ਬ੍ਰਹਮਪੁਰਾ ਨੇ 'ਆਪ' ਤੇ ਕਾਂਗਰਸ ਨੂੰ ਰਗੜਿਆ, ਕਿਹਾ - 'ਇੱਕ ਨੇ ਲੁੱਟਿਆ, ਦੂਜਾ ਡੋਬ ਰਿਹਾ ਪੰਜਾਬ', ਤਰਨ ਤਾਰਨ ਦੇ ਲੋਕ ਦੋਵਾਂ ਨੂੰ ਸਿਖਾਉਣਗੇ ਸਬਕ
* ਬੀਬੀ ਰੰਧਾਵਾ ਦੀ ਜਿੱਤ 'ਆਪ' ਸਰਕਾਰ ਦੇ ਤਾਬੂਤ 'ਚ ਆਖਰੀ ਕਿੱਲ ਸਾਬਤ ਹੋਵੇਗੀ - ਬ੍ਰਹਮਪੁਰਾ
* ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਤੇ ਪੰਥ ਦਾ ਸੱਚਾ ਹਿਤੈਸ਼ੀ
ਤਰਨ ਤਾਰਨ 06 ਅਗਸਤ 2025: ਵਿਧਾਨ ਸਭਾ ਹਲਕਾ ਤਰਨ ਤਾਰਨ ਦੀ ਜ਼ਿਮਨੀ ਚੋਣ ਜਿਉਂ-ਜਿਉਂ ਨੇੜੇ ਆ ਰਹੀ ਹੈ, ਸਿਆਸੀ ਪਾਰਾ ਵੀ ਚੜ੍ਹਦਾ ਜਾ ਰਿਹਾ ਹੈ। ਅੱਜ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਦੇ ਹੱਕ ਵਿੱਚ ਚੋਣ ਮੁਹਿੰਮ ਨੂੰ ਸਿਖਰਾਂ 'ਤੇ ਪਹੁੰਚਾਉਂਦਿਆਂ ਪਾਰਟੀ ਦੇ ਮੀਤ ਪ੍ਰਧਾਨ ਅਤੇ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ 'ਤੇ ਹਲਕਾ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਦੀ ਅਗਵਾਈ ਹੇਠ ਇੱਕ ਵਰਕਰ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੌਕੇ ਸ੍ਰ. ਬ੍ਰਹਮਪੁਰਾ ਨੇ ਨਾ ਸਿਰਫ਼ ਸੱਤਾਧਾਰੀ ਆਮ ਆਦਮੀ ਪਾਰਟੀ, ਸਗੋਂ ਕਾਂਗਰਸ ਨੂੰ ਵੀ ਕਰੜੇ ਹੱਥੀਂ ਲੈਂਦਿਆਂ ਦੋਵਾਂ ਨੂੰ ਪੰਜਾਬ ਦੀ ਬਰਬਾਦੀ ਲਈ ਜ਼ਿੰਮੇਵਾਰ ਠਹਿਰਾਇਆ।
ਬ੍ਰਹਮਪੁਰਾ ਨੇ ਕਿਹਾ, "ਪੰਜਾਬ ਦੇ ਲੋਕ ਦੋਹਰੀ ਮਾਰ ਝੱਲ ਰਹੇ ਹਨ। ਪਹਿਲਾਂ ਕਾਂਗਰਸ ਨੇ ਪੰਜ ਸਾਲ ਝੂਠੇ ਵਾਅਦਿਆਂ ਨਾਲ ਪੰਜਾਬ ਨੂੰ ਲੁੱਟਿਆ ਅਤੇ ਹੁਣ 'ਬਦਲਾਅ' ਦੇ ਨਾਂ 'ਤੇ ਆਈ 'ਆਪ' ਸਰਕਾਰ ਪੰਜਾਬ ਨੂੰ ਨਸ਼ਿਆਂ, ਗੈਂਗਵਾਰਾਂ ਅਤੇ ਆਰਥਿਕ ਕੰਗਾਲੀ ਵੱਲ ਧੱਕ ਰਹੀ ਹੈ। ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਕਲ ਚੁੱਕਾ ਹੈ ਅਤੇ ਸਰਕਾਰ ਦਿੱਲੀ ਦੇ ਇਸ਼ਾਰਿਆਂ 'ਤੇ ਨੱਚ ਰਹੀ ਹੈ। ਕਾਂਗਰਸ 'ਤੇ ਵਰ੍ਹਦਿਆਂ ਉਨ੍ਹਾਂ ਕਿਹਾ, "ਕਾਂਗਰਸੀ ਅੱਜ ਕਿਸ ਮੂੰਹ ਨਾਲ ਵੋਟਾਂ ਮੰਗ ਰਹੇ ਹਨ? ਇਹ ਉਹੀ ਲੋਕ ਹਨ ਜਿੰਨ੍ਹਾਂ ਨੇ ਪੰਜਾਬ ਦੇ ਪਾਣੀਆਂ 'ਤੇ ਡਾਕਾ ਮਾਰਿਆ, ਨੌਜਵਾਨੀ ਨੂੰ ਬੇਰੁਜ਼ਗਾਰ ਕੀਤਾ ਅਤੇ ਸ੍ਰੀ ਗੁਟਕਾ ਸਾਹਿਬ ਦੀਆਂ ਝੂਠੀਆਂ ਸਹੁੰਆਂ ਖਾ ਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ। 'ਆਪ' ਅਤੇ ਕਾਂਗਰਸ ਇੱਕੋ ਥਾਲੀ ਦੇ ਚੱਟੇ-ਵੱਟੇ ਹਨ, ਜਿੰਨ੍ਹਾਂ ਦਾ ਮਕਸਦ ਸਿਰਫ਼ ਕੁਰਸੀ ਹਾਸਲ ਕਰਨਾ ਹੈ।
ਬ੍ਰਹਮਪੁਰਾ ਨੇ ਪਾਰਟੀ ਵਰਕਰਾਂ ਨੂੰ ਲਾਮਬੰਦ ਕਰਦਿਆਂ ਕਿਹਾ, "ਇਹ ਚੋਣ ਤਰਨ ਤਾਰਨ ਦੇ ਭਵਿੱਖ ਦਾ ਫ਼ੈਸਲਾ ਕਰੇਗੀ। ਅਸੀ ਘਰ-ਘਰ ਜਾ ਕੇ 'ਆਪ' ਦੇ ਕੁਸ਼ਾਸਨ ਅਤੇ ਕਾਂਗਰਸ ਦੇ ਧੋਖੇ ਦਾ ਪਰਦਾਫਾਸ਼ ਕਰਾਂਗੇ। ਲੋਕਾਂ ਨੂੰ ਦੱਸਾਂਗੇ ਕਿ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਅਤੇ ਪੰਥ ਦੀ ਸੱਚੀ ਹਿਤੈਸ਼ੀ ਪਾਰਟੀ ਹੈ। ਬੀਬੀ ਸੁਖਵਿੰਦਰ ਕੌਰ ਰੰਧਾਵਾ ਦੀ ਜਿੱਤ ਇਸ ਲੋਕ-ਵਿਰੋਧੀ ਸਰਕਾਰ ਦੇ ਤਾਬੂਤ ਵਿੱਚ ਆਖਰੀ ਕਿੱਲ ਸਾਬਤ ਹੋਵੇਗੀ।
ਇਸ ਮੌਕੇ ਉਨ੍ਹਾਂ ਦੇ ਨਾਲ ਸੀਨੀਅਰ ਅਕਾਲੀ ਆਗੂ ਗੁਰਸੇਵਕ ਸਿੰਘ ਸ਼ੇਖ, ਆਈ.ਟੀ. ਵਿੰਗ ਦੇ ਪ੍ਰਧਾਨ ਨਛੱਤਰ ਸਿੰਘ, ਕੰਵਰਦੀਪ ਸਿੰਘ ਬ੍ਰਹਮਪੁਰਾ, ਬਲਜਿੰਦਰ ਸਿੰਘ ਗੋਹਲਵੜ, ਮਨਪ੍ਰੀਤ ਸਿੰਘ, ਕੁਲਜੀਤ ਸਿੰਘ ਗੋਹਲਵੜ, ਨਛੱਤਰ ਸਿੰਘ ਫੇਲੋਕੇ ਅਤੇ ਮਨਪ੍ਰੀਤ ਸਿੰਘ ਗੋਹਲਵੜ ਸਮੇਤ ਵੱਡੀ ਗਿਣਤੀ ਵਿੱਚ ਅਹੁਦੇਦਾਰਾਂ ਨੇ ਬੀਬੀ ਰੰਧਾਵਾ ਦੀ ਜਿੱਤ ਯਕੀਨੀ ਬਣਾਉਣ ਦਾ ਪ੍ਰਣ ਲਿਆ।