ਅਕਾਲੀ ਦਲ ਵੱਲੋਂ ਵਿਸ਼ਾਲ ਰੋਸ ਧਰਨਾ! ਪੰਜਾਬ ’ਚ ਬਲਾਕ ਭੰਗ ਕਰਨ ਵਿਰੁੱਧ ਰੋਸ ਪ੍ਰਗਟਾਇਆ
ਅਸ਼ੋਕ ਵਰਮਾ
ਬਠਿੰਡਾ, 6 ਅਗਸਤ 2025: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਭਗਤਾ ਭਾਈਕਾ ਵਿਖੇ ਵਿਸ਼ਾਲ ਰੋਸ ਧਰਨਾ ਦੇ ਕੇ ਇਸ ਬਲਾਕ ਸਮੇਤ ਸੂਬੇ ਦੇ ਹੋਰ ਬਲਾਕ ਭੰਗ ਕਰਨ ਵਿਰੁੱਧ ਰੋਸ ਪ੍ਰਗਟਾਇਆ ਅਤੇ ਜ਼ੋਰ ਦੇ ਕੇ ਕਿਹਾ ਕਿ ਇਸ ਨਾਲ ਨਾ ਸਿਰਫ ਲੋਕਾਂ ਦੀ ਖੱਜਲ ਖੁਆਰੀ ਹੋਵੇਗੀ ਬਲਕਿ ਇਸ ਨਾਲ ਕੇਂਦਰੀ ਫੰਡਾਂ ਵਿਚ ਵੀ ਕਟੌਤੀ ਹੋ ਜਾਵੇਗੀ। ਇਸ ਵਿਸ਼ਾਲ ਧਰਨੇ ਨੂੰ ਸੰਬੋਧਨ ਕਰਦਿਆਂ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਭਗਤਾ ਭਾਈਕਾ ਤੋਂ ਇਲਾਵਾ ਭੀਖੀ ਬਲਾਕ ਵੀ ਭੰਗ ਕਰ ਦਿੱਤਾ ਗਿਆ ਹੈ ਅਤੇ ਲੁਧਿਆਣਾ ਵਿਚ ਪੱਖੋਵਾਲ ਤੇ ਸੁਧਾਰ ਦੋ ਬਲਾਕ, ਮੋਗਾ ਵਿਚ ਮੋਗਾ-1 ਅਤੇ ਮੁਹਾਲੀ ਵਿਚ ਔੜ ਬਲਾਕ ਭੰਗ ਕੀਤਾ ਗਿਆ ਹੈ। ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਇਹ ਬਲਾਕ ਲੋਕ ਪ੍ਰਤੀਨਿਧਾਂ ਦੀ ਰਾਇ ਲੈਣ ਤੋਂ ਬਗੈਰ ਹੀ ਭੰਗ ਕਰ ਦਿੱਤੇ ਗਏ ਹਨ।
ਉਹਨਾਂ ਮੰਗ ਕੀਤੀ ਕਿ ਭਗਤਾ ਭਾਈ ਕਾ ਦੇ ਆਮ ਆਦਮੀ ਪਾਰਟੀ (ਆਪ) ਚੇਅਰਮੈਨ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ ਕਿਉਂਕਿ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨ ਵਿਚ ਅਸਫਲ ਰਹੇ ਹਨ। ਉਹਨਾਂ ਨੇ ਆਪ ਦਾ ਦਾਅਵਾ ਰੱਦ ਕਰ ਦਿੱਤਾ ਕਿ ਬਲਾਕ ਵਿਕਾਸ ਅਫਸਰ (ਬੀ ਡੀਓ) ਹਫਤੇ ਵਿਚ ਦੋ ਦਿਨ ਭਗਤਾ ਭਾਈਕਾ ਵਿਖੇ ਬੈਠੇਗਾ ਤੇ ਕਿਹਾ ਕਿ ਇਹ ਅੱਖਾਂ ਪੂੰਝਣ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਇਲਾਕੇ ਦੇ ਲੋਕ ਚਾਹੁੰਦੇ ਹਨ ਕਿ ਬਲਾਕ ਬਹਾਲ ਕੀਤਾ ਜਾਵੇ ਅਤੇ ਸਰਕਾਰ ਨੂੰ ਇਹਨਾਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ।
ਅਕਾਲੀ ਆਗੂ ਨੇ ਕਿਹਾ ਕਿ ਆਬਾਦੀ ਵਿਚ ਵਾਧਾ ਹੋਣ ਕਾਰਨ ਸੂਬੇ ਵਿਚ ਬਲਾਕਾਂ ਦੀ ਗਿਣਤੀ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਬਜਾਏ ਅਜਿਹਾ ਕਰਨ ਦੇ ਆਪ ਸਰਕਾਰ ਬਲਾਕ ਭੰਗ ਕਰਦੀ ਜਾ ਰਹੀ ਹੈ। ਉਹਨਾਂ ਕਿਹਾ ਕਿ ਹੁਣ ਭਗਤਾ ਭਾਈਕਾ ਦੇ ਲੋਕਾਂ ਨੂੰ ਸਰਕਾਰੀ ਸੇਵਾਵਾਂ ਲੈਣ ਵਾਸਤੇ 40 ਕਿਲੋਮੀਟਰ ਦੂਰ ਜਾਣਾ ਪਵੇਗਾ। ਉਹਨਾਂ ਕਿਹਾ ਕਿ ਬਲਾਕਾਂ ਦੀ ਗਿਣਤੀ ਘਟਾਉਣ ਨਾਲ ਕੇਂਦਰੀ ਫੰਡਾਂ ਦੀ ਵੰਡ ਵਿਚ ਅਨੁਪਾਤ ਦੇ ਹਿਸਾਬ ਨਾਲ ਕਮੀ ਆਵੇਗੀ ਜਿਸਦਾ ਆਮ ਆਦਮੀ ’ਤੇ ਮਾੜਾ ਅਸਰ ਪਵੇਗਾ। ਸਰਦਾਰ ਮਲੂਕਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪ ਸਰਕਾਰ ਦੀ ਜ਼ਮੀਨ ਹਥਿਆਉਣ ਦੀ ਸਕੀਮ ਦਾ ਵੀ ਇਕਜੁੱਟ ਹੋ ਕੇ ਵਿਰੋਧ ਕਰਨ।
ਉਹਨਾਂ ਕਿਹਾ ਕਿ ਆਪ ਸਰਕਾਰ 65000 ਏਕੜ ਜ਼ਮੀਨ ਦਿੱਲੀ ਦੇ ਬਿਲਡਰਾਂ ਨੂੰ ਵੇਚ ਕੇ ਦੇਸ਼ ਭਰ ਵਿਚ ਆਪ ਦੇ ਪ੍ਰਚਾਰ ਵਾਸਤੇ ਫੰਡ ਉਗਰਾਹੁਣਾ ਚਾਹੁੰਦੀ ਹੈ ਤੇ ਇਹ ਇਕ ਲੱਖ ਕਰੋੜ ਰੁਪਏ ਦਾ ਘੁਟਾਲਾ ਹੈ। ਉਹਨਾਂ ਕਿਹਾ ਕਿ ਇਕੱਲੇ ਬਠਿੰਡਾ ਵਿਚ 815 ਏਕੜ ਜ਼ਮੀਨ ਐਕਵਾਇਰ ਕੀਤੀ ਜਾਰਹੀ ਹੈ ਤੇ ਇਸ ਜ਼ਮੀਨ ਹੜੱਪ ਕਰਨ ਦੇ ਘੁਟਾਲੇ ਨੂੰ ਰੋਕਣ ਵਾਸਤੇ ਪੰਚਾਇਤਾਂ ਨੇ ਮਤੇ ਪਾਸ ਕੀਤੇ ਹਨ। ਉਹਨਾਂ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਪਾਸ ਮਤਿਆਂ ਨੂੰ ਵੱਖ-ਵੱਖ ਅਦਾਲਤਾਂ ਨੇ ਸਹੀ ਠਹਿਰਾਇਆ ਹੈ ਅਤੇ ਇਹੀ ਪੰਜਾਬ ਦੇ ਕਿਸਾਨਾਂ ਨੂੰ ਲੁੱਟਣ ਦੀ ਆਪ ਦੀ ਯੋਜਨਾ ਨੂੰ ਰੋਕਣ ਦਾ ਸਭ ਤੋਂ ਸਹੀ ਤਰੀਕਾ ਹੈ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਪਾਰਟੀ ਆਉਂਦੇ ਦਿਨਾਂ ਵਿਚ ਆਪ ਸਰਕਾਰ ਦੀ ਲੈਂਡ ਪੂਲਿੰਗ ਸਕੀਮ ਦਾ ਵਿਰੋਧ ਕਰਨ ਦੇ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰੇਗੀ।