JEs Council PSEB ਵੱਲੋਂ ਪਾਵਰ ਮੈਨੇਜਮੈਂਟ ਵਿਰੁੱਧ ਸੰਘਰਸ਼ ਪ੍ਰੋਗਰਾਮ ਤੇ ਜਾਣ ਦਾ ਐਲਾਨ
ਪਟਿਆਲਾ, 6 ਅਗਸਤ 2025 - ਕੌਂਸਲ ਆਫ਼ ਜੂਨੀਅਰ ਇੰਜੀਨੀਅਰਜ਼, ਪੰਜਾਬ ਰਾਜ ਬਿਜਲੀ ਬੋਰਡ ਵੱਲੋਂ ਜੂਨੀਅਰ ਇੰਜੀਨੀਅਰ ਕੈਡਰ ਦੀਆਂ ਪੈਡਿੰਗ ਮੰਗਾਂ ਪ੍ਰਤੀ ਪਾਵਰ ਮੈਨੇਜਮੈਂਟ ਦੇ ਗੈਰ ਸੰਜੀਦਾ ਰੱਵਈਏ ਵਿਰੁੱਧ ਸੰਘਰਸ਼ ਪ੍ਰੋਗਰਾਮ ਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ। ਪ੍ਰੈਸ ਨੂੰ ਇਹ ਜਾਣਕਾਰੀ ਇੰਜ. ਅਮਨਦੀਪ ਜੇਹਲਵੀ ਸੂਬਾ ਜਨਰਲ ਸਕੱਤਰ ਵੱਲੋਂ ਦਿੱਤੀ ਗਈ।
ਕੌਂਸਲ ਦੇ ਮੁੱਖ ਸਰਪ੍ਰਸਤ ਇੰਜ: ਦਵਿੰਦਰ ਸਿੰਘ, ਸੂਬਾ ਪ੍ਰਧਾਨ ਇੰਜ: ਪਰਮਜੀਤ ਸਿੰਘ ਖੱਟੜਾ ਅਤੇ ਸੂਬਾ ਜਨਰਲ ਸਕੱਤਰ ਇੰਜ: ਅਮਨਦੀਪ ਜੇਹਲਵੀ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਕੇਂਦਰੀ ਵਰਕਿੰਗ ਕਮੇਟੀ ਵੱਲੋਂ ਉਲੀਕੇ ਸੰਘਰਸ਼ ਪ੍ਰੋਗਰਾਮ ਅਨੁਸਾਰ ਮਿਤੀ 07 ਅਗਸਤ 2025 ਤੋਂ ਪਾਵਰਕੋਮ ਦੇ ਸਮੂਹ ਸਰਕਲ ਦਫ਼ਤਰਾਂ ਅੱਗੇ ਰੋਸ ਰੈਲੀਆਂ ਕਰਕੇ ਸ਼ੁਰੂਆਤ ਕੀਤੀ ਜਾਵੇਗੀ। ਇਸ ਉਪਰੰਤ ਮਿਤੀ 19 ਅਗਸਤ 2025 ਨੂੰ ਪਾਵਰਕੋਮ ਦੇ ਬਾਰਡਰ ਜ਼ੋਨ ਦੇ ਹੈਡ ਕੁਆਟਰ ਅੰਮ੍ਰਿਤਸਰ ਵਿਖੇ, 21 ਅਗਸਤ 2025 ਨੂੰ ਪੱਛਮ ਜ਼ੋਨ ਦੇ ਹੈਡ ਕੁਆਟਰ ਬਠਿੰਡਾ ਵਿਖੇ, 26 ਅਗਸਤ 2025 ਨੂੰ ਉੱਤਰੀ ਜ਼ੋਨ ਦੇ ਹੈਡ ਕੁਆਟਰ ਜਲੰਧਰ ਵਿਖੇ, 28 ਅਗਸਤ 2025 ਨੂੰ ਦੱਖਣੀ ਜ਼ੋਨ ਦੇ ਹੈਡ ਕੁਆਟਰ ਪਟਿਆਲਾ ਵਿਖੇ, 2 ਸਤੰਬਰ 2025 ਨੂੰ ਕੇਂਦਰੀ ਜ਼ੋਨ ਦੇ ਹੈਡ ਕੁਆਟਰ ਲੁਧਿਆਣਾ ਵਿਖੇ ਜ਼ੋਨਲ ਧਰਨੇ ਦਿੱਤੇ ਜਾਣਗੇ। ਇਸੇ ਦੌਰਾਨ 07 ਅਗਸਤ 2025 ਤੋਂ 02 ਸਤੰਬਰ 2025 ਤੱਕ ਸੰਘਰਸ਼ ਦੇ ਇਸ ਪਹਿਲੇ ਪੜਾਅ ਦੌਰਾਨ ਜੇਕਰ ਹੋਰ ਮੁਲਾਜ਼ਮ ਜੱਥੇਬੰਦੀਆਂ ਦੇ ਮੈਂਬਰਜ਼ ਹੜਤਾਲ/ਸਮੂਹਿਕ ਛੁੱਟੀ ਤੇ ਜਾਂਦੇ ਹਨ ਤਾਂ ਜੇ.ਈਜ਼ ਕੌਂਸਲ ਦੇ ਮੈਂਬਰਜ਼ ਗਰਿੱਡ ਸਬ—ਸਟੇਸ਼ਨਾਂ ਤੇ ਐਮਰਜੈਂਸੀ ਡਿਊਟੀ ਉੱਤੇ ਨਹੀਂ ਜਾਣਗੇ।
ਕੌਂਸਲ ਲੀਡਰਸ਼ਿੱਪ ਵੱਲੋਂ ਦੱਸਿਆ ਗਿਆ ਕਿ ਪਾਵਰ ਮੈਨੇਜਮੈਂਟ ਵੱਲੋਂ ਜੂਨੀਅਰ ਇੰਜੀਨੀਅਰਜ਼ ਦੀਆਂ ਅਹਿਮ ਮੰਗਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿੱਚ ਨਵੇਂ ਭਰਤੀ ਜੇ.ਈਜ਼ ਨੂੰ ਪੰਜਾਬ ਸਰਕਾਰ ਦੇ ਜੇ.ਈਜ਼ ਨਾਲ ਡਿਫਰੈਂਸ਼ੀਅਲ ਦੇ ਸਿਧਾਂਤ ਤਹਿਤ 6ਵੇਂ ਪੇ—ਕਮਿਸ਼ਨ ਨੂੰ ਅਧਾਰ ਮੰਨਦਿਆਂ ਸ਼ੁਰੂਆਤੀ ਤਨਖਾਹ ਸਕੇਲ 47900/— ਰੁ: ਪ਼੍ਰਦਾਨ ਕਰਨਾ, ਜੂਨੀਅਰ ਇੰਜੀਨੀਅਰਜ਼ ਨੂੰ ਵਿੱਤ ਸਰਕੂਲਰ ਨੰ: 10/16 ਰਾਹੀਂ ਪ੍ਰਦਾਨ ਕੀਤਾ 9/16 ਸਾਲਾਂ ਸਮਾਂਬੱਧ ਤਰੱਕੀ ਸਕੇਲ ਜਾਰੀ ਰੱਖਣਾ, ਜੇ.ਈਜ਼/ਏ.ਏ.ਈਜ਼ ਦਾ ਸਪੈਸ਼ਲ ਅਲਾਊਂਸ ਬਹਾਲ ਕਰਨਾ, 30 ਲੀਟਰ ਪੈਟਰੋਲ ਪ੍ਰਤੀ ਮਹੀਨਾ ਖਰਚਾ ਦੋਗੁਣਾ ਕਰਨਾ, ਡਿਸਟਰੀਬਿਊਸ਼ਨ ਵਿੰਗ ਅਤੇ ਗਰਿੱਡ ਸਬ—ਸਟੇਸ਼ਨ ਦੇ ਸਟਾਫਿਗ ਨਾਰਮਜ਼ ਰਵਿਊ ਕਰਨਾ, ਦੂਜਾ ਸਮਾਂਬੱਧ ਸਕੇਲ ਸੀਨੀਅਰ ਕਾਰਜਕਾਰੀ ਇੰਜੀਨੀਅਰ ਦਾ ਦੇਣਾ, ਜੇ.ਈ ਤੋਂ ਏ.ਏ.ਈ., ਏ.ਏ.ਈ. ਤੋਂ ਏ.ਈ. ਅਤੇ ਏ.ਈ. ਤੋਂ ਏ.ਈ.ਈ. ਦੀ ਤਰੱਕੀ ਜਲਦ ਕਰਨਾ ਪ੍ਰਮੁੱਖ ਹਨ।
ਜੱਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਫੀਲਡ ਵਿੱਚ ਤਕਨੀਕੀ ਮੈਨਪਾਵਰ ਦੀ ਅਤਿ ਘਾਟ ਹੈ ਅਤੇ ਪਾਵਰ ਜੂਨੀਅਰ ਇੰਜੀਨੀਅਰਜ਼ ਨੂੰ ਬਹੁਤ ਹੀ ਮਾੜੇ ਹਲਾਤਾਂ ਵਿੱਚ ਕੰਮ ਕਰਨਾ ਪੈ ਰਿਹਾ ਹੈ। ਮਿਤੀ 04—12—24 ਨੂੰ ਪੰਜ ਮੁੱਖ ਇੰਜੀਨੀਅਰਜ਼ ਦੀ ਹਾਈ ਪਾਵਰ ਕਮੇਟੀ ਵਿੱਚ ਜੇ.ਈਜ਼ ਦੀਆਂ ਕੁੱਝ ਫੀਲਡ ਸਬੰਧੀ ਮੁਸ਼ਕਲਾਂ ਸਬੰਧੀ ਸਹਿਮਤੀ ਬਣੀ ਸੀ ਜਿਨ੍ਹਾਂ ਵਿਚੋਂ ਬਿਜਲੀ ਲਾਈਨਾਂ ਦੀ ਬਰੇਕ ਡਾਊਨ ਅਟੈਂਡ ਕਰਨ ਲਈ ਆਨ—ਲਾਈਨ ਐਪ ਰਾਹੀਂ ਪਰਮਿਟ ਟੂ ਵਰਕ ਜਾਰੀ ਕਰਨਾ, ਡੈਮੇਜ਼ ਟਰਾਂਸਫਾਰਮਰਾਂ ਦੀ ਸ਼ਾਰਟੇਜ਼ ਨੂੰ ਸੈਟਲ ਕਰਨ ਲਈ ਡੀ.ਓ.ਪੀ. ਵਿੱਚ ਦਰਜ਼ ਧਾਰਾ ਵਿੱਚ ਵਾਧੇ ਹਿੱਤ ਸੋਧ ਕਰਨਾ ਆਦਿ ਪ੍ਰਮੁੱਖ ਹਨ। ਇਨ੍ਹਾਂ ਸਹਿਮਤੀਆਂ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ ਹੈ। ਫੀਲਡ ਵਿੱਚ ਤਕਨੀਕੀ ਕਰਮਚਾਰੀਆਂ ਦੀ ਭਰਤੀ ਨੂੰ ਬਿਨਾ ਵਜ੍ਹਾ ਦੇਰੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਠੇਕਾ ਪ੍ਰਣਾਲੀ ਰਾਹੀਂ ਭਰਤੀ ਸੀ.ਐਚ.ਬੀ. ਮੁਲਾਜ਼ਮਾਂ ਵਰਗੇ ਆਰਜ਼ੀ ਪ੍ਰਬੰਧਾਂ ਰਾਹੀਂ ਕੰਮ ਚਲਾਇਆ ਜਾ ਰਿਹਾ ਹੈ। ਸੀ.ਐਚ.ਬੀ. ਕਰਮਚਾਰੀ ਵੱਲੋਂ ਆਪਣੀ ਨੌਕਰੀ ਪ੍ਰਤੀ ਅਸੁਰੱਖਿਅਤ ਭਾਵਨਾ ਕਰਕੇ ਵਾਰ—ਵਾਰ ਹੜਤਾਲ ਤੇ ਜਾਣ ਨਾਲ ਪਾਵਰਕੋਮ ਦੀ ਵੱਡਮੁੱਲੇ ਖਪਤਕਾਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕੌਂਸਲ ਲੀਡਰਸ਼ਿੱਪ ਅਨੁਸਾਰ ਜੇਕਰ ਪਾਵਰ ਮਨੇਜਮੈਂਟ ਵੱਲੋਂ ਮਿਤੀ 13—06—25 ਨੂੰ ਮੁੱਖ ਮੰਗਾਂ ਪ੍ਰਤੀ ਬਣੀ ਸਹਿਮਤੀ ਅਨੁਸਾਰ ਅਤੇ ਜੂਨੀਅਰ ਇੰਜੀਨੀਅਰਜ਼ ਦੀਆਂ ਪੈਂਡਿੰਗ ਮੰਗਾਂ ਦਾ ਉਚੇਚੇ ਤੋਰ ਤੇ ਕੋਈ ਹੱਲ ਨਹੀਂ ਕੀਤਾ ਗਿਆ ਤਾਂ ਜੂਨੀਅਰ ਇੰਜੀਨੀਅਰਜ਼ ਅਤੇ ਪਦਉਨਤ ਇੰਜੀਨੀਅਰ ਅਫ਼ਸਰਾਂ ਵਿਚ ਵੱਧ ਰਹੇ ਰੋਸ਼ ਨੂੰ ਮੁੱਖ ਰੱਖਦਿਆਂ ਸੰਘਰਸ਼ ਨੂੰ ਹੋਰ ਤਿੱਖਾ ਰੂਪ ਦਿੱਤਾ ਜਾਵੇਗਾ, ਜਿਸਦੀ ਜ਼ਿੰਮੇਵਾਰ ਪਾਵਰ ਮੈਨੇਜਮੈਂਟ ਅਤੇ ਰਾਜ ਸਰਕਾਰ ਹੋਵੇਗੀ।