਨੀ ਪੱਧਰ 'ਤੇ ਨਸ਼ੇ ਦੇ ਸੰਕਟ ਨਾਲ ਨਜਿੱਠਣ ਲਈ ਇੱਕ ਦੂਰਦਰਸ਼ੀ ਪਹਿਲਕਦਮੀ ਵੀ ਦੱਸਿਆ । ਉਨ੍ਹਾਂ ਕਿਹਾ ਕਿ ਇਹ ਯਾਤਰਾ, ਜੋ ਕਿ ਜਾਗਰੂਕਤਾ ਸਭਾਵਾਂ ਦੇ ਰੂਪ ਵਿੱਚ ਕੀਤੀ ਜਾ ਰਹੀ ਹੈ, ਰਾਹੀਂ ਹਰ ਘਰ ਤੱਕ ਇਹ ਸੁਨੇਹਾ ਪਹੁੰਚਾਇਆ ਜਾ ਰਿਹਾ ਹੈ ਕਿ ਨਸ਼ਿਆਂ ਦਾ ਖਾਤਮਾ ਕਰਨ ਲਈ ਸਰਕਾਰ ਵਚਨਬੱਧ ਹੈ । ਉਹਨਾਂ ਇਹ ਵੀ ਕਿਹਾ ਕਿ ਨਸ਼ਿਆਂ ਵਿਰੁੱਧ ਫੈਸਲਾਕੁੰਨ ਲੜਾਈ ਲਈ ਸ਼ੁਰੂ ਕੀਤੀ ਨਸ਼ਾ ਮੁਕਤੀ ਯਾਤਰਾ ਦੇ ਨਤੀਜੇ ਬਹੁਤ ਵਧੀਆ ਮਿਲ ਰਹੇ ਹਨ ਅਤੇ ਲੋਕਾਂ ਦਾ ਆਪ ਮੁਹਾਰਾ ਸਾਥ ਨਸ਼ਿਆਂ ਵਿਰੁੱਧ ਮਿਲ ਰਿਹਾ ਹੈ ।
ਸਾਕਿਬ ਅਲੀ ਰਾਜਾ ਨੇ ਡਿਫੈਂਸ ਕਮੇਟੀਆਂ ਅਤੇ ਸਥਾਨਕ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਚਲਾਏ ਜਾ ਰਹੇ ਨਸ਼ਾ ਵਿਰੋਧੀ ਉਪਰਾਲਿਆਂ ਵਿੱਚ ਭਰਪੂਰ ਸਹਿਯੋਗ ਦੇਣ । ਉਹਨਾਂ ਨਸ਼ੇ ਦੀ ਲਤ 'ਚ ਫਸੇ ਵਿਅਕਤੀਆਂ ਨੂੰ ਸਰਕਾਰੀ ਨਸ਼ਾ ਮੁਕਤੀ ਕੇਂਦਰਾਂ 'ਚ ਲਿਜਾਣ ਦੀ ਅਪੀਲ ਕੀਤੀ , ਜਿੱਥੇ ਉਹਨਾਂ ਦਾ ਮੁਫ਼ਤ ਇਲਾਜ ਕਰਵਾਇਆ ਜਾਂਦਾ ਹੈ ਅਤੇ ਨਾਲ ਹੀ ਉਹਨਾਂ ਨੂੰ ਸਵੈ-ਰੋਜ਼ਗਾਰ ਯੋਗ ਵੀ ਬਣਾਇਆ ਜਾਂਦਾ ਹੈ।
ਇਸ ਮੌਕੇ ਡੀ.ਐਸ.ਪੀ ਕੁਲਦੀਪ ਸਿੰਘ, ਕਾਰਜ ਸਾਧਕ ਅਫਸਰ ਅਪਰ ਅਪਾਰ ਸਿੰਘ , ,ਐਮ.ਸੀ ਮੁਹੰਮਦ ਨਜ਼ੀਰ,ਐਮ.ਸੀ ਮੁਹੰਮਦ ਯੂਨੁਸ ਭੋਲਾ, ਐਸ.ਐਚ.ਓ, ਪੀ.ਐਸ ਸਿਟੀ-2 ਮਲੇਰਕੋਟਲਾ ਗੁਰਪ੍ਰੀਤ ਕੌਰ,ਸਰਪੰਚ ਰੂੜਕਾ ਸ਼ਿੰਗਾਰਾ ਸਿੰਘ,ਬਲਾਕ ਪ੍ਰਧਾਨ ਅਸਲਮ ਭੱਟੀ, ਬਲਾਕ ਪ੍ਰਧਾਨ ਚਰਨਜੀਤ ਸਿੰਘ ਚੀਮਾ,ਬਲਾਕ ਪ੍ਰਧਾਨ ਅਬਦੁਲ ਹਲੀਮ, ਅਸ਼ਰਫ ਅਬਦੁੱਲਾ, ਅਬਦੁਲ ਰਸ਼ੀਦ ਮਲਿਕ, ਮੁਹੰਮਦ ਅਨਵਰ, ਯਾਸਿਰ ਅਰਫਾਤ, ਯਾਸੀਨ ਕਿਲਾ, ਜ਼ਹੀਰ ਚੌਧਰੀ, ਮੁਹੰਮਦ ਇਮਰਾਨ, ਮੁਹੰਮਦ ਹਨੀ, ਰਜਤ ਕਲਿਆਣ, ਵਿੱਕੀ ਟਾਂਕ, ਸ਼ੈਬੀ ਖਾਨ, ਸ਼ਮਾ ਫਾਰੂਕੀ ਹਾਜਰ ਸਨ ।