Babushahi Special: ਲਾਲ ਪਰੀ ਦਾ ਕੌਤਕ: ਬਠਿੰਡੇ ਵਾਲਿਆਂ ਨੇ ਟੱਲੀ ਕੀਤਾ ਸਰਕਾਰੀ ਖਜ਼ਾਨਾ
ਅਸ਼ੋਕ ਵਰਮਾ
ਬਠਿੰਡਾ,21 ਮਾਰਚ 2025: ‘ਦਿਨ ਚੜ੍ਹਦੇ ਹੀ ਸ਼ਰਾਬੀ ਟੱਲੀ ਹੋ ਕੇ ਖਰੂਦ ਪਾਉਣਾ ਸ਼ੁਰੂ ਕਰ ਦਿੰਦੇ ਹਨ। ਔਰਤਾਂ ਤਾਂ ਦੂਰ ਸ਼ਰਾਬੀਆਂ ਦੀ ਗੰਦੀ ਜੁਬਾਨ ਤੋਂ ਆਮ ਆਦਮੀ ਵੀ ਪਾਸਾ ਵੱਟਦੇ ਹਨ। ਚੰਗਾ ਹੋਵੇ ਜੇ ਠੇਕਾ ਹੀ ਨਾਂ ਹੋਵੇ ਤਾਂ ਚਾਰ ਦਿਨ ਸੌਖੇ ਲੰਘ ਜਾਣੇ ਸਨ। ਇਹ ਇਬਾਰਤ ਉਨ੍ਹਾਂ ਉਲਾਂਭਿਆਂ ਦੀ ਹੈ ਜੋ ਸ਼ਰਾਬੀਆਂ ਤੋਂ ਦੁਖੀ ਹੋਕੇ ਸਮਾਜ ’ਚ ਅਕਸਰ ਕੀਤੀਆਂ ਜਾਂਦੀਆਂ ਹਨ । ਇਸ ਦਾ ਕਾਰਨ ਬਠਿੰਡਾ ਜਿਲ੍ਹੇ ’ਚ ਕਿਸੇ ਥਾਂ ਪਾਣੀ ਮਿਲੇ ਨਾਂ ਮਿਲੇ ਸ਼ਰਾਬ ਆਮੋ ਆਮ ਮਿਲਦੀ ਹੈ। ਹੁਣ ਤਾਂ ਸਰਕਾਰੀ ਲਾਲ ਪਰੀ ਦਾ ਸ਼ੌਕ ਬਠਿੰਡਵੀਆਂ ਦੇ ਸਿਰ ਚੜ੍ਹ ਕੇ ਬੋਲਣ ਲੱਗਿਆ ਹੈ। ਸਰਕਾਰ ਹਰ ਸਾਲ ਮਾਲੀਏ ’ਚ ਦਸ ਦੀਸਦੀ ਵਾਧਾ ਕਰ ਰਹੀ ਹੈ ਜੋ ਪੰਜ ਸਾਲਾਂ ਦੌਰਾਨ ਦੁੱਗਣਾ ਹੋ ਗਿਆ ਹੈ।ਤੱਥ ਗਵਾਹ ਹਨ ਕਿ ਪਿਛਲੇ ਪੰਜ ਸਾਲਾਂ ਦੌਰਾਨ ਬਠਿੰਡਾ ਜਿਲ੍ਹੇ ’ਚ ਸ਼ਰਾਬ ਦੀ ਖਪਤ 214 ਫੀਸਦੀ ਦੀ ਦਰ ਨਾਲ ਵਧੀ ਹੈ।
ਇਹ ਤੱਥ ਦੇਸੀ ਸ਼ਰਾਬ ਦੇ ਹਨ ਜਦੋਂਕਿ ਵਿਦੇਸ਼ੀ ਸ਼ਰਾਬ ਦੀ ਖਪਤ ’ਚ ਚਾਰ ਸਾਲਾਂ ਦੌਰਾਨ ‘1008’ ਪ੍ਰਤੀਸ਼ਤ ਵਾਧਾ ਹੋਇਆ ਹੈ । ਏਦਾਂ ਹੀ ਅੰਗਰੇਜੀ ਸ਼ਰਾਬ ਦੀ ਖਪਤ ਵਿੱਚ 535 ਫੀਸਦੀ , ਬੀਅਰ ਦੀ ਵਿੱਕਰੀ ’ਚ 236 ਪ੍ਰਤੀਸ਼ਤ ਅਤੇ ਬੀਅਰ ਦੀ ਖਪਤ ਵਿੱਚ 144 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਸਾਲ 2020-21 ਦੌਰਾਨ ਸ਼ਰਾਬ ਦੇ ਠੇਕਿਆਂ ਦੀ ਗਿਣਤੀ 351 ਸੀ ਜੋ ਪੰਜ ਸਾਲ ਬਾਅਦ ਤੱਕ 380 ਹੋ ਗਈ। ਜਾਣਕਾਰੀ ਅਨੁਸਾਰ ਸਾਲ 2020-21 ਦੌਰਾਨ ਬਠਿੰਡਾ ਜਿਲ੍ਹੇ ’ਚ ਸ਼ਰਾਬ ਦੀਆਂ 1 ਕਰੋੜ 36 ਲੱਖ 28 ਹਜ਼ਾਰ 288 ਬੋਤਲਾਂ ਦੀ ਖਪਤ ਹੋਈ ਸੀ ਜੋ ਸਾਲ 2024-25 ਤੱਕ ਵਧਕੇ 2 ਕਰੋੜ 91 ਲੱਖ 68 ਹਜ਼ਾਰ 734 ਬੋਤਲਾਂ ਹੋ ਗਈ। ਹੈਰਾਨੀ ਵਾਲੀ ਗੱਲ ਹੈ ਕਿ ਐਕਸਾਈਜ਼ ਵਿਭਾਗ ਦੇ ਅੰਕੜਿਆਂ ਅਨੁਸਾਰ ਅੰਗਰੇਜੀ ਅਤੇ ਵਿਦੇਸ਼ੀ ਸ਼ਰਾਬ ਪੀਣ ਵਾਲਿਆਂ ਦੀ ਗਿਣਤੀ ਲੰਘੇ ਦੋ ਸਾਲਾਂ ਵਿੱਚ ਦੁੱਗਣੀ ਹੋ ਗਈ ਹੈ।
ਸਾਲ 2023-24 ਦੇ ਮੁਕਾਬਲੇ 2024-25 ’ਚ ਅੰਗਰੇਜ਼ੀ ਸ਼ਰਾਬ ਦੀ ਖਪਤ 198. 59 ਫੀਸਦੀ ਅਤੇ ਵਿਦੇਸ਼ੀ ਸ਼ਰਾਬ ਦੀ ਖਪਤ 186.76 ਪ੍ਰਤੀਸ਼ਤ ਵਧੀ ਹੈ। ਰੌਚਕ ਤੱਥ ਇਹ ਵੀ ਹੈ ਕਿ ਦੇਸੀ ਸ਼ਰਾਬ ਦੀ ਖਪਤ ਹਰ ਸਾਲ 20 ਫੀਸਦੀ ਵਧ ਰਹੀ ਹੈ ਜਦੋਂਕਿ ਬੀਅਰ ਦੀ ਖਪਤ ’ਚ ਹਰ ਸਾਲ 25 ਪ੍ਰਤੀਸ਼ ਤੱਕ ਵਾਧਾ ਹੋ ਰਿਹਾ ਹੈ। ਇੱਕ ਨਜ਼ਰ ਅੰਕੜਿਆਂ ਤੇ ਮਾਰੀਏ ਤਾਂ ਸਾਹਮਣੇ ਆਉਂਦਾ ਹੈ ਕਿ ਸਾਲ2021-22 ਦੌਰਾਨ ਬਠਿੰਡਾ ਜਿਲ੍ਹੇ ’ਚ 1 ਕਰੋੜ 59 ਲੱਖ 61 ਹਜ਼ਾਰ 299 ਬੋਤਲਾਂ ਦੀ ਖਪਤ ਹੋਈ ਸੀ ਜੋ ਅਗਲੇ ਮਾਲੀ ਸਾਲ 2022-23 ’ਚ ਵਧਕੇ 2 ਕਰੋੜ 24 ਲੱਖ 46 ਹਜ਼ਾਰ 137 ਬੋਤਲਾਂ ਹੋ ਗਈ। ਸਾਲ 2023-24 ਦੌਰਾਨ 2 ਕਰੋੜ 23 ਲੱਖ 5 ਹਜ਼ਾਰ 781 ਬੋਤਲਾਂ ਖਪੀਆਂ ਜੋ ਕਿ ਸਾਲ 2024-25 ਦੌਰਾਨ 2 ਕਰੋੜ 91 ਲੱਖ 68 ਹਜ਼ਾਰ 734 ਹੋ ਗਈਆਂ। ਇਹ ਗਿਣਤੀਆਂ ਮਿਣਤੀਆਂ ਦਸਦੀਆਂ ਹਨ ਕਿ ਸਰਕਾਰੀ ਲਾਲ ਪਰੀ ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਕੇ ਬੋਲਣ ਲੱਗਿਆ ਹੈ।
ਸ਼ਰਾਬਬੰਦੀ ਕਰੇ ਸਰਕਾਰ-ਕੁਸਲਾ
ਸਮਾਜਿਕ ਕਾਰਕੁੰਨ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਆਪਣੇ ਪ੍ਰੋਗਰਾਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਿਆਂ ਖਿਲਾਫ ਲੜਾਈ ਵੀ ਲੜ ਰਹੀ ਹੈ ਤੇ ਸ਼ਰਾਬ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਏਦਾਂ ਸ਼ਰਾਬ ਦੀ ਸਹੂਲਤ ਦੇਣਾ ਪੰਜਾਬ ਸਰਕਾਰ ਦੇ ਦੋਹਰੇ ਚਿਹਰੇ ਦਾ ਵਿਖਾਵਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨਸ਼ਿਆਂ ਖਿਲਾਫ ਲੜਾਈ ਤਹਿਤ ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਨ ਦੀ ਪਹਿਲਕਦਮੀ ਕਰੇ ਤਾਂ ਸਹਿਜੇ ਹੀ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਕਰਨ ਵੱਲ ਵਧਿਆ ਜਾ ਸਕਦਾ ਹੈ।
ਸ਼ਰਾਬ ਨਾਲ ਨਿਵਾਜਦੀਆਂ ਸਰਕਾਰਾਂ
ਨੌਜਵਾਨ ਵੈਲਫੇਅਰ ਸੁਸਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਸਰਕਾਰ ਦੀ ਤਰਜੀਹ ਵਧੀਆ ਸਿਹਤ ਸੇਵਾਵਾਂ ਅਤੇ ਸਿੱਖਿਆ ਹੋਣੀ ਚਾਹੀਦੀ ਹੈ ਪਰ ਦੁੱਖ ਦੀ ਗੱਲ ਹੈ ਕਿ ਲੋਕਾਂ ਨੂੰ ਸ਼ਰਾਬ ਨਾਲ ਨਿਵਾਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਔਰਤਾਂ ਤਾਂ ਹੋਰ ਵੀ ਤੰਗ ਹਨ ਜਿਨ੍ਹਾਂ ਨੂੰ ਦਾਰੂ ਪੀਕੇ ਟੱਲੀ ਹੋਕੇ ਆਉਣ ਵਾਲੇ ਪਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪੇਂਡੂ ਖੇਤਰਾਂ ’ਚ ਤਾਂ ਇਸ ਮਾਮਲੇ ਵਿੱਚ ਜਿਆਦਾ ਬੁਰਾ ਹਾਲ ਹੈ ਜਿੱਥੇ ਸ਼ਰਾਬੀਆਂ ਵੱਲੋਂ ਮੰਦਾ ਚੰਗਾ ਬੋਲਣ ਕਾਰਨ ਲੜਾਈਆਂ ਝਗੜੇ ਹੋਣ ਆਮ ਜਿਹੀ ਗੱਲ ਬਣੀ ਹੋਈ ਹੈ।
ਤਰਜ਼ੀਹ ਨਹੀਂ ਆਮ ਆਦਮੀ
ਨਾਗਰਿਕ ਚੇਤਨਾ ਮੰਚ ਦੇ ਪ੍ਰਧਾਨ ਬੱਗਾ ਸਿੰਘ ਦਾ ਕਹਿਣਾ ਸੀ ਕਿ ਅਸਲ ਵਿੱਚ ਆਮ ਆਦਮੀ ਸਰਕਾਰ ਦੀ ਤਰਜੀਹ ਨਹੀਂ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਤਾਂ ਹਰ ਨੀਤੀ ਧਨਾਢ ਪੱਖੀ ਬਣਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹੋ ਕਾਰਨ ਹੈ ਸਮਾਜਿਕ ਤੇ ਆਰਥਿਕ ਨੁਕਸਾਨ ਦੇ ਬਾਵਜੂਦ ਵੀ ਸਰਕਾਰਾਂ ਨੇ ਕਮਾਈ ਲਈ ਸ਼ਰਾਬ ਨੂੰ ਜ਼ਰੀਆ ਬਣਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਬਹੁਤੇ ਪਿੰਡਾਂ ’ਚ ਪੀਣ ਵਾਲਾ ਠੰਢਾ ਪਾਣੀ ਨਹੀਂ ਮਿਲਦਾ ਪਰ ਠੰਢੀ ਬੀਅਰ ਦਿਨ ਰਾਤ ਮਿਲਦੀ ਹੈ।