ਡੇਰਾ ਬੱਸੀ ਹਲਕੇ ਦੀਆਂ ਸੈਂਕੜੇ ਭੈਣਾਂ ਨੇ ਗੁਰਦਰਸ਼ਨ ਸਿੰਘ ਸੈਣੀ ਦੇ ਗੁੱਟ 'ਤੇ ਬੰਨੀਆਂ ਰੱਖੜੀਆਂ
ਹਲਕੇ ਦੀਆਂ ਭੈਣਾਂ ਦੀ ਸਹਾਇਤਾ ਤੇ ਸਤਿਕਾਰ ਲਈ ਹਮੇਸ਼ਾ ਹਾਜ਼ਰ ਹਾਂ- ਗੁਰਦਰਸ਼ਨ ਸੈਣੀ
ਬਾਬੂਸ਼ਾਹੀ ਬਿਊਰੋ
ਡੇਰਾਬੱਸੀ, 9 ਅਗਸਤ, 2025- ਭੈਣ ਭਰਾ ਦੇ ਪਿਆਰ ਦੇ ਪ੍ਰਤੀਕ ਰੱਖੜੀ ਦੇ ਪਵਿੱਤਰ ਤਿਉਹਾਰ 'ਤੇ ਭੈਣਾਂ ਆਪਣੇ ਭਰਾਵਾਂ ਦੇ ਗੁੱਟ 'ਤੇ ਰੱਖੜੀ ਬੰਨ੍ਹ ਕੇ ਖੁਸ਼ਹਾਲ ਜੀਵਨ ਦੀ ਅਰਦਾਸ ਕਰਦੀਆਂ ਹਨ ਅਤੇ ਭਰਾ ਉਨ੍ਹਾਂ ਦੀ ਹਮੇਸ਼ਾ ਰੱਖਿਆ ਕਰਨ ਦਾ ਵਾਅਦਾ ਕਰਦੇ ਹਨ। ਇਸੇ ਸਬੰਧ 'ਚ ਅੱਜ ਹਲਕਾ ਡੇਰਾਬਸੀ ਦੇ ਸੀਨੀਅਰ ਭਾਜਪਾ ਆਗੂ ਅਤੇ ਉਘੇ ਸਮਾਜ ਸੇਵੀ ਸ. ਗੁਰਦਰਸ਼ਨ ਸਿੰਘ ਸੈਣੀ ਦੇ ਨਿਆਸ ਸਥਾਨ ਤੇ ਸਮੁਚੇ ਹਲਕੇ 'ਚੋਂ ਵਿਸ਼ੇਸ਼ ਤੌਰ ਤੇ ਵੱਡੀ ਗਿਣਤੀ ਵਿੱਚ ਪਹੁੰਚੀਆਂ ਭੈਣਾਂ, ਬੱਚੀਆਂ, ਅਤੇ ਮਾਤਾਵਾਂ ਨੇ ਉਹਨਾਂ ਦੇ ਗੁੱਟ ਤੇ ਰੱਖੜੀਆਂ ਬੰਨੀਆਂ। ਇਸ ਦੌਰਾਨ ਬਣੇ ਭਾਵੁਕ ਮਾਹੌਲ ਦੇਖ ਸ: ਗੁਰਦਰਸ਼ਨ ਸਿੰਘ ਨੇ ਕਿਹਾ ਕਿ ਮਾਤਾਵਾਂ ਦੇ ਅਸ਼ੀਰਵਾਦ ਅਤੇ ਭੈਣਾਂ ਤੇ ਧੀਆਂ ਦੇ ਮੋਹ ਨੇ ਉਹਨਾਂ ਦੀਆਂ ਅੱਖਾਂ ਨਮ ਕਰ ਦਿੱਤੀਆਂ ਹਨ। ਰੱਖੜੀ ਦਾ ਤਿਉਹਾਰ ਅਹਿਸਾਸ ਤੇ ਮੋਹ ਨਾਲ ਭਰਿਆ ਹੈ। ਵੀਰ ਦੇ ਗੁੱਟ 'ਤੇ ਭੈਣ ਵਲੋਂ ਬੰਨ੍ਹਿਆ ਧਾਗਾ ਸੰਸਾਰ ਦੇ ਸਭ ਤੋਂ ਮਜ਼ਬੂਤ ਰਿਸ਼ਤੇ ਦਾ ਪ੍ਰਤੀਕ ਚਿੰਨ੍ਹ ਹੈ। ਉਨ੍ਹਾਂ ਭੈਣਾਂ-ਭਰਾਵਾਂ ਦੇ ਅਟੁੱਟ ਪਿਆਰ ਦੇ ਪ੍ਰਤੀਕ ਰੱਖੜੀ ਦੇ ਤਿਉਹਾਰ ਦੀਆਂ ਸਭ ਨੂੰ ਵਧਾਈਆਂ ਦਿੱਤੀਆਂ।

ਇਸ ਮੌਕੇ ਸ਼੍ਰੀ ਸੈਣੀ ਨੇ ਕਿਹਾ, ਕਿ ਰੱਖੜੀ ਦਾ ਤਿਉਹਾਰ ਸਿਰਫ ਇੱਕ ਤਿਉਹਾਰ ਹੀ ਨਹੀਂ ਸਗੋਂ ਇਹ ਡੂੰਘੇ ਪਿਆਰ ਅਤੇ ਭੈਣ-ਭਰਾ ਦੀ ਇੱਕ ਦੂਜੇ ਲਈ ਸੰਭਾਲ ਦਾ ਇੱਕ ਰੂਪ ਹੈ। ਇਹ ਯਾਦ ਦਿਵਾਉਂਦਾ ਹੈ ਕਿ ਭਾਵੇਂ ਜ਼ਿੰਦਗੀ ਕਿੰਨੀ ਵੀ ਰੁਝੇਵਿਆਂ ਵਿੱਚ ਕਿਉਂ ਨਾ ਹੋਵੇ ਭੈਣ ਭਰਾ ਲਈ ਇਹ ਦਿਨ ਮੋਹ ਨਾਲ ਭਰਿਆ ਹੁੰਦਾ ਹੈ। ਰੱਖੜੀ ਦਾ ਪਵਿੱਤਰ ਧਾਗਾ ਭੈਣਾਂ-ਭਰਾਵਾਂ ਨੂੰ ਜੋੜ ਕਿ ਯਾਦਾਂ ਅਤੇ ਜਜ਼ਬਾਤਾ ਦੀ ਇੱਕ ਪਿਆਰ ਭਰੀ ਯਾਦਗਾਰ ਬਣਾਉਂਦਾ ਹੈ ਜੋ ਜੀਵਨ ਭਰ ਯਾਦ ਰਹਿੰਦੀ ਹੈ। ਉਹਨਾਂ ਕਿਹਾ ਕਿ ਮੈਂ ਜਿੰਨੇ ਕੁ ਜੋਗਾ ਹਾਂ ਹਲਕੇ ਦੀਆਂ ਸਾਰੀਆਂ ਭੈਣਾਂ ਦੀ ਸਹਾਇਤਾ ਅਤੇ ਉਹਨਾਂ ਦੇ ਸਨਮਾਨ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਹਲਕੇ ਦੀ ਪ੍ਰਗਤੀ ਲਈ ਕੰਮ ਕਰਨਾ ਉਨ੍ਹਾਂ ਦੀ ਨਿੱਜੀ ਜ਼ਿੰਮੇਵਾਰੀ ਹੈ, ਜਿਸ ਤੋਂ ਉਹ ਕਦੇ ਵੀ ਪਿੱਛੇ ਨਹੀਂ ਹਟਣਗੇ।
.jpg)
ਉਹਨਾਂ ਕਿਹਾ ਕਿ ਇਹ ਰੱਖੜੀਆਂ ਸਿਰਫ਼ ਧਾਗੇ ਹੀ ਨਹੀਂ ਹਨ ਬਲਕਿ ਪਿਆਰ, ਦੇਖਭਾਲ ਅਤੇ ਸੁਰੱਖਿਆ ਦੇ ਵਾਅਦੇ ਦੀਆਂ ਪ੍ਰਤੀਨਿਧਤਾਵਾਂ ਕਰਦੀਆਂ ਹਨ। ਰੱਖੜੀ ਦਾ ਤਿਉਹਾਰ ਆਪਣੇ ਭਰਾ ਦੀ ਭਲਾਈ ਲਈ ਭੈਣ ਦੁਆਰਾ ਕੀਤੀ ਪ੍ਰਾਰਥਨਾ ਅਤੇ ਭਰਾ ਦੁਆਰਾ ਭੈਣ ਦੀ ਰੱਖਿਆ ਲਈ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਮੌਕੇ ਪੁਸ਼ਪਿੰਦਰ ਮਹਿਤਾ, ਹਰਪ੍ਰੀਤ ਸਿੰਘ ਟਿੰਕੂ, ਸਾਨੰਤ ਭਾਰਦਵਾਜ, ਗੁਲਜ਼ਾਰ ਟਿਵਾਣਾ, ਮੇਜਰ ਸਿੰਘ ਪਰਾਗਪੁਰ, ਸਮੇਤ ਹੋਰ ਪਤਵੰਤੇ ਵੀ ਮੋਜ਼ੂਦ ਸਨ।
.jpg)