ਸਰਕਾਰ ਦੀਆਂ ਮਾੜੀਆਂ ਨੀਤੀਆਂ ਖਿਲਾਫ ਸਿਹਤ ਵਿਭਾਗ ਦੇ ਆਊਟਸੋਰਸ ਮੁਲਾਜ਼ਮ ਵਿੱਢਣਗੇ ਤਿੱਖਾ ਸੰਘਰਸ਼
ਅਸ਼ੋਕ ਵਰਮਾ
ਬਠਿੰਡਾ, 26 ਜੁਲਾਈ 2025 : ਸਿਹਤ ਵਿਭਾਗ ਆਊਟਸੋਰਸ ਮੁਲਾਜ਼ਮ ਯੂਨੀਅਨ ਦੀ ਮੀਟਿੰਗ ਪੈਨਸ਼ਨਰ ਭਵਨ ਬਠਿੰਡਾ ਵਿਖੇ ਹੋਈ ਜਿਸ ਵਿੱਚ ਵੱਖ ਵੱਖ ਜ਼ਿਲ੍ਹਿਆਂ ਤੋਂ ਵਰਕਿੰਗ ਕਮੇਟੀ ਦੇ ਅਹੁਦੇਦਾਰ ਸ਼ਾਮਿਲ ਹੋਏ। ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਵਿਗਿਆਨਿਕ) ਦੇ ਪ੍ਰਧਾਨ ਗਗਨਦੀਪ ਸਿੰਘ ਭੁੱਲਰ ਅਤੇ ਆਊਟ ਸੋਰਸ ਸਿਹਤ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਗੁਰਜਿੰਦਰ ਸਿੰਘ ਔਲਖ ਨੇ ਪਿਛਲੇ ਲੰਬੇ ਅਰਸੇ ਤੋਂ ਆਊਟਸੋਰਸ ਅਧੀਨ ਕੰਮ ਕਰਦੇ ਸਿਹਤ ਕਾਮਿਆਂ ਨੂੰ ਰੈਗੂਲਰ ਨਾ ਕਰਨ ਕਰਕੇ ਆ ਰਹੀਆਂ ਸਮੱਸਿਆਵਾਂ 'ਤੇ ਗੰਭੀਰ ਚਰਚਾ ਕੀਤੀ। ਅੱਜ ਜਦੋਂ ਸਿਹਤ ਵਿਭਾਗ ਵਿੱਚ ਵੱਡੀ ਗਿਣਤੀ ਵਿੱਚ ਸਿਹਤ ਕਾਮੇ ਆਊਟਸੋਰਸ ਤੇ ਕੰਮ ਕਰਦੇ ਹਨ ਪਰ ਸਰਕਾਰ ਵੱਲੋਂ ਉਹਨਾਂ ਨੂੰ ਕੋਈ ਰੈਗੂਲਰ ਕਰਨ ਦੀ ਨੀਤੀ ਨਹੀਂ ਬਣਾਈ ਗਈ।
ਉਹਨਾਂ ਕਿਹਾ ਕਿ ਇਸ ਕਰਕੇ ਆਊਟਸੋਰਸ ਮੁਲਾਜ਼ਮ ਨਿਗੁਣੀਆਂ ਤਨਖਾਹਾਂ ਤੇ ਕੰਮ ਕਰਨ ਲਈ ਮਜ਼ਬੂਰ ਹਨ ਅਤੇ ਕੰਪਨੀਆਂ ਦੀ ਲੁੱਟ ਦਾ ਸ਼ਿਕਾਰ ਹੋ ਰਹੇ ਹਨ। ਆਊਟਸੋਰਸ ਮੁਲਾਜ਼ਮਾਂ ਦੀਆਂ ਨਾ ਬਦਲੀਆਂ ਹੋ ਸਕਦੀਆਂ ਹਨ, ਨਾ ਹੀ ਤਨਖਾਹਾਂ ਵਿੱਚ ਵਾਧਾ ਕੀਤਾ ਜਾ ਰਿਹਾ ਸਗੋਂ ਪੈਸਕੋ ਕੰਪਨੀ ਅਧੀਨ ਲਿਆ ਕਿ ਇਹਨਾਂ ਕਾਮਿਆਂ ਦੀਆਂ ਛੁੱਟੀਆਂ ਬੰਦ ਕਰਦੇ ਹੋਏ ਵੱਡੀ ਪੱਧਰ ਤੇ ਤਨਖ਼ਾਹ ਵਿੱਚ ਕਟੌਤੀਆਂ ਕੀਤੀਆਂ ਜਾ ਰਹੀਆਂ ਹਨ ਜੋ ਕਿ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ, ਜਿਸ ਕਾਰਨ ਜੱਥੇਬੰਦੀ ਨੇ ਫੈਸਲਾ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮੰਗ ਪੱਤਰ ਤਿਆਰ ਕਰਕੇ ਸਿਹਤ ਮੰਤਰੀ ਨੂੰ ਸਿਵਲ ਸਰਜਨਾਂ ਰਾਹੀਂ ਭੇਜੇ ਜਾਣਗੇ ਅਤੇ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ। ਜੱਥੇਬੰਦੀ ਦੇ ਧਿਆਨ ਵਿੱਚ ਆਇਆ ਹੈ ਕਿ ਜ਼ਿਲ੍ਹਾ ਫਰੀਦਕੋਟ ਵਿੱਚ ਆਊਟਸੋਰਸ ਦੇ ਮੁਲਾਜ਼ਮਾਂ ਦੀਆਂ ਪਿਛਲੇ ਪੰਜ ਮਹੀਨਿਆਂ ਦੀਆਂ ਤਨਖਾਹਾਂ ਨਹੀਂ ਮਿਲੀਆਂ ਜੋ ਕਿ ਬਹੁਤ ਮੰਦਭਾਗਾ ਹੈ।
ਆਗੂਆਂ ਨੇ ਦੱਸਿਆ ਕਿ ਜੱਥੇਬੰਦੀ ਦੀ ਜ਼ਿਲ੍ਹਾ ਇਕਾਈ ਫਰੀਦਕੋਟ ਸਿਵਲ ਸਰਜਨ ਨੂੰ ਮਿਲ ਕੇ ਇਸ ਮਸਲੇ ਦਾ ਹੱਲ ਕਰੇਗੀ। ਜੇਕਰ ਤਨਖਾਹਾਂ ਜਾਰੀ ਨਾ ਹੋਈਆਂ ਤਾਂ ਜ਼ਿਲ੍ਹਾ ਫਰੀਦਕੋਟ ਵਿਖੇ ਵੀ ਸੰਘਰਸ਼ ਵਿੱਢਿਆ ਜਾਵੇਗਾ। ਜੱਥੇਬੰਦੀ ਦੀਆਂ ਮੀਟਿੰਗਾਂ ਵਿੱਚ ਭਾਗ ਲੈਣ ਵਾਲੇ ਕਰਚਾਰੀਆਂ ਨੂੰ ਅਫ਼ਸਰਸ਼ਾਹੀ ਤੇ ਕੰਪਨੀਆਂ ਵੱਲੋਂ ਧਮਕੀ ਭਰੇ ਪੱਤਰ ਕੱਢੇ ਜਾ ਰਹੇ ਹਨ ਜਿਸ ਦਾ ਜੱਥੇਬੰਦੀ ਮੂੰਹ ਤੋੜ ਜਵਾਬ ਦੇਵੇਗੀ। ਅੱਜ ਦੀ ਮੀਟਿੰਗ ਨੂੰ ਯਾਦਵਿੰਦਰ ਸਿੰਘ ਠੀਕਰੀਵਾਲ, ਨਾਜਰ ਸਿੰਘ ਮਾਨਸਾ, ਹਰਮਨਦੀਪ ਸਿੰਘ ਸਿੱਧੂ ਬਰਨਾਲਾ, ਉਪਕਾਰ ਸਿੰਘ ਕਪੂਰਥਲਾ, ਸੁਰਿੰਦਰ ਸਿੰਘ ਲਾਡਾ ਫ਼ਰੀਦਕੋਟ , ਡਾਕਟਰ ਦਿਸ਼ਾ ਲੁਧਿਆਣਾ, ਮੱਖਣ ਸਿੰਘ ਲੁਧਿਆਣਾ, ਭਾਰਤ ਸਿੰਘ ਸ਼੍ਰੀ ਮੁਕਤਸਰ ਸਾਹਿਬ, ਵਿਸ਼ਾਲ ਮਾਹਲਾ ਸ਼੍ਰੀ ਅੰਮ੍ਰਿਤਸਰ ਸਹਿਬ, ਜਗਦੀਪ ਸਿੰਘ ਫਰੀਦਕੋਟ, ਕਰਨਪ੍ਰੀਤ ਸਿੰਘ ਲੁਧਿਆਣਾ, ਪਵਨਦੀਪ ਕੌਰ ਸ਼੍ਰੀ ਅੰਮ੍ਰਿਤਸਰ ਸਹਿਬ, ਸਨੀ ਦਿਓਲ ਫਰੀਦਕੋਟ, ਜਸਕਰਨ ਸਿੰਘ ਅਡਵਾਂਸ ਕੈਂਸਰ ਹਸਪਤਾਲ ਅਤੇ ਜਤਿੰਦਰ ਸਿੰਘ ਬਠਿੰਡਾ ਆਦਿ ਆਗੂਆਂ ਨੇ ਸੰਬੋਧਨ ਕੀਤਾ।